ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਨਾਲ ਜੁੜੇ ਕੰਪਲੈਕਸਾਂ ਤੋਂ 350 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਦੇ ਮੁੱਦੇ ’ਤੇ ਮੰਗਲਵਾਰ ਨੂੰ ਕਾਂਗਰਸ ’ਤੇ ਨਿਸ਼ਾਨਾ ਵਿੰਨਿ੍ਹਆ ਅਤੇ ਇਸ ਲਈ ਇਕ ਲੋਕਪ੍ਰਿਯ ਕ੍ਰਾਈਮ ਸੀਰੀਜ਼ ਦਾ ਹਵਾਲਾ ਦਿੱਤਾ। ਪ੍ਰਧਾਨ ਮੰਤਰੀ ਦੀ ਇਹ ਪ੍ਰਤੀਕਿਰਿਆ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਐਕਸ ’ਤੇ ਇਕ ਪੋਸਟ ਕੀਤੇ ਗਏ ਇਕ ਵੀਡੀਓ ਦੇ ਜਵਾਬ ’ਚ ਆਈ ਹੈ, ਜਿਸ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਸਾਹੂ ਦੀਆਂ ਤਸਵੀਰਾਂ ਅਤੇ ਝਾਰਖੰਡ ਦੇ ਸੰਸਦ ਮੈਂਬਰ ਨਾਲ ਜੁੜੇ ਕੰਪਲੈਕਸਾਂ ’ਤੇ ਆਮਦਨ ਟੈਕਸ ਦੇ ਛਾਪੇ ਦੌਰਾਨ ਬਰਾਮਦ ਨਕਦੀ ਦੇ ਢੇਰ ਦਿਖਾਈ ਦੇ ਰਹੇ ਹਨ। ਵੀਡੀਓ ’ਚ ਰਾਹੁਲ ਗਾਂਧੀ ਨੂੰ ਨੋਟਾਂ ਦੇ ਢੇਰ ’ਤੇ ਲੇਟੇ ਦਿਖਾਇਆ ਗਿਆ ਹੈ। ਭਾਜਪਾ ਨੇ ਵੀਡੀਓ ਨਾਲ ਲਿਖਿਆ ’ਕਾਂਗਰਸ ਪੇਸ਼ ਕਰਦੀ ਹੈ ਮਨੀ ਹਾਈਸਟ’ ਜਦੋਂ ਕਿ ਪਿਛੋਕੜ ’ਚ ਕ੍ਰਾਈਮ ਸੀਰੀਜ਼ ਦਾ ਲੋਕਪ੍ਰਿਯ ਟਾਈਟਲ ਗੀਤ ਵੱਜ ਰਿਹਾ ਹੈ। ’ਮਨੀ ਹਾਈਸਟ’ ਸਪੈਨਿਸ਼ ਡਰਾਮਾ ਸੀਰੀਜ਼ ਹੈ, ਜਿਸ ਦੀ ਕਹਾਣੀ ਦੇ ਕੇਂਦਰ ’ਚ ਡਕੈਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਪੋਸਟ ’ਚ ਕਿਹਾ,’’ਭਾਰਤ ’ਚ ’ਮਨੀ ਹਾਈਸਟ’ ਕਥਾ ਦੀ ਜ਼ਰੂਰਤ ਕਿਸ ਨੂੰ ਹੈ, ਜਦੋਂ ਤੁਹਾਡੇ ਕੋਲ ਕਾਂਗਰਸ ਪਾਰਟੀ ਹੈ। ਕਾਂਗਰਸ ਦੀਆਂ ਡਕੈਤੀਆਂ 70 ਸਾਲਾਂ ਤੋਂ ਪ੍ਰਸਿੱਧ ਹਨ ਅਤੇ ਅਜੇ ਵੀ ਜਾਰੀ ਹੈ।’’ ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਸੀ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਸਾਹੂ ਦੇ ਪਰਿਵਾਰ ਦੀ ਮਾਲਕੀ ਵਾਲੀ ਓਡੀਸ਼ਾ ਸਥਿਤ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ’ਚ 351 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ ਅਤੇ ਇਹ ਦੇਸ਼ ’ਚ ਕਿਸੇ ਵੀ ਜਾਂਚ ਏਜੰਸੀ ਵਲੋਂ ਇਕ ਕਾਰਵਾਈ ’ਚ ਹੁਣ ਤੱਕ ਦੀ ਸਭ ਤੋਂ ਵੱਧ ਬਰਾਮਦਗੀ ਹੈ।
