ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀਰਵਾਰ ਨੂੰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਸ਼ੁੱਕਰਵਾਰ ਨੂੰ ਮੋਹਾਲੀ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀ ਮੰਗ ਖਾਰਜ ਹੋਣ ਤੋਂ ਬਾਅਦ ਸੋਮਵਾਰ ਨੂੰ ਮਜੀਠੀਆ ਨੇ ਹਾਈ ਕੋਰਟ ਦੀ ਰਜਿਸਟਰੀ ‘ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ‘ਤੇ ਹਾਈ ਕੋਰਟ ਦੀ ਰਜਿਸਟਰੀ ਕੁਝ ਤਕਨੀਕੀ ਇਤਰਾਜ਼ ਪ੍ਰਗਟਾਏ ਸੀ, ਇਹ ਇਤਰਾਜ਼ ਦੂਰ ਹੋਣ ਤੋਂ ਬਾਅਦ ਹੁਣ ਵੀਰਵਾਰ ਨੂੰ ਇਹ ਪਟੀਸ਼ਨ ਸੁਣਵਾਈ ਲਈ ਲਿਸਟ ਹੋਈ ਹੈ। ਹਾਈ ਕੋਰਟ ‘ਚ ਛੁੱਟੀ ਕਾਰਨ ਇਸ ਪਟੀਸ਼ਨ ‘ਤੇ ਹਾਈ ਕੋਰਟ ਦੀ ਵਕੇਸ਼ਨ ਬੈਂਚ ਸੁਣਵਾਈ ਕਰੇਗੀ।
ਮਜੀਠੀਆ ਖਿਲਾਫ ਐਨਡੀਪੀਐਸ ਐਕਟ ਤਹਿਤ ਮੋਹਾਲੀ ‘ਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ‘ਚ ਮਜੀਠੀਆ ਨੇ ਪਹਿਲਾਂ ਮੋਹਾਲੀ ਦੀ ਜ਼ਿਲ੍ਹਾ ਅਦਾਲਤ ‘ਚ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਸੂਬੇ ਦੀ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤੇ ਦੁਸ਼ਮਣੀ ਤਹਿਤ ਉਨ੍ਹਾਂ ਖਿਲਾਫ਼ ਇਹ ਐੱਫ.ਆਈ.ਆਰ. ਕਰਵਾਈ ਗਈ ਹੈ ਤਾਂ ਜੋ ਆਗਮੀ ਵਿਧਾਨ ਸਭਾ ਚੋਣਾਂ ‘ਚ ਇਸਦਾ ਫਾਇਦਾ ਲਿਆ ਜਾ ਸਕੇ, ਜਦਕਿ ਸਾਰੇ ਦੋਸ਼ ਬੇਬੁਨਿਆਦ ਹਨ।