ਇੰਫਾਲ – ਮਨੀਪੁਰ ਵਿੱਚ ਜਰੀਬਾਮ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਤਵਾਦੀਆਂ ਵਲੋਂ ਹਮਲਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਸ਼ਨੀਵਾਰ ਨੂੰ ਫਿਰ ਹਿੰਸਾ ਭੜਕ ਗਈ। ਇਸ ਹਮਲੇ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਸਵੇਰੇ 5 ਵਜੇ ਦੇ ਕਰੀਬ ਬੋਰੋਬੇਕਰਾ ਪੁਲਿਸ ਸਟੇਸ਼ਨ ਦੇ ਅਧੀਨ ਇੱਕ ਪਿੰਡ ਨੂੰ ਆਧੁਨਿਕ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਇਸ ਹਮਲੇ ਦੌਰਾਨ ਬੰਬ ਧਮਾਕੇ ਵੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਅਤੇ ਪੁਲਿਸ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਵਾਧੂ ਸੁਰੱਖਿਆ ਬਲ ਭੇਜੇ ਜਾ ਰਹੇ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਿੰਸਾ ਦੁਬਾਰਾ ਸ਼ੁਰੂ ਹੋਣ ’ਤੇ ਸੁਰੱਖਿਆ ਬਲ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ। ਬੋਰੋਬੇਕਰਾ, ਜਿਰੀਬਾਮ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੂਰ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਅਤੇ ਪਹਾੜੀ ਖੇਤਰ ਹੈ। ਪਿਛਲੇ ਸਾਲ ਮਈ ’ਚ ਸੂਬੇ ’ਚ ਜਾਤੀ ਹਿੰਸਾ ਭੜਕਣ ਤੋਂ ਬਾਅਦ ਇਲਾਕੇ ’ਚ ਅਜਿਹੇ ਕਈ ਹਮਲੇ ਹੋ ਚੁੱਕੇ ਹਨ।