ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੇਂਦਰ ’ਤੇ ਡੀ.ਵੀ.ਸੀ. ਬੰਨ੍ਹਾਂ ਦੀ ਸਫਾਈ ਕਰਨ ’ਚ ਫੇਲ੍ਹ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਕਾਰਨ ਪਾਣੀ ਛੱਡੇ ਜਾਣ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਹੜ੍ਹ ਆ ਗਿਆ।
ਬੈਨਰਜੀ ਨੇ ਦਾਮੋਦਰ ਘਾਟੀ ਨਿਗਮ (ਡੀ.ਵੀ.ਸੀ.) ਨੂੰ ਇਸ ਹੜ੍ਹ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਗਾਇਆ ਕਿ ਸੂਬੇ ’ਚ ਅਜਿਹੀ ਸਥਿਤੀ ਪੈਦਾ ਕਰਨ ਲਈ ਕੋਈ ਸਾਜ਼ਿਸ਼ ਕੀਤੀ ਗਈ ਹੈ। ਡੀ.ਵੀ.ਸੀ. ਬੰਨ੍ਹ ਮੈਥਨ ਅਤੇ ਪੰਚੇਤ ’ਚ ਸਥਿਤ ਹਨ। ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਪਾਸ਼ਕੁੜਾ ’ਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਨਿਗਮ ਦੇ ਨਾਲ ਸਾਰੇ ਸੰਬੰਧ ਤੋੜ ਦੇਵੇਗੀ।
ਉਨ੍ਹਾਂ ਕਿਹਾ ਕਿ ਇਹ ਬਾਰਿਸ਼ ਦਾ ਪਾਣੀ ਨਹੀਂ ਹੈ, ਇਹ ਕੇਂਦਰ ਸਰਕਾਰ ਦੀ ਸੰਸਥਾ ਡੀ.ਵੀ.ਸੀ. ਦੁਆਰਾ ਆਪਣੇ ਬੰਨ੍ਹਾਂ ਤੋਂ ਛੱਡਿਆ ਗਿਆ ਪਾਣੀ ਹੈ। ਇਹ ਮਨੁੱਖਾਂ ਦੁਆਰਾ ਲਿਆਂਦਾ ਗਿਆ ਹੜ੍ਹ ਹੈ ਅਤੇ ਇਹ ਦੁਰਭਾਗਪੂਰਨ ਹੈ। ਕੇਂਦਰ ਸਰਕਾਰ ਡੀ.ਵੀ.ਸੀ. ਦੇ ਬੰਨ੍ਹਾਂ ਦੀ ਸਫਾਈ ਕਿਉਂ ਨਹੀਂ ਕਰ ਰਹੀ, ਜਿਥੇ ਪਾਣੀ ਸਟੋਰ ਕਰਨ ਦੀ ਸਮਰੱਥਾ 36 ਫੀਸਦੀ ਘੱਟ ਹੋ ਗਈ ਹੈ। ਇਸ ਵਿਚ ਇਕ ਵੱਡੀ ਸਾਜ਼ਿਸ਼ ਕੀਤੀ ਗਈ ਹੈ। ਅਸੀਂ ਇਸ ਦੇ ਖਿਲਾਫ ਇਕ ਵੱਡਾ ਅੰਦੋਲਨ ਸ਼ੁਰੂ ਕਰਾਂਗੇ।
ਬੈਨਰਜੀ ਨੇ ਦਾਅਵਾ ਕੀਤਾ ਕਿ ਡੀ.ਵੀ.ਸੀ. ਨੇ ਇਸ ਸਾਲ 5.5 ਲੱਖ ਕਿਊਸਿਕ ਪਾਣੀ ਛੱਡਿਆ ਹੈ, ਜਿਸ ਨਾਲ ਮੌਜੂਦਾ ਸੰਕਟ ਹੋਰ ਵਧ ਗਿਆ ਹੈ। ਉਨ੍ਹਾਂ ਕਿਹਾ, ‘ਮੈਂ ਇਹ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦੇਵਾਂਗੀ ਕਿ ਹਰ ਕਿਸੇ ਨੂੰ ਲੋੜੀਂਦੀ ਰਾਹਤ ਸਮੱਗਰੀ ਮਿਲੇ।’
ਇਸ ਦੌਰਾਨ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਵੀਰਵਾਰ ਨੂੰ ਹੜ੍ਹ ਪ੍ਰਭਾਵਿਤ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਵਿੱਚ ਰਾਹਤ ਸਮੱਗਰੀ ਵੰਡੀ। ਮਜੂਮਦਾਰ ਨੇ ਦੋਸ਼ ਲਾਇਆ ਕਿ ਤਿੰਨ ਦਿਨ ਪਹਿਲਾਂ ਭਾਰੀ ਮੀਂਹ ਕਾਰਨ ਇਲਾਕੇ ਵਿੱਚ ਆਏ ਹੜ੍ਹ ਤੋਂ ਬਾਅਦ ਸੂਬਾ ਪ੍ਰਸ਼ਾਸਨ ਫਸੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, “ਸਥਾਨਕ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੋਈ ਰਾਹਤ ਸਮੱਗਰੀ ਨਹੀਂ ਭੇਜੀ ਗਈ।”