ਸੰਗਰੂਰ – ਸਿਵਲ ਸਰਜਨ ਸੰਗਰੂਰ ਡਾ. ਸੰਜੇ ਕਾਮਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਦੀ ਅਗਵਾਈ ਹੇਠ ਜਿਲ੍ਹੇ ਦੀਆਂ ਸਮੂਹ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਦੀ ਰੁਟੀਨ ਟੀਕਾਕਰਨ, ਕੋਲਡ ਚੇਨ ਪ੍ਰਬੰਧਨ, ਏ.ਈ.ਐਫ.ਆਈ ਅਤੇ ਯੂ-ਵਿਨ ਸਬੰਧੀ ਟ੍ਰੇਨਿੰਗ ਕਰਵਾਈ ਗਈ।
ਸਿਵਲ ਸਰਜਨ ਡਾ. ਸੰਜੇ ਕਾਮਰਾ ਨੇ ਕਿਹਾ ਕਿ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਨਿਯਮਤ ਅਤੇ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ ਅਤੇ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਹਰ ਲਾਭ ਪਾਤਰੀ ਦੀ ਯੂ-ਵਿਨ ਪੋਰਟਲ ‘ਤੇ ਐਂਟਰੀ ਯਕੀਨੀ ਬਣਾਈ ਜਾਵੇ। ਹਰ ਵੱਧ ਜੋਖਮ ਵਾਲੀ ਗਰਭਵਤੀ ਅਤੇ ਅਧੂਰੇ ਟੀਕਾਕਰਨ ਵਾਲੇ ਬੱਚਿਆਂ ਦੀ ਡਿਊ ਲਿਸਟ ਹਰ ਸਬ ਸੈਂਟਰ ਅਤੇ ਤਿਆਰ ਰੱਖੀ ਜਾਵੇ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਹੈੱਡ ਕਾਉਂਟ ਸਰਵੇ ਘਰ-ਘਰ ਜਾ ਕੇ ਸਾਲ ਵਿੱਚ ਦੋ ਵਾਰ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਸੰਪੂਰਨ ਟੀਕਾਕਰਨ ਤੋਂ ਵਾਝਾਂ ਨਾ ਰਹੇ। 0-5 ਸਾਲ ਤੱਕ ਦੇ ਬੱਚੇ ਕਿਸੇ ਕਾਰਨ ਵੱਸ ਟੀਕਾਕਰਨ ਤੋਂ ਵਾਝੇਂ ਜਾਂ ਅਧੂਰੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਸੂਚੀਬੱਧ ਕਰਕੇ ਸੰਪੂਰਨ ਟੀਕਾਕਰਨ ਕੀਤਾ ਜਾਵੇ।
ਸਰਵੇਲੈਂਸ ਮੈਡੀਕਲ ਅਫ਼ਸਰ (ਵਿਸ਼ਵ ਸਿਹਤ ਸੰਗਠਨ) ਡਾ. ਨਿਵੇਦਿਤਾ ਨੇ ਦੱਸਿਆ ਕਿ ਰੁਟੀਨ ਟੀਕਾਕਰਨ ਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵੈਕਸੀਨੇਸ਼ਨ ਕੈਂਪਾਂ ਸਮੇਂ ਟੀਕਾਕਰਨ ਤੋਂ ਬਾਅਦ ਕਿਸੇ ਕਿਸਮ ਦਾ ਪ੍ਰਤੀਕੂਲ ਪ੍ਰਭਾਵ ਸਾਹਮਣੇ ਆਉਂਦਾ ਹੈ ਜੋ ਕਿ ਮਾਮੂਲੀ ਪ੍ਰਭਾਵ ਹੀ ਹੁੰਦੇ ਹਨ। ਇਨ੍ਹਾਂ ਨਾਲ ਨਜਿੱਠਣ ਲਈ ਵੀ ਜਾਣੂ ਕਰਵਾਇਆ ਗਿਆ। ਟ੍ਰੇਨਿੰਗ ਦੌਰਾਨ ਵੈਕਸੀਨ ਦੀ ਸਾਂਭ-ਸੰਭਾਲ ਬਾਰੇ ਵੀ ਵਿਸਤਾਰ ਸਹਿਤ ਦੱਸਿਆ ਗਿਆ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੰਜੇ ਮਾਥੁਰ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਨੋਦ ਕੁਮਾਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਰਨੈਲ ਸਿੰਘ, ਬਲਾਕ ਐਜ਼ੂਕੇਟਰ ਹਰਦੀਪ ਜਿੰਦਲ, ਗੁਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਸਮੂਹ ਮ.ਪ.ਹ.ਵ (ਫੀਮੇਲ) ਹਾਜ਼ਰ ਸਨ।