ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਵਿਚਾਰੇ ਗਏ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਰਨਲ ਸਕੱਤਰ ਸਾਹਿਬ ਸਿੰਘ ਬਡਬਰ ਨੇ ਦੱਸਿਆ ਕਿ ਜਥੇਬੰਦੀ ਦੇ 22-23 ਫਰਬਰੀ 2025 ਨੂੰ ਮਸਤੂਆਣਾ ਸਾਹਿਬ ਵਿਖੇ ਹੋ ਰਹੇ ਦੋ ਰੋਜ਼ਾ ਸੂਬਾਈ ਜਥੇਬੰਦਕ ਇਜਲਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਬਰਨਾਲਾ ਜ਼ਿਲ੍ਹੇ ਦੀ ਮੈਂਬਰਸ਼ਿਪ ਅਨੁਸਾਰ ਭਾਗ ਲੈਣ ਵਾਲੇ ਡੈਲੀ ਗੇਟਾਂ ਦੀ ਨਿਸ਼ਾਨਦੇਹੀ ਕੀਤੀ ਗਈ। 30 ਦੇ ਕਰੀਬ ਡੈਲੀਗੇਟ ਸੂਬਾ ਕਾਰਜਕਾਰੀ ਕਮੇਟੀ ਵੱਲੋਂ ਪੇਸ਼ ਕੀਤੀ ਜਾਣ ਵਾਲੀ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਉੱਪਰ ਸੰਜੀਦਾ ਬਹਿਸ ਕਰਨਗੇ। ਜਥੇਬੰਦੀਆਂ ਲਈ ਸੰਘਰਸ਼ਾਂ ਦੇ ਨਾਲ-ਨਾਲ ਇਸ ਨੂੰ ਵਿਚਾਰਧਾਰਕ ਤੌਰ ‘ਤੇ ਮਜ਼ਬੂਤ ਕਰਨ ਲਈ ਉਸ ਦੇ ਬੀਤੇ ਸਮੇਂ ਵਿੱਚ ਕੀਤੇ ਸੰਘਰਸ਼ਾਂ, ਮੌਜੂਦਾ ਹਾਲਤਾਂ, ਚੁਣੌਤੀਆਂ ਅਤੇ ਦਰਪੇਸ਼ ਕਾਰਜਾਂ ਦੀ ਨਿਸ਼ਾਨਦੇਹੀ ਕਰਨਾ ਅਹਿਮ ਕਾਰਜ਼ ਹੈ। ਆਗੂਆਂ ਕਿਹਾ ਕਿ ਖੇਤੀ ਖੇਤਰ ਨੂੰ ਮੌਜੂਦਾ ਸਮੇਂ ਇੱਕ ਨਹੀਂ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਸਾਮਰਾਜੀ ਮੁਲਕਾਂ ਦੀ ਪੁੱਗਤ ਵਾਲੀ ਵਿਸ਼ਵ ਵਪਾਰ ਸੰਸਥਾ ਦੀਆਂ ਸ਼ਰਤਾਂ ਨੂੰ ਮੰਨਕੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸਾਂਝੀ ਵਿਸ਼ਾਲ ਕਿਸਾਨ ਮਜ਼ਦੂਰ ਲਹਿਰ ਵਿਕਸਤ ਕਰਨੀ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਸੂਬਾ ਜਥੇਬੰਦਕ ਇਜਲਾਸ ਵਿੱਚ ਡੈਲੀ ਗੇਟਾਂ ਦੇ ਨਾਲ-ਨਾਲ ਦਰਸ਼ਕ ਵਜੋਂ ਕਿਸਾਨ ਮਰਦ-ਔਰਤਾਂ ਦੇ ਕਾਫ਼ਲੇ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਹਰਿਮੰਡਲ ਸਿੰਘ ਜੋਧਪੁਰ, ਮੀਤ ਪ੍ਰਧਾਨ ਰਾਮ ਸਿੰਘ ਸ਼ਹਿਣਾ, ਬਲਾਕ ਪ੍ਰਧਾਨ ਬਾਬੂ ਸਿੰਘ ਖੁੰਡੀ ਕਲਾਂ, ਨਾਨਕ ਅਮਲਾ ਸਿੰਘ ਵਾਲਾ, ਗੋਪਾਲ ਕ੍ਰਿਸ਼ਨ ਹਮੀਦੀ, ਜਗਰਾਜ ਸਿੰਘ ਹਮੀਦੀ, ਸਤਨਾਮ ਪੱਤੀ ਬਰਨਾਲਾ, ਸੁਖਦੇਵ ਸਿੰਘ ਕੁਰੜ, ਕੁਲਵੰਤ ਸਿੰਘ ਹੰਢਾਇਆ, ਅਮਨਦੀਪ ਭਦੌੜ, ਅਮਨਜੀਤ ਸਿੰਘ ਰਾਏਸਰ, ਜਸਵੰਤ ਸਿੰਘ ਹੰਢਿਆਇਆ, ਕੁਲਵੰਤ ਸਿੰਘ ਹੰਢਿਆਇਆ ਆਦਿ ਆਗੂਆਂ ਨੇ ਸਮੂਹ ਪਿੰਡ ਇਕਾਈਆਂ ਨੂੰ 22-23 ਫਰਬਰੀ ਮਸਤੂਆਣਾ ਸਾਹਿਬ ਵਿਖੇ ਹੋ ਰਹੇ ਸੂਬਾ ਜਥੇਬੰਦਕ ਇਜਲਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਐੱਸਕੇਐੱਮ ਦੇ ਸੱਦੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਸ਼ੁਰੂ ਹੋਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੀ ਅਪੀਲ ਕੀਤੀ।