ਪ੍ਰਯਾਗਰਾਜ – ਮਹਾਂਕੁੰਭ ਭਗਦੜ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਅੱਜ ਪ੍ਰਯਾਗਰਾਜ ਪਹੁੰਚਣ ਤੋਂ ਬਾਅਦ ਪੁੱਛ-ਪੜਤਾਲ ਲਈ ਸੰਗਮ ਨੋਜ਼ ਸਥਿਤ ਘਟਨਾ ਸਥਾਨ ’ਤੇ ਪਹੁੰਚਿਆ। ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਹਰਸ਼ ਕੁਮਾਰ ਦੀ ਪ੍ਰਧਾਨਗੀ ਵਾਲੇ ਇਸ ਕਮਿਸ਼ਨ ਵਿੱਚ ਸਾਬਕਾ ਡੀਜੀਪੀ ਵੀਕੇ ਗੁਪਤਾ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਡੀਕੇ ਸਿੰਘ ਸ਼ਾਮਲ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨ ਦੁਪਹਿਰ ਵੇਲੇ ਸੰਗਮ ਨੋਜ਼ ’ਤੇ ਪੁੱਜਿਆ ਜਿੱਥੇ ਮੰਗਲਵਾਰ ਦੇਰ ਰਾਤ ਨੂੰ ਭਗਦੜ ਮਚ ਗਈ ਸੀ। ਕਮਿਸ਼ਨ ਦੇ ਨਾਲ ਮੌਜੂਦ ਮੇਲਾ ਅਧਿਕਾਰੀ ਵਿਜੈ ਕਿਰਨ ਆਨੰਦ, ਡੀਆਈਜੀ ਵੈਭਵ ਕ੍ਰਿਸ਼ਨ, ਐੱਸਐੱਸਪੀ ਰਾਜੇਸ਼ ਦਿਵੇਦੀ ਸਣੇ ਹੋਰ ਅਧਿਕਾਰੀਆਂ ਨੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਕਮਿਸ਼ਨ ਨੇ ਭਾਰੀ ਸੁਰੱਖਿਆ ਵਿਚਾਲੇ ਉਸ ਇਲਾਕੇ ਦਾ ਦੌਰਾ ਕੀਤਾ। ਮਹਾਂਕੁੰਭ ਹਾਦਸੇ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਨੇ ਗਠਨ ਦੇ ਅਗਲੇ ਹੀ ਦਿਨ ਤੋਂ ਕੰਮ ਸ਼ੁਰੂ ਕਰ ਦਿੱਤਾ। ਕਮਿਸ਼ਨ ਦੇ ਮੁਖੀ ਜਸਟਿਸ ਹਰਸ਼ ਕੁਮਾਰ ਨੇ ਕਿਹਾ ਕਿ ਸਖ਼ਤ ਸੁਰੱਖਿਆ ਹੇਠ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਮਿਸ਼ਨ ਦੇ ਮੈਂਬਰ ਸ਼ਹਿਰ ਦੇ ਸਵਰੂਪ ਰਾਣੀ ਨਹਿਰੂ ਹਸਪਤਾਲ ਪੁੱਜੇ, ਜਿੱਥੇ ਕਿ ਭਗਦੜ ਵਿੱਚ ਜ਼ਖ਼ਮੀ ਹੋਏ ਵਿਅਕਤੀ ਦਾਖ਼ਲ ਹਨ। ਕਮਿਸ਼ਨ ਦੇ ਮੈਂਬਰਾਂ ਨੇ ਕੁਝ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕਰ ਕੇ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਪਰੰਤ ਸ਼ਾਮ 5 ਵਜੇ ਕਮਿਸ਼ਨ ਦੇ ਮੈਂਬਰ ਲਖਨਊ ਲਈ ਰਵਾਨਾ ਹੋਣ ਤੋਂ ਪਹਿਲਾਂ ਸਰਕਟ ਹਾਊਸ ਪਰਤ ਆਏ। ਪੈਨਲ ਦੇ ਮੁਖੀ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ, ‘‘ਮੈਂ ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਸਿਰਫ਼ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ ਹੈ।’’ ਉਨ੍ਹਾਂ ਕਿਹਾ, ‘‘ਜਾਂਚ ਪੂਰੀ ਕਰਨ ਲਈ ਸਾਡੇ ਕੋਲ ਇਕ ਮਹੀਨਾ ਹੈ ਪਰ ਅਸੀਂ ਇਸ ਨੂੰ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਕਰਾਂਗੇ।’