ਨਵੀਂ ਦਿੱਲੀ – ਮੰਗਲਵਾਰ ਰਾਤ ਨੂੰ ਪ੍ਰਯਾਗਰਾਜ ਦੇ ਸੰਗਮ ਇਲਾਕੇ ਵਿਚ ਭਗਦੜ ਮਚ ਗਈ। ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਹੋ ਗਏ। ਭਾਵੇਂ ਮਹਾਕੁੰਭ ’ਚ ਸਥਿਤੀ ਕਾਬੂ ਵਿਚ ਹੈ ਪਰ ਵਿਰੋਧੀ ਧਿਰ ਯੋਗੀ ਸਰਕਾਰ ਦੀਆਂ ਤਿਆਰੀਆਂ ‘ਤੇ ਲਗਾਤਾਰ ਸਵਾਲ ਉਠਾ ਰਹੀ ਹੈ। ਕਈ ਕਾਂਗਰਸੀ ਆਗੂਆਂ ਨੇ ਇਸ ਘਟਨਾ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘ਪ੍ਰਯਾਗਰਾਜ ਤੋਂ ਆਈ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ। ਮਾੜਾ ਪ੍ਰਬੰਧਨ ਤੇ ਆਮ ਸ਼ਰਧਾਲੂਆਂ ਨਾਲੋਂ ਵੀਆਈਪੀ ਆਵਾਜਾਈ ਨੂੰ ਤਰਜੀਹ ਦੇਣਾ ਇਸ ਦੁਖਦਾਈ ਘਟਨਾ ਲਈ ਜ਼ਿੰਮੇਵਾਰ ਹੈ।’ ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੁਬਾਰਾ ਵਾਪਰ ਸਕਦੀ ਹੈ, ਇਸ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਰਾਹੁਲ ਗਾਂਧੀ ਨੇ ਅੱਗੇ ਕਿਹਾ, ‘ਵੀਆਈਪੀ ਕਲਚਰ ਨੂੰ ਰੋਕਿਆ ਜਾਣਾ ਚਾਹੀਦਾ ਹੈ ਤੇ ਸ਼ਰਧਾਲੂਆਂ ਲਈ ਬਿਹਤਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।’
ਇਸ ਦੌਰਾਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘ਅੱਧੀਆਂ-ਅਧੂਰੀਆਂ ਤਿਆਰੀਆਂ, ਵੀਆਈਪੀ ਮੂਵਮੈਂਟ ਤੇ ਪ੍ਰਬੰਧਨ ਦੀ ਬਜਾਏ ਸਵੈ-ਪ੍ਰਚਾਰ ‘ਤੇ ਧਿਆਨ ਕੇਂਦਰਿਤ ਕਰਨ ਕਾਰਨ ਅਜਿਹੀ ਘਟਨਾ ਵਾਪਰੀ। ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਅਜਿਹੀਆਂ ਤਿਆਰੀਆਂ ਨਿੰਦਣਯੋਗ ਹਨ।’ਉਨ੍ਹਾਂ ਕਿਹਾ ਕਿ ਤੀਰਥ ਯਾਤਰੀਆਂ ਲਈ ਰਿਹਾਇਸ਼ ਅਤੇ ਮੁੱਢਲੀ ਸਹਾਇਤਾ ਸਹੂਲਤਾਂ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਵੀਆਈਪੀਜ਼ ਦੀ ਆਵਾਜਾਈ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਸਾਡੇ ਸੰਤ ਵੀ ਇਹੀ ਚਾਹੁੰਦੇ ਹਨ।
ਭਾਜੜ ‘ਤੇ ਚਿੰਤਾ ਪ੍ਰਗਟ ਕਰਦਿਆਂ ਹੋਏ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, “ਅੱਜ ਦੀ ਘਟਨਾ ਤੋਂ ਬਾਅਦ ਸ਼ਰਧਾਲੂਆਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਮਹਾਕੁੰਭ ਦੇ ਪ੍ਰਬੰਧ ਫੌਜ ਨੂੰ ਸੌਂਪੇ ਜਾਣੇ ਚਾਹੀਦੇ ਹਨ।’ ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਵਿਵਸਥਾ ਦੇ ਦਾਅਵਿਆਂ ਪਿਛਲੀ ਸੱਚਾਈ ਸਾਹਮਣੇ ਆ ਗਈ ਹੈ। ਇਸ ਲਈ ਜਿਹੜੇ ਲੋਕ ਅਜਿਹੇ ਦਾਅਵੇ ਕਰ ਰਹੇ ਸਨ, ਉਨ੍ਹਾਂ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਮਹਾਕੁੰਭ ਦੇ ਦੂਜੇ ਅੰਮ੍ਰਿਤ ਇਸ਼ਨਾਨ ਦੌਰਾਨ ਮੌਨੀ ਮੱਸਿਆ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਪ੍ਰਯਾਗਰਾਜ ਦੇ ਸੰਗਮ ਖੇਤਰ ਵਿਚ ਭਗਦੜ ਮਚ ਗਈ। ਪ੍ਰਯਾਗਰਾਜ ਵਿੱਚ ਮਹਾਕੁੰਭ ਦੌਰਾਨ ਹੋਏ ਹਾਦਸੇ ਵਿੱਚ ਪ੍ਰਸ਼ਾਸਨ ਨੇ 30 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੰਗਲਵਾਰ ਰਾਤ ਮੌਨੀ ਅਮਾਵਸਿਆ ਦੇ ਅੰਮ੍ਰਿਤ ਇਸ਼ਨਾਨ ਲਈ ਪਹੁੰਚੇ ਸ਼ਰਧਾਲੂਆਂ ਦੀ ਭੀੜ ‘ਚ ਭਗਦੜ ਮੱਚ ਗਈ। ਇਹ ਹਾਦਸਾ ਸੰਗਮ ਤੱਟ ਨੇੜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਰ ਸ਼ਾਮ ਤੱਕ ਜਾਣਕਾਰੀ ਦਿੰਦੇ ਹੋਏ ਮਹਾਕੁੰਭ ਨਗਰ ਦੇ ਡੀਆਈਜੀ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਭਗਦੜ ਵਿੱਚ 90 ਲੋਕ ਜ਼ਖਮੀ ਹੋਏ ਹਨ। ਭੀੜ ਇੰਨੀ ਵੱਧ ਗਈ ਕਿ ਲੋਕ ਬੈਰੀਕੇਡ ਤੋੜ ਕੇ ਸੁੱਤੇ ਪਏ ਸ਼ਰਧਾਲੂਆਂ ‘ਤੇ ਚੜ੍ਹ ਗਏ। ਇਸ ਘਟਨਾ ਤੇ ਵਧਦੀ ਭੀੜ ਤੋਂ ਬਾਅਦ ਪ੍ਰਸ਼ਾਸਨ ਨੇ ਅਖਾੜਿਆਂ ਨੂੰ ਆਪਣੇ ਇਸ਼ਨਾਨ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰਨ ਦੀ ਬੇਨਤੀ ਕੀਤੀ।