India

ਮਹਿੰਗਾਈ ਦਰ 4 ਫ਼ੀਸਦ ’ਤੇ ਰੱਖਣ ਦੇ ਟੀਚੇ ਨੂੰ ਹਾਸਲ ਕਰਨ ਵੱਲ ਵਧ ਰਹੇ ਹਾਂ: ਵਿੱਤ ਮੰਤਰੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਮਹਿੰਗਾਈ ’ਤੇ ਨੱਥ ਪਾਉਣ ਲਈ ਕਦਮ ਚੁੱਕਣਾ ਜਾਰੀ ਰੱਖੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ’ਤੇ ਮਹਿੰਗਾਈ ਦਾ ਬੋਝ ਨਾ ਪਵੇ। ਕੇਂਦਰੀ ਬਜਟ ’ਤੇ ਚਰਚਾ ਦਾ ਰਾਜ ਸਭਾ ’ਚ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਪਰਚੂਨ ਮਹਿੰਗਾਈ ’ਤੇ ਆਧਾਰਿਤ ਖਪਤਕਾਰ ਕੀਮਤ ਸੂਚਕ ਅੰਕ ਜਨਵਰੀ ’ਚ ਘੱਟ ਕੇ 4.31 ਫ਼ੀਸਦ ਰਹਿ ਗਿਆ ਹੈ ਅਤੇ ਅਸੀਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਮਹਿੰਗਾਈ ਦਰ 4 ਫ਼ੀਸਦ ’ਤੇ ਰੱਖਣ ਦੇ ਟੀਚੇ ਨੂੰ ਹਾਸਲ ਕਰਨ ਵੱਲ ਵਧ ਰਹੇ ਹਾਂ। ਮੰਤਰੀ ਦੇ ਭਾਸ਼ਣ ਦੌਰਾਨ ਕਈ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਦਨ ’ਚੋਂ ਵਾਕਆਊਟ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਬਜਟ ’ਚ ਤਿਲੰਗਾਨਾ, ਪੱਛਮੀ ਬੰਗਾਲ, ਤਾਮਿਲ ਨਾਡੂ ਅਤੇ ਕੇਰਲਾ ਨਾਲ ਵਿਤਕਰਾ ਕੀਤਾ ਹੈ। ਸੀਤਾਰਮਨ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਿਸੇ ਵੀ ਸੂਬੇ ਨਾਲ ਕਦੇ ਵੀ ਕੋਈ ਵਿਤਕਰਾ ਨਹੀਂ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਵਿੱਤੀ ਵਰ੍ਹੇ ਲਈ ਪੂੰਜੀਗਤ ਖ਼ਰਚੇ ’ਚ ਕੋਈ ਕਮੀ ਨਹੀਂ ਆਵੇਗੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਗੰਭੀਰ ਬਾਹਰੀ ਚੁਣੌਤੀਆਂ ਵਿਚਕਾਰ ਇਸ ਵਾਰ ਦਾ ਬਜਟ ਤਿਆਰ ਕੀਤਾ ਗਿਆ ਹੈ ਅਤੇ ਬੇਯਕੀਨੀ ਦੇ ਮਾਹੌਲ ’ਚ ਅਰਥਚਾਰੇ ਨੂੰ ਹੱਲਾਸ਼ੇਰੀ ਦੇਣ ਦਾ ਯਤਨ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੁਪਏ ਦੇ ਉਤਰਾਅ-ਚੜ੍ਹਾਅ ’ਤੇ ਆਰਬੀਆਈ ਨਜ਼ਰ ਰੱਖ ਰਿਹਾ ਹੈ। ਸੀਤਾਰਮਨ ਨੇ ਕਿਹਾ ਕਿ ਆਲਮੀ ਅਰਥਚਾਰੇ ’ਚ ਬੇਯਕੀਨੀ ਦੇ ਮਾਹੌਲ ਦਰਮਿਆਨ ਸਿਰਫ਼ ਰੁਪੱਈਆ ਹੀ ਨਹੀਂ ਸਗੋਂ ਹੋਰ ਏਸ਼ਿਆਈ ਕਰੰਸੀਆਂ ਵੀ ਅਮਰੀਕੀ ਡਾਲਰ ਦੇ ਮੁਕਾਬਲੇ ’ਚ ਡਿੱਗੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਆਰਬੀਆਈ ਰੁਪਏ ਦੀ ਸਥਿਰਤਾ ਲਈ ਕਈ ਕਦਮ ਚੁੱਕ ਰਿਹਾ ਹੈ। ਉਨ੍ਹਾਂ ਖੇਤੀ ਪੈਦਾਵਾਰ ਲਈ ਬਜਟ ’ਚ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਵਿਰੋਧੀ ਧਿਰਾਂ ਵੱਲੋਂ ਆਮਦਨ ਕਰ ’ਚ ਰਾਹਤ ਦਾ ਲਾਭ ਸਿਰਫ਼ ਅਮੀਰਾਂ ਨੂੰ ਮਿਲਣ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਸੀਤਾਰਮਨ ਨੇ ਕਿਹਾ ਕਿ ਮੱਧ ਵਰਗ ਨੂੰ ਇਸ ਨਾਲ ਜ਼ਰੂਰ ਰਾਹਤ ਮਿਲੇਗੀ।

Related posts

ਕੀ ਦੇਸ਼ ਵਿੱਚ ਧਾਰਮਿਕ ਯੁੱਧ ਭੜਕਾਉਣ ਲਈ ਸੁਪਰੀਮ ਕੋਰਟ ਜ਼ਿੰਮੇਵਾਰ ਹੈ ?

admin

ਭਾਰਤੀ ਸੰਵਿਧਾਨ ਦੀ ਧਾਰਾ 142 ਕੀ ਹੈ ਜਿਸਨੂੰ ਉਪ-ਰਾਸ਼ਟਰਪਤੀ ਨੇ ‘ਪ੍ਰਮਾਣੂ ਮਿਜ਼ਾਈਲ’ ਕਿਹਾ ?

admin

14 ਅੱਤਵਾਦੀ ਹਮਲਿਆਂ ਦਾ ਦੋਸ਼ੀ, 5 ਲੱਖ ਰੁਪਏ ਦਾ ਇਨਾਮ: ਗੈਂਗਸਟਰ ਹੈਪੀ ਪਾਸੀਆ ਅਮਰੀਕਾ ‘ਚ ਗ੍ਰਿਫਤਾਰ

admin