ਲਖਨਊ – ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਐਤਵਾਰ ਨੂੰ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ ਹੈ। ਪਾਰਟੀ ਦੇ ਇਕ ਨੇਤਾ ਨੇ ਇਹ ਜਾਣਕਾਰੀ ਦਿੱਤੀ। ਮਾਇਆਵਤੀ ਵਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਸਿਲਸਿਲੇ ’ਚ ਬੁਲਾਈ ਗਈ ਪਾਰਟੀ ਅਹੁਦਾ ਅਧਿਕਾਰੀ ਦੀ ਬੈਠਕ ’ਚ ਸ਼ਾਮਲ ਹੋਣ ਆਏ ਬਸਪਾ ਦੀ ਸ਼ਾਹਜਹਾਂਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਉਦੇਵੀਰ ਸਿੰਘ ਨੇ ਕਿਹਾ ਕਿ ਬਸਪਾ ਮੁਖੀ ਨੇ ਬੈਠਕ ’ਚ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇੱਥੇ ਬਸਪਾ ਦਫ਼ਤਰ ’ਚ ਹੋਈ ਦੇਸ਼ ਭਰ ਦੇ ਪਾਰਟੀ ਨੇਤਾਵਾਂ ਦੀ ਬੈਠਕ ’ਚ ਮਾਇਆਵਤੀ ਨੇ ਇਹ ਐਲਾਨ ਕੀਤਾ। ਮਾਇਆਵਤੀ ਵਲੋਂ ਕੀਤੇ ਗਏ ਐਲਾਨ ਬਾਰੇ ਖ਼ਾਸ ਤੌਰ ’ਤੇ ਪੁੱਛੇ ਜਾਣ ’ਤੇ ਸਿੰਘ ਨੇ ਕਿਹਾ,’’ਉਨ੍ਹਾਂ ਨੇ (ਮਾਇਆਵਤੀ) ਕਿਹਾ ਕਿ ਉਹ (ਆਕਾਸ਼) ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ।’’ ਸਿੰਘ ਨੇ ਕਿਹਾ,’’ਆਕਾਸ਼ ਨੂੰ ਉੱਤਰ ਪ੍ਰਦੇਸ਼ ਛੱਡ ਕੇ ਪੂਰੇ ਦੇਸ਼ ’ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਲਾਂਕਿ, ਪਾਰਟੀ ਦੇ ਅਧਿਕਾਰਤ ਬਿਆਨ ’ਚ ਕਿਸੇ ਐਲਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।