India

ਮਾਈਕਰੋਸੌਫਟ ਭਾਰਤ ‘ਚ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ 3 ਬਿਲੀਅਨ ਡਾਲਰ ਨਿਵੇਸ਼ ਕਰੇਗੀ

ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। (ਫੋਟੋ: ਏ ਐਨ ਆਈ)

ਬੰਗਲੁਰੂ – ਭਾਰਤ ਵਿੱਚ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਰੱਥਾਵਾਂ ਦੇ ਵਿਸਥਾਰ ਲਈ ਮਾਈਕਰੋਸੌਫਟ ਕੰਪਨੀ ਤਿੰਨ ਬਿਲੀਅਨ ਅਮਰੀਕੀ ਡਾਲਰ ਨਿਵੇਸ਼ ਕਰੇਗੀ। ਕੰਪਨੀ ਦੇ ਸੀਈਓ ਸੱਤਿਆ ਨਾਡੇਲਾ ਨੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਕੰਪਨੀ ਵੱਲੋਂ ਸਾਲ 2030 ਤੱਕ ਭਾਰਤ ਵਿੱਚ 1 ਕਰੋੜ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਸਟਾਰਟਅਪਾਂ ਦੇ ਬਾਨੀ ਅਤੇ ਤਕਨੀਕੀ ਫਰਮਾਂ ਦੇ ਕਾਰਜਕਾਰੀ ਅਧਿਕਾਰੀ ਮੌਜੂਦ ਸਨ। ਵਿਸ਼ਵ ਵਿੱਚ ਤਕਨਾਲੋਜੀ ਖੇਤਰ ਦੇ ਦਿੱਗਜਾਂ ’ਚੋਂ ਭਾਰਤ ਦਾ ਦੌਰਾ ਕਰਨ ਵਾਲੇ ਸੱਤਿਆ ਨਾਡੇਲਾ ਪਹਿਲੇ ਵਿਅਕਤੀ ਹਨ। ਇਸ ਸਮੇਂ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਡੇ ਬਾਜ਼ਾਰ ਵਜੋਂ ਵਿਕਸਿਤ ਹੋ ਰਿਹਾ ਹੈ। ਮਾਈਕਰੋਸੌਫਟ ਆਪਣੀ ਕਲਾਊਡ ਕੰਪਿਊਟਿੰਗ ਸੇਵਾਵਾਂ ‘ਐਜ਼ਿਓਰ’ ਨਾਮੀਂ ਬਰਾਂਡ ਹੇਠ ਮੁਹੱਈਆ ਕਰਵਾਉਂਦਾ ਹੈ।

ਪਿਛਲੀ ਵਾਰ ਨਾਡੇਲਾ ਨੇ ਫਰਵਰੀ 2024 ਵਿੱਚ ਭਾਰਤ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਐਲਾਨ ਕੀਤਾ ਸੀ ਕਿ ਕੰਪਨੀ ਛੋਟੇ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਵਿੱਚ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਸਾਲ 2025 ਤੱਕ 20 ਲੱਖ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਵੇਗੀ। ਨਾਡੇਲਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਿਸ਼ਨ, ਇੰਡੀਆ ਸਟੈਕ ਅਤੇ ਮੁਲਕ ਦੇ ਉੱਦਮੀਆਂ ਦੀਆਂ ਉਮੀਦਾਂ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ‘ਐਕਸ’ ਉੱਤੇ ਇਸ ਸਬੰਧੀ ਇੱਕ ਤਸਵੀਰ ਪਾਉਂਦਿਆਂ ਲਿਖਿਆ ਸੀ, ‘ਭਾਰਤ ਨੂੰ ਏਆਈ-ਫਸਟ ਬਣਾਉਣ ’ਚ ਆਪਣੀ ਪ੍ਰਤੀਬੱਧਤਾ ’ਤੇ ਕੰਮ ਕਰਨ ਲਈ ਕਾਫ਼ੀ ਉਤਸ਼ਾਹਿਤ ਹਾਂ।’ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਮਾਈਕਰੋਸੌਫਟ ਦੇ ਵਿਸਥਾਰ ਤੇ ਨਿਵੇਸ਼ ਯੋਜਨਾਵਾਂ ਬਾਰੇ ਸੁਣ ਕੇ ਖੁਸ਼ ਹਨ। ਨਾਡੇਲਾ ਨੇ ਕਿਹਾ ਕਿ ਕੰਪਨੀ ਵੱਲੋਂ ਭਾਰਤ ਵਿੱਚ ਖੇਤਰੀ ਪੱਧਰ ’ਤੇ ਵਿਸਥਾਰ ਲਈ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

admin

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ

admin