Literature Articles

ਮਾਤ ਭਾਸ਼ਾ ‘ਚ ਹੋਵੇ ਮੁੱਢਲੀ ਸਿੱਖਿਆ 

ਲੇਖਕ: ਵੀਰਪਾਲ ਕੌਰ ‘ਕਮਲ’

ਮਾਤ ਭਾਸ਼ਾ ਜਾਂ ਮਾਂ ਬੋਲੀ, ਮਾਂ ਤੋਂ ਸਿੱਖੀ ਹੋਈ ਉਹ ਬੋਲੀ ਹੈ ਜਿਸ ਨੂੰ ਮਨੁੱਖ ਜਨਮ ਤੋਂ ਹੀ ਸਿੱਖਦਾ ਹੈ । ਇਸ ਕਰਕੇ ਇਸ ਨੂੰ ‘ਮਾਂ ਦੀ ਭਾਸ਼ਾ’ ਵੀ ਕਿਹਾ ਜਾਂਦਾ ਹੈ। ਬੱਚੇ ਇਹ ਭਾਸ਼ਾ ਆਪਣੇ ਮਾਂ -ਬਾਪ ਤੋਂ ਹੀ ਸਿੱਖਦੇ ਹਨ । ਇਸ ਨੂੰ ਪਹਿਲੀ ਭਾਸ਼ਾ ਵੀ ਕਿਹਾ ਜਾਂਦਾ ਹੈ ।ਬੱਚੇ ਦਾ ਮਾਂ ਬੋਲੀ ਨਾਲ ਬਚਪਨ ਤੋਂ ਹੀ ਸਬੰਧ ਬਣ ਜਾਂਦਾ ਹੈ ।ਉਸ ਤੋਂ ਬਾਅਦ ਬੱਚਾ ਜੇਕਰ ਕੋਈ ਹੋਰ ਭਾਸ਼ਾ ਸਿੱਖਦਾ ਹੈ ਤਾਂ ਉਸ ਨੂੰ ਦੂਜੀ ਭਾਸ਼ਾ ਕਿਹਾ ਜਾਂਦਾ ਹੈ  ।ਬੱਚਾ ਆਪਣੀ ਮਾਤ ਭਾਸ਼ਾ ਵਿਚ ਉੱਠਣਾ -ਬੈਠਣਾ ,  ਤੁਰਨਾ , ਖੇਡਦਾ ਤੇ ਬੋਲਣਾ ਸਿੱਖਦਾ ਹੈ  ।ਇੱਥੇ ਹੀ ਉਸ ਦੀ ਪਹਿਲੀ ਸਿੱਖਿਆ ਸ਼ੁਰੂ ਹੋ ਜਾਂਦੀ ਹੈ  ।

ਇਹ ਸਵੈ ਸਿੱਧ ਹੈ ਕਿ ਬੱਚਿਆਂ ਲਈ ਸਿੱਖਿਆ ਦਾ ਸਭ ਤੋਂ ਉੱਤਮ ਮਾਧਿਅਮ ਉਸ ਦੀ ਮਾਤ ਭਾਸ਼ਾ ਹੀ ਹੈ  ।ਮਨੋਵਿਗਿਆਨਕ ਤੌਰ ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸ ਦੇ ਦਿਮਾਗ ਵਿੱਚ  ਸਵੈਚਾਲੀ ਰੂਪ ਵਿਚ ਕੰਮ ਕਰਦੀ ਹੈ  ।ਸਮਾਜੀ ਤੌਰ ਤੇ ਜਿਸ ਜਨ- ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ  ,ਉਸ ਨਾਲ ਇਕ ਮਿਕ ਹੋਣ ਦਾ ਸਾਧਨ ਹੈ  ।ਸਿੱਖਿਆਵੀ ਤੌਰ ਤੇ ਉਹ ਮਾਤ ਭਾਸ਼ਾ ਰਾਹੀਂ ਇਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ । (ਯੂਨੈਸਕੋ-1953-11)

ਨੇਮ ਚੌਮਸਕੀ  ਅਤੇ ਹੋਰ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਤ ਭਾਸ਼ਾ ਲਗਪਗ  ਬਾਰਾਂ ਸਾਲਾਂ ਦੀ ਉਮਰ ਤਕ ਸਿੱਖੀ ਜਾ ਸਕਦੀ ਹੈ  ।ਇੱਕ ਵਾਰ ਜਦੋਂ ਇਹ ਆਬਦੀ ਖ਼ਤਮ ਹੋ ਜਾਂਦੀ ਹੈ ਤਾਂ ਵਿਅਕਤੀ ਦੁਆਰਾ ਸਿੱਖੀ ਹਰੇਕ ਭਾਸ਼ਾ ਦੂਜੀ ਭਾਸ਼ਾ ਬਣ ਜਾਂਦੀ ਹੈ  ।ਇਹ ਗੱਲ ਵੱਖ ਹੈ ਕਿ ਵਿਅਕਤੀ ਵਿਸ਼ੇਸ਼ ਦੀਆਂ ਭਾਸ਼ਾਈ ਯੋਗਤਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ  ।

ਬੱਚੇ ਮੁੱਢਲੀ ਸਿੱਖਿਆ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਉਹ ਮਾਂ ਦੀ ਭਾਸ਼ਾ ਤੋਂ ਸ਼ਬਦ ਬੋਲਣੇ ਸਿੱਖਦਾ ਹੈ  ।  ਸਕੂਲ ਜਾਣ ਦੀ ਉਮਰ  ਤੱਕ ਜਾਣੀ ਤਿੱਨ- ਚਾਰ ਸਾਲ ਦੀ ਉਮਰ ਹੋਣ ਵੇਲੇ ਤੱਕ  ਇੱਕ ਬੱਚਾ ਬਹੁਤ ਸਾਰਾ ਸ਼ਬਦ ਭੰਡਾਰ, ਗਿਆਨ ਭੰਡਾਰ ਅਤੇ  ਚਿੰਨ੍ਹਾਂ  ਨੂੰ  ਆਪਣੇ ਜ਼ਿਹਨ ਵਿੱਚ  ਗ੍ਰਹਿਣ ਕਰ ਚੁੱਕਿਆ ਹੁੰਦਾ ਹੈ  । ਉਸ ਨੇ ਸ਼ਬਦਾਵਲੀ ਅਤੇ ਬਿੰਬ ਉਕਰਨੇ  ਸਿੱਖ ਲਏ ਹੁੰਦੇ ਹਨ  ।ਇਨ੍ਹਾਂ  ਹਾਲਤਾਂ ਵਿੱਚ ਜੇਕਰ ਬੱਚੇ ਨੂੰ ਦੂਜੀ ਭਾਸ਼ਾ ਵਿੱਚ  ਸਿੱਖਿਆ ਦਿੱਤੀ ਜਾਂਦੀ ਹੈ ਤਾਂ ਸਮਝ ਲਿਆ ਜਾਵੇ ਕਿ ਉਸ ਨੂੰ ਤਿੰਨ ਚਾਰ ਸਾਲ ਪਿਛਾਂਹ ਵੱਲ ਲੈ ਕੇ ਜਾਣਾ ਹੀ ਹੈ  ।ਅਜਿਹੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੱਚੇ ਦਾ ਤਿੰਨ ਤਿੰਨ ਚਾਰ ਸਾਲ ਦਾ ਸਮਾਂ ਬਰਬਾਦ ਹੀ ਹੋਇਆ ਹੈ  ।ਨਵੇਂ ਸਿਰੇ ਤੋਂ ਉਹੀ ਸਭ ਕੁਝ ਸਿੱਖਣਾ ਬੱਚੇ ਲਈ ਕਠਿਨ ਕਾਰਜ ਹੀ ਹੁੰਦਾ ਹੈ  ।ਦੂਜੀ ਭਾਸ਼ਾ ਵਿੱਚ ਮੁੱਢਲੀ ਪੜ੍ਹਾਈ ਕਰਨ ਵਾਸਤੇ ਉਸ ਨੂੰ ਮਾਨਸਿਕ ਬੋਝ ਝੱਲਣਾ ਪੈਂਦਾ ਹੈ  ।ਇਕ ਛੋਟੇ  ਬੱਚੇ ਨੂੰ ਉਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਜਦੋਂ ਉਸ ਦੀ ਸਕੂਲ ਦੀ ਭਾਸ਼ਾ ਹੋਰ ਅਤੇ ਘਰ ਦੀ ਭਾਸ਼ਾ ਹੋਰ ਹੁੰਦੀ ਹੈ   । ਬੱਚੇ ਦੀ  ਮੁੱਢਲੀ ਪੜ੍ਹਾਈ ਲਈ ਮਾਤ ਭਾਸ਼ਾ ਹੀ ਢੁੱਕਵੀਂ ਹੈ ।ਬੱਚੇ ਦੇ ਗਿਆਨ ਦਾ ਵਿਕਾਸ ਜਿਨ੍ਹਾਂ ਮਾਤ ਭਾਸ਼ਾ ਨਾਲ ਹੋ ਸਕਦਾ ਹੈ, ਉਨ੍ਹਾਂ ਦੂਜੀ ਭਾਸ਼ਾ ਨਾਲ ਕਦੇ ਵੀ ਨਹੀਂ ਹੋ ਸਕਦਾ  । ਜਿੱਥੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਨਾਲ ਹੀ ਬਿਹਤਰ ਤਰੀਕੇ ਨਾਲ ਕਰਵਾਈ ਜਾ ਸਕਦੀ ਹੈ, ਉਥੇ ਦੂਜੀ ਭਾਸ਼ਾ ਨੂੰ ਸਿੱਖਣ  –ਸਿਖਾਉਣ ਲਈ ਵੀ ਮਾਤ ਭਾਸ਼ਾ ‘ਤੇ ਬਿਹਤਰ ਪਕੜ ਹੋਣੀ ਜ਼ਰੂਰੀ ਹੁੰਦੀ ਹੈ  ।ਦੂਜੀ ਭਾਸ਼ਾ ਵਿੱਚ ਬੱਚੇ ਦਾ ਸ਼ਬਦ -ਭੰਡਾਰ ,ਮਾਤ ਭਾਸ਼ਾ ਜਿੰਨਾ ਨਹੀਂ ਹੋ ਸਕਦਾ ।ਜਿਸ ਕਰ ਕੇ ਦੂਜੀ ਭਾਸ਼ਾ ਵਿਚ ਪ੍ਰਾਪਤ ਗਿਆਨ ਅਧੂਰਾ ਗਿਆਨ ਬਣਕੇ ਹੀ ਰਹਿ ਜਾਂਦਾ ਹੈ । ਖੇਤਰੀ  ਭਾਸ਼ਾ ਜਾਂ ਮਾਤ ਭਾਸ਼ਾ ਵਿਚ ਪੜ੍ਹਾਈ ਕਰਨ ਵਾਲੀ ਬੱਚੇ  ਦੂਜੀ ਭਾਸ਼ਾ ਅਤੇ ਮਾਤ ਭਾਸ਼ਾ ਦੀ ਕਸ਼ਮਕਸ਼ ਵਿੱਚ ਸਿੱਖਿਆ ਵਿੱਚ ਪਛੜ ਜਾਂਦੇ ਹਨ ।ਮਾਤ ਭਾਸ਼ਾ ਵਿੱਚ ਮੁਹਾਰਤ ਹਾਸਿਲ ਕਰਨ ਵਾਲੇ ਬੱਚੇ ਹੀ ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਿਲ ਕਰ ਸਕਦੇ ਹਨ   ਪੰਜਾਬ ਵਿੱਚ ਅਜਿਹੀ ਸਥਿਤੀ ਹੋ ਗਈ ਹੈ ਕਿ ਬੱਚੇ ਨਾ ਹੀ ਦੂਜੀ ਭਾਸ਼ਾ ਵਿੱਚ ਸਿੱਖਿਆ ਚੰਗੀ ਤਰ੍ਹਾਂ ਪ੍ਰਾਪਤ ਕਰ ਸਕੇ ਹਨ ਤੇ ਨਾ ਹੀ ਮਾਤ ਭਾਸ਼ਾ ਵਿੱਚ ਹੀ ਮੁਹਾਰਤ ਹਾਸਲ ਕਰ ਸਕੇ ਹਨ।   ਦੋਨਾਂ ਭਾਸ਼ਾਵਾਂ ਨੂੰ ਸਿੱਖਦਿਆਂ ਹੋਇਆ ਉਹ  ਨਾ ਹੀ ਮਾਤ ਭਾਸ਼ਾ ਨੂੰ ਨਾ ਹੀ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਲਿਖ ਬੋਲ ਸਕਦੇ ਹਨ, ਨਾ ਹੀ ਦੂਜੀ ਭਾਸ਼ਾ ਜਾਣੀ ਅੰਗਰੇਜ਼ੀ ਨੂੰ  ਚੰਗੀ ਤਰ੍ਹਾਂ ਲਿਖ ਬੋਲ ਸਕਦੇ ਹਨ  ।ਮਾਤ ਭਾਸ਼ਾ ਕੋਲ  ਵੱਧ ਤੋਂ ਵੱਧ ਸ਼ਬਦ ਭੰਡਾਰ ਹੁੰਦਾ ਹੈ ,ਜਿਨ੍ਹਾਂ ਦੂਜੀ ਭਾਸ਼ਾ ਸਿੱਖ ਕੇ ਨਹੀਂ ਹੋ ਸਕਦਾ  ।ਮਾਤ ਭਾਸ਼ਾ ਵਿੱਚ ਹੀ ਵੱਧ ਤੋਂ ਵੱਧ ਸ਼ਬਦ ਭੰਡਾਰ ਹੁੰਦਾ ਹੈ ,ਜਿਸ ਕਰਕੇ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਜੋ ਕਿ ਦੂਜੀ ਭਾਸ਼ਾ ਵਿੱਚ ਨਹੀਂ ਹੋ ਸਕਦਾ ।ਬੱਚੇ ਦਾ ਬੌਧਿਕ, ਨੈਤਿਕ ਤੇ ਗਿਆਨਾਤਮਕ ਵਿਕਾਸ ਮਾਤ ਭਾਸ਼ਾ ਵਿੱਚ ਹੀ ਹੋ ਸਕਦਾ ਹੈ । ।ਸਾਹਿਤ ਨ੍ਰਿਤ ਕਲਾ ,ਮੂਰਤੀ ਕਲਾ, ਚਿੱਤਰ ਕਲਾ ਆਦਿ ਵਿੱਚ ਵੀ ਮਾਤ ਭਾਸ਼ਾ ਨਾਲ ਹੀ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ  ।ਇਹ  ਇਹ ਗਲਤ ਧਾਰਨਾ ਹੈ ਕਿ ਅੰਗਰੇਜ਼ੀ ਵਿਚ ਪ੍ਰਾਪਤ ਗਿਆਨ ਹੀ ਵਿਅਕਤੀ ਦੇ  ਬੁੱਧੀਮਾਨ ਹੋਣ ਦਾ ਸਬੂਤ ਹੈ  । ਅੰਗਰੇਜ਼ੀ ਸਿਰਫ਼ ਇੱਕ ਭਾਸ਼ਾ ਹੈ ,ਭਾਸ਼ਾ ਹਮੇਸ਼ਾ ਸੰਚਾਰ ਦਾ ਸਾਧਨ ਹੁੰਦੀ ਹੈ ਨਾ ਕਿ  ਕਿਸੇ ਦੇ ਬੁੱਧੀਮਾਨ ਜਾਂ ਘੱਟ ਬੁੱਧੀਮਾਨ ਹੋਣ ਦਾ ਮਾਨਦੰਡ ਹੁੰਦੀ ਹੈ  । ਬੱਚਾ ਆਪਣੀਆਂ ਦਾਦੀਆਂ ਨਾਨੀਆਂ ਤੋਂ ਸੁਣੀਆਂ ਕਹਾਣੀਆਂ ਦੇ ਅਰਥ ਮਾਤ ਭਾਸ਼ਾ ਵਿਚੋਂ ਵੀ ਲੱਭ ਸਕਦਾ ਹੈ ।

ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਲਈ ਮਾਤ ਭਾਸ਼ਾ ਦਾ ਕੋਈ ਬਦਲ ਨਹੀਂ ਹੋ ਸਕਦਾ ।ਬੇਸ਼ੱਕ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਜ਼ਰੂਰੀ ਹਨ  ।ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖ ਲਈਆਂ ਜਾਣ  ,ਉਹ ਦੂਜੀਆਂ ਭਾਸ਼ਾਵਾਂ ਹਨ  ।ਦੂਜੀਆਂ ਭਾਸ਼ਾਵਾਂ ਬੱਚੇ ਨੂੰ ਜਾਣਕਾਰੀ ਤਾਂ ਦੇ ਸਕਦੀਆਂ ਹਨ ਪਰ ਮੁਹਾਰਤ ਹਾਸਲ ਨਹੀਂ ਕਰਵਾ ਸਕਦੀਆਂ  ।ਔਖੇ ਤੋਂ ਔਖੇ ਵਿਸ਼ੇ ਵੀ ਜੇਕਰ ਮਾਤ ਭਾਸ਼ਾ ਰਾਹੀਂ ਪੜ੍ਹਾਏ ਜਾਣ ਤਾਂ ਬੱਚੇ ਉਨ੍ਹਾਂ ਨੂੰ ਜਲਦੀ ਸਮਝ ਸਕਦੇ ਹਨ  ।ਦੂਜੀਆਂ ਭਾਸ਼ਾਵਾਂ ਦਾ  ਸੀਮਤ ਗਿਆਨ ਪੜ੍ਹਨ ਪੜ੍ਹਾਉਣ ਅਤੇ ਸਮਝਣ ਵਿੱਚ ਰੁਕਾਵਟ ਪੈਦਾ ਕਰਦਾ ਹੈ  ।ਜੇਕਰ ਸਮਾਜ ਅਤੇ ਸਰਕਾਰਾਂ ਨੇ ਇਸ ਗੱਲ ਵੱਲ ਗਹਿਰਾਈ ਨਾਲ ਸੋਚ ਵਿਚਾਰ ਨਾ ਕੀਤੀ ਤਾਂ ਆਉਣ ਵਾਲੇ ਕੱਲ੍ਹ ਨੂੰ ਖਤਰਨਾਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ  । ਨਿੱਕੇ ਬਾਲ ਮਲੂਕ ਜਿੰਦਾਂ ਇਸੇ ਤਰ੍ਹਾਂ ਹੀ ਮਾਨਸਿਕ ਬੋਝ ਥੱਲੇ ਦੱਬ ਕੇ ਰਹਿ ਜਾਣਗੀਆਂ ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin