ਵੈਨਕੂਵਰ – ਫ਼ੇਸਬੁੱਕ ਦਾ ਸੰਸਥਾਪਕ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ’ਚੋਂ ਇੱਕ ਮਾਰਕ ਜ਼ਕਰਬਰਗ ਹਵਾਈ ਟਾਪੂ ’ਚ 10 ਕਰੋੜ ਡਾਲਰ ਦੀ ਲਾਗਤ ਨਾਲ ਇੱਕ ਜ਼ਮੀਨਦੋਜ਼ ਬੰਕਰ ਬਣਾ ਰਿਹਾ ਹੈ ਜਿੱਥੇ ਖਾਣ-ਪੀਣ ਦੀਆਂ ਵਸਤੂਆਂ ਅਤੇ ਊਰਜਾ ਦਾ ਆਪਣਾ ਪ੍ਰਬੰਧ ਹੋਵੇਗਾ। ਵਾਇਰਡ ਦੀ ਇੱਕ ਰਿਪੋਰਟ ’ਚ ਇਹ ਦਾਅਵਾ ਪ੍ਰੌਪਰਟੀ ਰਿਕਾਰਡ ਅਤੇ ਠੇਕੇਦਾਰਾਂ ਨਾਲ ਇੰਟਰਵਿਊ ਦੇ ਆਧਾਰ ’ਤੇ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਇਸ ਪ੍ਰੌਪਰਟੀ ਦਾ ਨਾਂ ਕੁਲਾਊ ਰੈਂਚ (Koolau Ranch) ਰੱਖਿਆ ਗਿਆ ਹੈ ਅਤੇ ਇਸ ਦਾ ਕੁੱਝ ਕੰਮ ਪੂਰਾ ਹੋ ਚੁੱਕਾ ਹੈ। 1,400 ਏਕੜ ’ਚ ਬਣ ਰਹੇ ਇਸ ਕੰਪਾਊਂਡ ਨੂੰ ਬਹੁਤ ਗੁਪਤ ਰੱਖਿਆ ਗਿਆ ਹੈ, ਅਤੇ ਉੱਥੇ ਕੰਮ ਕਰਨ ਵਾਲੇ ਕਿਸੇ ਵੀ ਕਾਮੇ ਨੂੰ ਇਸ ਬਾਰੇ ਗੱਲ ਤਕ ਕਰਨ ਦੀ ਇਜਾਜ਼ਤ ਨਹੀਂ।ਰਿਪੋਰਟ ਮੁਤਾਬਿਕ ਕਈ ਵਰਕਰਾਂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਪ੍ਰੌਜੈਕਟ ਬਾਰੇ ਪੋਸਟ ਕਰਨ ਵਾਲੇ ਕਈ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ। ਇਸ ਕੰਪਾਉਂਡ ’ਚ ਦੋ ਦਰਜਨ ਇਮਾਰਤਾਂ ਅਤੇ ਦੋ ਕੇਂਦਰੀ ਹਵੇਲੀਆਂ ਬਣ ਰਹੀਆਂ ਹਨ। ਇਨ੍ਹਾਂ ਨੂੰ ਇੱਕ ਸੁਰੰਗ ਰਾਹੀਂ ਪੰਜ ਹਜ਼ਾਰ ਵਰਗ ਫ਼ੁੱਟ ਦੇ ਇੱਕ ਜ਼ਮੀਨਦੋਜ਼ ਸ਼ੈੱਲਟਰ ਨਾਲ ਜੋੜਿਆ ਜਾਵੇਗਾ। ਇਸ ’ਚ ਘੱਟੋ-ਘੱਟ 30 ਬੈੱਡਰੂਮਜ਼ ਅਤੇ 30 ਬਾਥਰੂਮਜ਼ ਹੋਣਗੇ। ਇਸ ’ਚ ਇੱਕ ਗੈੱਸਟ ਹਾਊਸ ਅਤੇ ਡਿਸਕ ਦੇ ਆਕਾਰ ਦੇ 11 ਟ੍ਰੀਹਾਊਸਿਜ਼ ਵੀ ਹੋਣਗੇ ਜੋ ਰੱਸੀ ਦੇ ਇੱਕ ਪੁਲ ਦੇ ਜ਼ਰੀਏ ਇੱਕ ਦੂਜੇ ਨਾਲ ਜੁੜੇ ਹੋਣਗੇ। ਇਸ ’ਚ ਇੱਕ ਲਿਵਿੰਗ ਸਪੇਸ ਅਤੇ ਮਕੈਨੀਕਲ ਰੂਮ ਵੀ ਹੋਵੇਗਾ। ਇਸ ’ਚ ਕੌਂਕਰੀਟ ਅਤੇ ਸਟੀਲ ਦੇ ਦਰਵਾਜ਼ੇ ਹੋਣਗੇ ਜਿਨ੍ਹਾਂ ’ਤੇ ਧਮਾਕਿਆਂ ਦਾ ਕੋਈ ਅਸਰ ਨਹੀਂ ਹੋਵੇਗਾ।ਉਸਾਰੀ ਦਸਤਾਵੇਜ਼ਾਂ ਮੁਤਾਬਿਕ ਸਾਰੀ ਜਾਇਦਾਦ ਦੇ ਦਰਵਾਜ਼ੇ ਕੀਪੈਡ ਲੌਕ ਅਤੇ ਸਾਊਂਡਪਰੂਫ਼ਿੰਗ ਨਾਲ ਲੈਸ ਹੋਣਗੇ। ਇਸ ਦੀ ਲਾਇਬ੍ਰੇਰੀ ’ਚ ਇੱਕ ਗੁਪਤ ਦਰਵਾਜ਼ਾ ਬਣੇਗਾ ਅਤੇ ਹਰ ਥਾਂ ’ਤੇ ਕੈਮਰੇ ਲਗਾਏ ਜਾਣਗੇ। ਇਹ ਘਰ ਪੂਰੀ ਤਰ੍ਹਾਂ ਸਵੈ-ਨਿਰਭਰ ਹੋਵੇਗਾ। ਭਾਵ ਬਾਹਰੋਂ ਕੁੱਝ ਲਿਆਉਣ ਦੀ ਲੋੜ ਨਹੀਂ ਪਵੇਗੀ। ਜ਼ੁਕਰਬਰਗ ਨੇ ਇਹ ਜ਼ਮੀਨ 17 ਕਰੋੜ ਡਾਲਰ ’ਚ ਖ਼ਰੀਦੀ ਸੀ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ, ਉਹ 121 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ ਸੱਤਵੇਂ ਸਥਾਨ ’ਤੇ ਹੈ। ਇਸ ਸਾਲ ਸਭ ਤੋਂ ਵੱਧ ਕਮਾਈ ਦੇ ਮਾਮਲੇ ’ਚ ਉਹ ਈਲੌਨ ਮਸਕ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਜਕਰਬਰਗ ਦੀ ਨੈੱਟਵਰਥ ਇਸ ਸਾਲ 75.1 ਅਰਬ ਡਾਲਰ ਵਧੀ ਹੈ।
