ਨਵੀਂ ਦਿੱਲੀ – ਚੀਨ ਦੇ ਪ੍ਰਭਾਵ ਹੇਠ ਭਾਰਤ ਨਾਲ ਸਬੰਧਾਂ ਨੂੰ ਵਿਗਾੜ ਰਹੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਹੁਣ ਭਾਰਤ ਨਾਲ ਰਿਸ਼ਤੇ ਸੁਧਾਰਨ ’ਤੇ ਜ਼ੋਰ ਦੇ ਰਹੇ ਹਨ। ਚੀਨ ਵੱਲੋਂ ਕਰਜ਼ੇ ਤੋਂ ਉਭਰਨ ’ਚ ਮਦਦ ਕਰਨ ’ਚ ਜ਼ਿਆਦਾ ਦਿਲਚਸਪੀ ਨਾ ਦਿਖਾਉਣ ਤੋਂ ਬਾਅਦ ਮੁਈਜ਼ੂ ਨੇ ਦੇਸ਼ ’ਚ ਭਾਰਤ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਐਤਵਾਰ ਨੂੰ ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਲਿਆ ਗਿਆ। ਇਹ ਕਦਮ ਭਾਰਤ ਨਾਲ ਸਹਿਯੋਗ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ, ਜਿਸ ਵਿੱਚ ਭਾਰਤ ਨੇ ਡਿਜੀਟਲ ਅਤੇ ਵਿੱਤੀ ਸੇਵਾਵਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਨ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਅਤੇ ਵਿਲੱਖਣ ਡਿਜੀਟਲ ਪਛਾਣ ਦੇ ਵਿਕਾਸ ਵਿੱਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਰਾਸ਼ਟਰਪਤੀ ਮੁਈਜ਼ੂ ਦੇ ਭਾਰਤ ਦੌਰੇ ਦੌਰਾਨ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਸਨ।
ਮੁਈਜ਼ੂ ਦੇ ਫੈਸਲੇ ਤੋਂ ਮਾਲਦੀਵ ਦੀ ਆਰਥਿਕਤਾ ਨੂੰ ਕਈ ਲਾਭ ਮਿਲਣ ਦੀ ਉਮੀਦ ਹੈ, ਜਿਸ ਵਿੱਚ ਵਿੱਤੀ ਸਮਾਵੇਸ਼ ਵਧਾਉਣਾ, ਵਿੱਤੀ ਲੈਣ-ਦੇਣ ਵਿੱਚ ਸੁਧਾਰ ਕਰਨਾ ਅਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਵੱਲੋਂ ਇਹ ਫੈਸਲਾ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਮੁਜਿਜ਼ੂ ਨੇ ਮਾਲਦੀਵ ਵਿੱਚ ਯੂਪੀਆਈ ਨੂੰ ਲਾਗੂ ਕਰਨ ਲਈ ਇੱਕ ਕੰਸੋਰਟੀਅਮ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਬੈਂਕਾਂ, ਦੂਰਸੰਚਾਰ ਕੰਪਨੀਆਂ, ਸਰਕਾਰੀ ਕੰਪਨੀਆਂ ਅਤੇ ਫਿਨਟੈੱਕ ਕੰਪਨੀਆਂ ਨੂੰ ਇਸ ਵਿਵਸਥਾ ਵਿਚ ਸ਼ਾਮਲ ਕੀਤਾ ਜਾਵੇਗਾ।\