ਮਾਲੇ – ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਸੋਮਵਾਰ ਨੂੰ ਕਿਹਾ ਕਿ ਟਾਪੂ ਦੇਸ਼ ਤੋਂ ਭਾਰਤੀ ਫ਼ੌਜੀਆਂ ਦਾ ਪਹਿਲਾ ਸਮੂਹ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ, ਜਦੋਂਕਿ 2 ਹਵਾਬਾਜ਼ੀ ਪਲੇਟਫਾਰਮਾਂ ਵਿਚ ਤਾਇਨਾਤ ਬਾਕੀ ਦੇ ਭਾਰਤੀ ਫ਼ੌਜੀਆਂ ਨੂੰ 10 ਮਈ ਤੱਕ ਹਟਾ ਦਿੱਤਾ ਜਾਵੇਗਾ। ਚੀਨ ਸਮਰਥਕ ਨੇਤਾ ਮੰਨੇ ਜਾਣ ਵਾਲੇ ਮੁਇਜ਼ੂ ਨੇ ਸੰਸਦ ਵਿਚ ਦਿੱਤੇ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਾਲਦੀਵ ਦੇ ਨਾਗਰਿਕਾਂ ਦਾ ਇਕ ਵੱਡਾ ਹਿੱਸਾ ਇਸ ਉਮੀਦ ਨਾਲ ਉਨ੍ਹਾਂ ਦੇ ਪ੍ਰਸ਼ਾਸਨ ਦਾ ਸਮਰਥਨ ਕਰਦਾ ਹੈ ਕਿ ਉਹ ਦੇਸ਼ ਤੋਂ ਵਿਦੇਸ਼ੀ ਫ਼ੌਜ ਦੀ ਮੌਜੂਦਗੀ ਖ਼ਤਮ ਕਰ ਦੇਣਗੇ ਅਤੇ ਸਮੁੰਦਰੀ ਖੇਤਰ ਨੂੰ ਫਿਰ ਤੋਂ ਆਪਣੇ ਕਬਜ਼ੇ ਵਿਚ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੇਸ਼ ਦੀ ਪ੍ਰਭੂਸੱਤਾ ਨਾਲ ਖਿਲਵਾੜ ਕਰਨ ਵਾਲਾ ਕੋਈ ਵੀ ਸਮਝੌਤਾ ਨਹੀਂ ਕਰੇਗਾ।
ਮੁਇਜ਼ੂ ਨੇ 17 ਨਵੰਬਰ ਨੂੰ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕਣ ਦੇ ਤੁਰੰਤ ਬਾਅਦ ਭਾਰਤ ਨੂੰ 15 ਮਾਰਚ ਤੱਕ ਆਪਣੇ ਫ਼ੌਜੀਆਂ ਨੂੰ ਉਨ੍ਹਾਂ ਦੇ ਦੇਸ਼ ਤੋਂ ਵਾਪਸ ਸੱਦਣ ਲਈ ਰਸਮੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮਾਲਦੀਵ ਦੀ ਜਨਤਾ ਨੇ ਉਨ੍ਹਾਂ ਨੂੰ ਦਿੱਲੀ ਨੂੰ ਇਹ ਬੇਨਤੀ ਕਰਨ ਲਈ ਮਜ਼ਬੂਤ ਫਤਵਾ ਦਿੱਤਾ ਹੈ। ਮੁਇਜ਼ੂ ਨੇ ਸੰਸਦ ਵਿਚ ਕਿਹਾ, ’ਹੋਰ ਦੇਸ਼ਾਂ ਨਾਲ ਕੂਟਨੀਤਕ ਗੱਲਬਾਤ ਕੀਤੀ ਜਾ ਰਹੀ ਹੈ। ਅਸੀਂ ਭਾਰਤ ਨੂੰ ਮਾਲਦੀਵ ਵਿਚ ਤਾਇਨਾਤ ਆਪਣੇ ਫ਼ੌਜੀਆਂ ਨੂੰ ਵਾਪਸ ਸੱਦਣ ਲਈ ਅਧਿਕਾਰਤ ਬੇਨਤੀ ਕੀਤੀ ਹੈ। ਇਸ ਮੁੱਦੇ ’ਤੇ ਗੱਲਬਾਤ ਕੀਤੀ ਜਾ ਰਹੀ ਹੈ। ਹਾਲੀਆ ਗੱਲਬਾਤ ਮੁਤਾਬਕ 3 ਹਵਾਬਾਜ਼ੀ ਪਲੇਟਫਾਰਮਾਂ ਵਿਚੋਂ ਇਕ ’ਤੇ ਤਾਇਨਾਤ ਫ਼ੌਜੀਆਂ ਨੂੰ 10 ਮਾਰਚ 2024 ਤੋਂ ਪਹਿਲਾਂ ਵਾਪਸ ਸੱਦਿਆ ਜਾਵੇਗਾ। ਬਾਕੀ ਦੇ 2 ਪਲੇਟਫਾਰਮਾਂ ’ਤੇ ਤਾਇਨਾਤ ਫ਼ੌਜੀਆਂ ਨੂੰ ਵੀ 10 ਮਈ 2024 ਤੱਕ ਵਾਪਸ ਸੱਦ ਲਿਆ ਜਾਵੇਗਾ।
ਦੁਵੱਲੀ ਗੱਲਬਾਤ ਦੇ ਨਵੇਂ ਦੌਰ ਤੋਂ ਬਾਅਦ, ਭਾਰਤ ਨੇ 2 ਫਰਵਰੀ ਨੂੰ ਕਿਹਾ ਸੀ ਕਿ ਟਾਪੂ ਦੇਸ਼ ਵਿੱਚ ਭਾਰਤੀ ਫ਼ੌਜੀ ਪਲੇਟਫਾਰਮਾਂ ਦਾ ਸੰਚਾਲਨ ਜਾਰੀ ਰੱਖਣ ਲਈ ਮਾਲਦੀਵ ਨਾਲ ਇੱਕ ਆਪਸੀ ਸਵੀਕਾਰਯੋਗ ਹੱਲ ਲਈ ਸਹਿਮਤੀ ਬਣੀ ਹੈ। ਵਰਤਮਾਨ ਵਿੱਚ, ਭਾਰਤੀ ਫ਼ੌਜੀ ਕਰਮਚਾਰੀ ਮੁੱਖ ਤੌਰ ’ਤੇ 2 ਹੈਲੀਕਾਪਟਰ ਅਤੇ 1 ਜਹਾਜ਼ ਦਾ ਸੰਚਾਲਨ ਕਰਨ ਲਈ ਮਾਲਦੀਵ ਵਿੱਚ ਹਨ। ਇਨ੍ਹਾਂ ਰਾਹੀਂ ਸੈਂਕੜੇ ਮੈਡੀਕਲ ਬਚਾਅ ਅਤੇ ਮਾਨਵਤਾਵਾਦੀ ਸਹਾਇਤਾ ਮਿਸ਼ਨ ਪੂਰੇ ਕੀਤੇ ਜਾ ਚੁੱਕੇ ਹਨ। ਭਾਰਤੀ ਪਲੇਟਫਾਰਮ ਪਿਛਲੇ ਕੁਝ ਸਾਲਾਂ ਤੋਂ ਮਾਲਦੀਵ ਦੇ ਲੋਕਾਂ ਨੂੰ ਮਾਨਵਤਾਵਾਦੀ ਅਤੇ ਡਾਕਟਰੀ ਸੇਵਾਵਾਂ ਪ੍ਰਦਾਨ ਕਰਾਉਾਂਦੇਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਜਿਹਾ ਕੁਝ ਵੀ ਨਹੀਂ ਕਰੇਗਾ ਜਿਸ ਨਾਲ ਦੇਸ਼ ਦੀ ਪ੍ਰਭੂਸੱਤਾ ਨਾਲ ਸਮਝੌਤਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਦੇਸ਼ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਖ਼ਤਰਾ ਹੈ ਤਾਂ ਉਹ ਡਟੇ ਰਹਿਣਗੇ ਅਤੇ ਕਿਸੇ ਵੀ ਹਾਲਤ ਵਿੱਚ ਬਾਹਰੀ ਦਬਾਅ ਅੱਗੇ ਝੁਕਣਗੇ ਨਹੀਂ।