ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ 2027 ‘ਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵਿਸ਼ਵ ਪੱਧਰੀ ਹੁਨਰ ਯੂਨੀਵਰਸਿਟੀ ਸਥਾਪਿਤ ਕਰੇਗਾ। ਨੌਜਵਾਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਸਿੱਖਲਾਈ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਰੋਜ਼ਗਾਰ ਹਾਸਲ ਕਰ ਸਕਣ ਦੇ ਵਿੱਚ ਆਸਾਨੀ ਹੋ ਸਕੇ।
ਸਮਰਾਲਾ ਵਿਖੇ ‘ਪੰਜਾਬ ਬਚਾਓ’ ਮੁਹਿੰਮ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ, “ਇਸ ਯੂਨੀਵਰਸਿਟੀ ਨਾਲ ਹਰ ਜ਼ਿਲ੍ਹੇ ਦੇ ਇੱਕ ਕਾਲਜ ਨੂੰ ਮਾਨਤਾ ਦੁਆਈ ਜਾਵੇਗੀ। ਅਸੀਂ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਸਿੱਖਿਆ ਦੇਣ ਦਾ ਟੀਚਾ ਮਿਥਾਂਗੇ। ਉਦਯੋਗ ਇਸ ਮੁਹਿੰਮ ਦਾ ਹਿੱਸਾ ਹੋਵੇਗਾ ਤੇ ਨੌਜਵਾਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਸਿੱਖਲਾਈ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਰੋਜ਼ਗਾਰ ਹਾਸਲ ਹੋ ਸਕੇ। ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਵਾਸਤੇ ਇਹੀ ਰਾਹ ਠੀਕ ਹੈ। ਅਸੀਂ ਐਲ ਐਂਡ ਟੀ ਨਾਲ ਰਲ ਕੇ ਸ੍ਰੀ ਮੁਕਤਸਰ ਸਾਹਿਬ ਵਿਚ ਇਕ ਪਾਇਲਟ ਪ੍ਰਾਜੈਕਟ ਚਲਾ ਰਹੇ ਹਾਂ ਤੇ ਅਸੀਂ ਸਾਰੇ ਸੂਬੇ ਵਿੱਚ ਵੀ ਇਹੀ ਲਾਗੂ ਕਰਨਾ ਚਾਹੁੰਦੇ ਹਾਂ।”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਪਾਰੀ ਵਰਗ ’ਤੇ ਭਾਰੀ ਟੈਕਸ ਥੋਪਣ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ, “ਵਪਾਰੀਆਂ ’ਤੇ ਜੀਐਸਟੀ ਛਾਪੇਮਾਰੀ ਜਾਰੀ ਹੈ ਤੇ ਟੈਕਸ ਅਫਸਰਾਂ ਨੂੰ ਟੀਚੇ ਦਿੱਤੇ ਜਾ ਰਹੇ ਹਨ ਤੇ ਉਹ ਲਗਾਤਾਰ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ’ਤੇ ਛਾਪੇ ਮਾਰ ਕੇ ਉਹਨਾਂ ਖਿਲਾਫ ਭਾਰੀ ਜ਼ੁਰਮਾਨੇ ਲਗਾ ਰਹੇ ਹਨ। ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਛਾਪੇਮਾਰੀ ਬੰਦ ਕੀਤੀ ਜਾਵੇਗੀ ਅਤੇ ਟੈਕਸ ਅਫਸਰਾਂ ਨੂੰ ਵਪਾਰੀਆਂ ਦੇ ਠਿਕਾਣਿਆਂ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਉਹਨਾਂ ਦਿੱਲੀ ਆਧਾਰਿਤ ਪਾਰਟੀਆਂ ’ਤੇ ਵਰ੍ਹਦਿਆਂ ਕਿਹਾ ਕਿ, “ਨਾ ਤਾਂ ਕਾਂਗਰਸ, ਨਾ ਆਪ ਤੇ ਭਾਜਪਾ ਨੂੰ ਪੰਜਾਬ ਦੇ ਹਿੱਤਾਂ ਦੀ ਚਿੰਤਾ ਹੈ, ਇਹ ਸਿਰਫ ਸੱਤਾ ਵਾਸਤੇ ਆਉਂਦੇ ਹਨ। ਅਕਾਲੀ ਦਲ ਹਮੇਸ਼ਾ ਲੋਕਾਂ ਨਾਲ ਚੰਗੇ ਮਾੜੇ ਸਮੇਂ ਵਿਚ ਸਾਥ ਦਿੰਦਾ ਹੈ। ਭਾਵੇਂ ਹੁਣ ਰਾਜ ਵਿਧਾਨ ਸਭਾ ਵਿਚ ਸਾਡੇ ਸਿਰਫ ਤਿੰਨ ਵਿਧਾਇਕ ਰਹਿ ਗਏ ਪਰ ਅਸੀਂ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਵੇਲੇ ਮੁਸ਼ਕਲ ਵੇਲੇ ਲੋਕਾਂ ਦੇ ਨਾਲ ਡਟੇ ਰਹੇ ਪਰ ਉਸ ਔਖੇ ਵੇਲੇ ਕੇਂਦਰ ਤੇ ਆਪ ਸਰਕਾਰ ਦੋਵੇਂ ਲੋਕਾਂ ਨੂੰ ਛੱਡ ਕੇ ਭੱਜ ਗਏ ਸਨ।” ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਅਤੇ ਹੁਣ ਪੰਜਾਬੀ ਹੋਰ ਤਜ਼ਰਬੇ ਨਹੀਂ ਕਰ ਸਕਦੇ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਉਹਨਾਂ ਸਾਰੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦੇਵੇਗੀ ਜਿਹਨਾਂ ਕੋਲ ਕੁਨੈਕਸ਼ਨ ਨਹੀਂ ਹਨ। ਅਸੀਂ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦੇਵਾਂਗੇ ਤਾਂ ਜੋ ਉਹ ਉਦਮੀ ਬਣ ਸਕਣ। ਅਸੀਂ ਆਟਾ ਦਾਲ ਸਕੀਮ ਤਹਿਤ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇਵਾਂਗੇ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਾਂਗੇ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਸਮਰਾਲਾ ਦੇ ਅਕਾਲੀ ਦਲ ਦੇ ਕੇਡਰ ਦੇ ਨਾਲ-ਨਾਲ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਪੰਜਾਬ ਬਚਾਓ ਰੈਲੀ ਨੂੰ ਭਰਵਾਂ ਹੁੰਗਾਰਾ ਦਿੱਤਾ। ਉਹਨਾਂ ਨੇ ਸਮਰਾਲਾ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਹਲਕੇ ਵਿਚ ਅਕਾਲੀ ਦਲ ਮਜ਼ਬੂਤ ਹੋਇਆ ਹੈ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਕੁਲਦੀਪ ਕੌਰ ਕੰਗ, ਸਰਬਜੀਤ ਸਿੰਘ ਝਿੰਜਰ,ਪਰਮਜੀਤ ਸਿੰਘ ਢਿੱਲੋਂ ਤੇ ਯਾਦਵਿੰਦਰ ਸਿੰਘ ਯਾਦੂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਰੈਲੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਮੱਧ ਪੂਰਬ ਵਿਚ ਜੰਗ ਦੇ ਹਾਲਾਤਾਂ ਕਾਰਣ ਬਹੁਤ ਸਾਰੇ ਭਾਰਤੀ ਉਥੇ ਫਸ ਗਏ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਾਰੇ ਪ੍ਰਭਾਵਤ ਮੁਲਕਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕਣ। ਉਹਨਾਂ ਕਿਹਾ ਕਿ ਹਵਾਈ ਰਾਹ ਖੁੱਲ੍ਹਣ ’ਤੇ ਤੁਰੰਤ ਵਿਸ਼ੇਸ਼ ਜਹਾਜ਼ ਭੇਜ ਕੇ ਫਸੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ।
