ਚੰਡੀਗੜ੍ਹ – ਵਿਸ਼ਵ ਸੁੰਦਰੀ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਦੀਵਾਨੀ ਮੁਕੱਦਮਾ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਨੇ ਦਾਇਰ ਕੀਤਾ ਹੈ। ਉਪਾਸਨਾ ਸਿੰਘ ਨੇ ਆਪਣੇ ਵਕੀਲਾਂ ਕਰਨ ਸਚਦੇਵਾ ਅਤੇ ਇਰਵਨੀਤ ਕੌਰ ਰਾਹੀਂ ਮਿਸ ਯੂਨੀਵਰਸ ਵਿਰੁੱਧ ਅਦਾਲਤ ਵਿੱਚ ਇਹ ਪਟੀਸ਼ਨ ਦਾਇਰ ਕਰਕੇ ਸਮਝੌਤੇ ਦੀ ਉਲੰਘਣਾ ਅਤੇ ਹਰਜਾਨੇ ਦਾ ਦਾਅਵਾ ਕੀਤਾ ਹੈ।
ਉਪਾਸਨਾ ਸਿੰਘ ਨੇ ਦੋਸ਼ ਲਾਇਆ ਕਿ ਉਹ ਪੰਜਾਬੀ ਫਿਲਮ ‘ਬਾਈ ਜੀ ਕੁਟਣਗੇ’ ਦੀ ਨਿਰਮਾਤਾ ਹੈ। ਫਿਲਮ ਵਿੱਚ ਮੁੱਖ ਅਦਾਕਾਰਾ ਵਜੋਂ ਹਰਨਾਜ਼ ਸੰਧੂ ਨੇ ਕਰਾਰ ਕੀਤਾ ਸੀ। ਪਰ ਹੁਣ ਹਰਨਾਜ਼ ਨੇ ਗੱਲ ਕਰਨੀ ਬੰਦ ਕਰ ਦਿੱਤੀ ਹੈ। ਉਹ ਉਸਦਾ ਫੋਨ ਵੀ ਨਹੀਂ ਚੁੱਕਦੀ ਅਤੇ ਕਿਸੇ ਵੀ ਮੇਲ ਅਤੇ ਸੰਦੇਸ਼ ਦਾ ਜਵਾਬ ਨਹੀਂ ਦੇ ਰਹੀ ਹੈ।
ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਨੇ ਦੱਸਿਆ ਕਿ ਹਰਨਾਜ਼ ਸੰਧੂ ਨੇ ਸਾਲ 2020 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਹੈ। ਹਰਨਾਜ਼ ਨੇ ਫਿਰ ਉਪਾਸਨਾ ਸਿੰਘ ਦੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐਲਐਲਪੀ ਨਾਲ ਇੱਕ ਕਲਾਕਾਰ ਸਮਝੌਤਾ ਕੀਤਾ। ਇਸ ਇਕਰਾਰਨਾਮੇ ਦੇ ਅਨੁਸਾਰ, ਹਰਨਾਜ਼ ਨੂੰ ਫਿਲਮ ਬਾਈ ਜੀ ਕੁਟਣਗੇ ਵਿੱਚ ਮੁੱਖ ਭੂਮਿਕਾ ਦਿੱਤੀ ਗਈ ਸੀ। ਸਮਝੌਤੇ ਦੇ ਤਹਿਤ, ਹਰਨਾਜ਼ ਨੂੰ ਫਿਲਮ ਦੀ ਪ੍ਰਮੋਸ਼ਨ ਵਿੱਚ ਫਿਜ਼ੀਕਲੀ ਅਤੇ ਵਰਚੂਅਲੀ ਸ਼ਾਮਲ ਹੋਣਾ ਸੀ। ਪਰ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਸੰਧੂ ਨੇ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ।
ਉਪਾਸਨਾ ਸਿੰਘ ਦਾ ਕਹਿਣਾ ਹੈ ਕਿ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਸੰਧੂ ਨੇ ਆਪਣੇ ਆਪ ਨੂੰ ਵੱਡਾ ਸਟਾਰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਹਰਨਾਜ਼ ਸੰਧੂ ਦੇ ਸੰਪਰਕ ‘ਚ ਨਾ ਆਉਣ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਫਿਲਮ ਦੀ ਰਿਲੀਜ਼ ਡੇਟ ਵੀ ਬਦਲਣੀ ਪਈ। ਪਹਿਲਾਂ ਇਹ ਫਿਲਮ 27 ਮਈ 2022 ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਸ ਨੂੰ 19 ਅਗਸਤ ਤੱਕ ਟਾਲ ਦਿੱਤਾ ਗਿਆ ਹੈ। ਫਿਲਮ ਦੀ ਰਿਲੀਜ਼ ਡੇਟ ਟਾਲਣ ਕਾਰਨ ਉਸ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹਨ।