Punjab

ਮੁਸਲਿਮ ਭਾਈਚਾਰੇ ਵੱਲੋਂ ਟਾਵਰ ਮੋਰਚਾ ਸਮਾਣਾ ‘ਚ ਮਿੱਠੇ ਚੌਲਾਂ ਦਾ ਲੰਗਰ !

ਸਮਾਣਾ ਵਿਖੇ ਟਾਵਰ ਮੋਰਚੇ ਦੇ ਪ੍ਰਬੰਧਕਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।

ਮਲੇਰਕੋਟਲਾ – ਸਮਾਣਾ ਦੇ ਮਿਊਂਸਪਲ ਪਾਰਕ ਵਿੱਚ 12 ਅਕਤੂਬਰ 2024 ਤੋਂ ਸਾਬਕਾ ਫੌਜੀ ਭਾਈ ਗੁਰਜੀਤ ਸਿੰਘ ਖਾਲਸਾ ਬੀਐਸਐਨਐਲ ਦੇ 400 ਫੁੱਟ ਉੱਚੇ ਟਾਵਰ ਉੱਤੇ ਚੜ੍ਹਿਆ ਹੋਇਆ ਹੈ ਜੋ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕਰ ਰਿਹਾ ਹੈ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਕਾਨੂੰਨ ਬਣਾਇਆ ਜਾਵੇ। ਪਿਛਲੇ 278 ਦਿਨਾਂ ਤੋਂ ਐਨੀ ਉਚਾਈ ਉੱਤੇ ਬੈਠੇ ਸਿੰਘ ਨੇ 50 ਡਿਗਰੀ ਤਾਪਮਾਨ ਦੀ ਗਰਮੀ, ਮਨਫੀ 10 ਡਿਗਰੀ ਦੀ ਸਰਦੀ, ਹਨੇਰੀ, ਝੱਖੜ ਆਪਣੇ ਪਿੰਡੇ ‘ਤੇ ਹੰਢਾਏ ਹਨ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ, ਵਿਧਾਇਕ, ਸਾਂਸਦ ਅਤੇ ਧਾਰਮਿਕ ਲੋਕ ਟਾਵਰ ਮੋਰਚੇ ਵਿੱਚ ਹਾਜ਼ਰੀ ਭਰਦੇ ਰਹੇ ਪਰੰਤੂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਹਨ।

ਅੱਜ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਮੁਹੰਮਦ ਜਮੀਲ ਐਡਵੋਕੇਟ, ਚੌਧਰੀ ਲਿਆਕਤ ਅਲੀ ਬਨਭੌਰਾ, ਚੌਧਰੀ ਮੁਹੰਮਦ ਅਨਵਾਰ ਪ੍ਰਧਾਨ ਈਦਗਾਹ ਕਮੇਟੀ ਕਿਲਾ ਅਤੇ ਹਾਜੀ ਮੁਹੰਮਦ ਬਾਬੂ ਦੀ ਅਗਵਾਈ ਵਿੱਚ ਵਫਦ ਦੇ ਵਲੋਂ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ । ਮੋਰਚਾ ਪ੍ਰਬੰਧਕਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਇਸ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਕਾਰਜ ਦਾ ਸਵਾਗਤ ਕੀਤਾ ਗਿਆ। ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਮੁਹੰਮਦ ਜਮੀਲ ਨੇ ਕਿਹਾ ਕਿ ਟਾਵਰ ਮੋਰਚਾ ਸਿਰਫ ਸਿੱਖ ਧਰਮ ਦਾ ਨਹੀਂ ਬਲਿਕ ਸਾਰੇ ਧਰਮਾਂ ਦਾ ਸਾਂਝਾ ਮੋਰਚਾ ਹੈ ਅਤੇ ਇਸ ਦਾ ਮੰਤਵ ਸਾਰੇ ਧਰਮਾਂ ਦਾ ਸਤਿਕਾਰ ਬਹਾਲ ਕਰਵਾਉਣਾ ਹੈ। ਭਾਈ ਗੁਰਜੀਤ ਸਿੰਘ ਇੱਕ ਬਹੁਤ ਹੀ ਗੰਭੀਰ ਮੁੱਦਾ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਇਸ ਲਈ ਹਰ ਧਰਮ, ਜਾਤ, ਖਿੱਤੇ ਦੇ ਲੋਕਾਂ ਨੂੰ ਇਸ ਮੋਰਚੇ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਕਿ ਸਰਕਾਰਾਂ ਨੂੰ ਕਾਨੂੰਨ ਬਣਾਉਣ ਲਈ ਮਜ਼ਬੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਖਤ ਸਜ਼ਾਵਾਂ ਨਾ ਹੋਣ ਕਾਰਣ ਆਏ ਦਿਨ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਜੇਕਰ ਅਰਬ ਦੇਸ਼ਾਂ ਵਾਂਗ ਮੌਤ ਦੀ ਸਜ਼ਾ ਦਾ ਕਾਨੂੰਨ ਹੋਵੇ ਤਾਂ ਕੋਈ ਬੇਅਦਬੀ ਕਰਨ ਦੀ ਜ਼ੁਅੱਰਤ ਨਹੀਂ ਕਰੇਗਾ। ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ-ਮੰਤਰੀ ਪੰਜਾਬ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਰਾਜਨੀਤੀ ਤੋਂ ਉੱਪਰ ਉੱਠਕੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਸਖਤ ਕਾਨੂੰਨ ਤੁਰੰਤ ਪ੍ਰਭਾਵ ਨਾਲ ਲਾਗੂ ਕਰਨਾ ਚਾਹੀਦਾ ਹੈ ਨਾ ਕਿ ਕਮੇਟੀਆਂ ਵਿੱਚ ਭੇਜਕੇ ਇਸ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਵੇ।

Related posts

ਸੁਪਰੀਮ ਕੋਰਟ ਵਲੋਂ ਪਾਣੀ ਵੰਡ ਸਬੰਧੀ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਨਾਂਹ !

admin

89 ਲੱਖ ਸਮਾਰਟ ਮੀਟਰ ਮਨਜ਼ੂਰ ਹੋਣ ਦੇ ਬਾਵਜੂਦ ਪੰਜਾਬ ‘ਚ ਇੱਕ ਵੀ ਮੀਟਰ ਨਹੀਂ ਲਾਇਆ !

admin

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਪੂਰੇ ਸੂਬੇ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ !

admin