ਦੁਬਈ – ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਸੰਚਾਲਨ ਡਾਇਰੈਕਟਰ ਜ਼ਹੀਰ ਖ਼ਾਨ ਨੇ ਸ਼ਨਿਚਰਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਤਜਰਬੇਕਾਰ ਹਰਫ਼ਨਮੌਲਾ ਹਾਰਦਿਕ ਪਾਂਡਿਆ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਐਤਵਾਰ ਨੂੰ ਟੀਮ ਦੇ ਆਈਪੀਐੱਲ ਦੇ ਮੈਚ ਲਈ ਫਿੱਟ ਹੋ ਜਾਣਗੇ। ਹਾਰਦਿਕ ਯੂਏਈ ਵਿਚ ਲੀਗ ਦੇ ਦੂਜੇ ਗੇੜ ਦੇ ਸ਼ੁਰੂ ਹੋਣ ਤੋਂ ਬਾਅਦ ਫਿਟਨੈੱਸ ਮੁਸ਼ਕਲਾਂ ਕਾਰਨ ਟੀਮ ਦੇ ਦੋਵਾਂ ਮੈਚਾਂ ’ਚੋਂ ਬਾਹਰ ਰਹੇ ਹਨ। ਮੁੰਬਈ ਦੀ ਟੀਮ ਨੂੰ ਇਨ੍ਹਾਂ ਮੈਚਾਂ ਵਿਚ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਹੀਰ ਨੂੰ ਹਾਲਾਂਕਿ ਉਮੀਦ ਹੈ ਕਿ ਹਾਰਦਿਕ ਐਤਵਾਰ ਨੂੰ ਆਖ਼ਰੀ ਇਲੈਵਨ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹਿਣਗੇ। ਜ਼ਹੀਰ ਨੇ ਕਿਹਾ ਕਿ ਹਾਰਦਿਕ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਮੈਂ ਹੁਣ ਤੁਹਾਡੇ ਨਾਲ ਇਸ ਦੀ ਜਾਣਕਾਰੀ ਹੀ ਸਾਂਝੀ ਕਰ ਸਕਦਾ ਹੈ। ਸਾਨੂੰ ਉਮੀਦ ਹੈ ਕਿ ਉਹ ਫਿੱਟ ਹਨ ਤੇ ਆਖ਼ਰੀ ਇਲੈਵਨ ਵਿਚ ਸ਼ਾਮਲ ਹੋਣਗੇ।