ਨਵੀਂ ਦਿੱਲੀ- ਅਮਰੀਕੀ ਮੁੱਕੇਬਾਜ਼ ਜੇਕ ਪਾਲ ਦੀ ਮਾਈਕ ਟਾਇਸਨ ‘ਤੇ ਜ਼ਬਰਦਸਤ ਜਿੱਤ ਤੋਂ ਬਾਅਦ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਮੁੱਕੇਬਾਜ਼ਾਂ ‘ਚੋਂ ਇਕ ਫਲੌਇਡ ਮੇਵੇਦਰ ਨੂੰ ਸਖ਼ਤ ਚੁਣੌਤੀ ਦਿੱਤੀ ਹੈ।2008 ਓਲੰਪਿਕ ਕਾਂਸੀ ਤਮਗਾ ਜੇਤੂ ਹਰਿਆਣਵੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸੋਸ਼ਲ ਮੀਡੀਆ (X) ‘ਤੇ ਫਲੌਇਡ ਮੇਵੇਦਰ ਨੂੰ ਟੈਗ ਕਰਦੇ ਹੋਏ ਭਾਰਤ ਆ ਕੇ ਲੜਨ ਦੀ ਗੱਲ ਕੀਤੀ ਹੈ। ਹਾਲਾਂਕਿ ਵਿਜੇਂਦਰ ਸਿੰਘ ਦੇ ਇਸ ਟਵੀਟ ਨੂੰ ਹਰ ਕੋਈ ਮਜ਼ਾਕ ਵਜੋਂ ਲੈ ਰਿਹਾ ਹੈ। ਪਰ, ਵਿਜੇਂਦਰ ਸਿੰਘ ਫਲੌਇਡ ਮੇਵੇਦਰ ‘ਤੇ ਉਹੀ ਜਿੱਤ ਹਾਸਲ ਕਰਨਾ ਚਾਹੁੰਦਾ ਹੈ ਜਿਵੇਂ ਜੇਕ ਪਾਲ ਨੇ ਮਾਈਕ ਟਾਇਸਨ ‘ਤੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ।ਹਾਲਾਂਕਿ, ਉਹ ਕਦੋਂ ਅਤੇ ਕਿੱਥੇ ਮੈਚ ਲੜਨਗੇ, ਇਸ ਬਾਰੇ ਉਨ੍ਹਾਂ ਦੇ ਟਵੀਟ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2023 ‘ਚ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਭਾਰਤ ‘ਚ ਜੰਗਲ ਰੰਬਲ ਪ੍ਰੋ ਬਾਕਸਿੰਗ ਮੈਚ ‘ਚ ਘਾਨਾ ਦੇ ਇਲਿਆਸੂ ਸੁਲੇ ਨੂੰ ਨਾਕਆਊਟ ਕਰਕੇ ਹਰਾਇਆ ਸੀ।ਦਰਅਸਲ ਦੁਨੀਆ ਦੇ ਆਲ ਟਾਈਮ ਮਹਾਨ ਮੁੱਕੇਬਾਜ਼ ਮਾਈਕ ਟਾਇਸਨ ਨੇ 19 ਸਾਲ ਬਾਅਦ ਰਿੰਗ ‘ਚ ਐਂਟਰੀ ਕੀਤੀ ਸੀ। ਉਨ੍ਹਾਂ ਦਾ ਮੈਚ ਟੈਕਸਾਸ ਦੇ ਏਟੀਐਂਡਟੀ ਸਟੇਡੀਅਮ ਵਿੱਚ ਹੋਇਆ। ਟਾਇਸਨ ਦਾ ਸਾਹਮਣਾ 27 ਸਾਲਾ ਅਮਰੀਕੀ ਮੁੱਕੇਬਾਜ਼ ਜੈਕ ਪਾਲ ਨਾਲ ਹੋਇਆ, ਜੋ ਉਸ ਤੋਂ 31 ਸਾਲ ਜੂਨੀਅਰ ਸੀ। ਜੈਕ ਨੇ ਇਹ ਮੈਚ 78-74 ਨਾਲ ਜਿੱਤਿਆ। ਇਸ ਮੈਚ ਨੂੰ ਕਰੋੜਾਂ ਲੋਕਾਂ ਨੇ ਇਕੱਠੇ ਦੇਖਿਆ। ਇਸ ਮੈਚ ਤੋਂ ਬਾਅਦ ਵਿਜੇਂਦਰ ਦਾ ਟਵੀਟ ਸਾਹਮਣੇ ਆਇਆ।