Sport

ਮੁੱਕੇਬਾਜ਼ ਨਿਕਹਤ ਜ਼ਰੀਨ, ਅਮਿਤ ਪੰਘਾਲ ਤੇ ਨੀਤੂ ਘਣਘਸ ਨੇ ਜਿੱਤੇ ਗੋਲਡ ਮੈਡਲ

ਬਰਮਿੰਘਮ – ਭਾਰਤ ਲਈ ਸ਼ਨਿਚਰਵਾਰ ਦਾ ਦਿਨ ਗੋਲਡਨ ਤੇ ਇਤਿਹਾਸਕ ਰਿਹਾ। ਇਸ ਦਿਨ ਅਥਲੈਟਿਕਸ ਵਿਚ ਇਤਿਹਾਸਕ ਸੋਨਾ ਤੇ ਚਾਂਦੀ ਮਿਲੀ ਤੇ ਮੁੱਕੇਬਾਜ਼ੀ ਵਿਚ ਤਿੰਨ ਗੋਲਡ ਮਿਲੇ। ਮਰਦ ਤਿਹਰੀ ਛਾਲ ਵਿਚ ਏਲਡੋਸ ਪਾਲ ਨੇ ਗੋਲਡ ਮੈਡਲ ਜਿੱਤਿਆ ਜਦਕਿ ਇਸੇ ਮੁਕਾਬਲੇ ਵਿਚ ਅਬਦੁੱਲਾ ਨੂੰ ਸਿਲਵਰ ਮੈਡਲ ਹਾਸਲ ਹੋਇਆ। ਮੁੱਕੇਬਾਜ਼ ਨਿਕਹਤ ਜ਼ਰੀਨ, ਅਮਿਤ ਪੰਘਾਲ ਤੇ ਨੀਤੂ ਘਣਘਸ ਨੇ ਗੋਲਡ ਮੈਡਲ ਆਪਣੇ ਨਾਂ ਕੀਤੇ। ਹੋਰ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ ਤੇ ਇਹ ਮਹਿਲਾ ਹਾਕੀ ਟੀਮ ਦਾ 16 ਸਾਲ ਬਾਅਦ ਇਨ੍ਹਾਂ ਖੇਡਾਂ ਦਾ ਕੋਈ ਪਹਿਲਾ ਮੈਡਲ ਹੈ।

ਅਥਲੈਟਿਕਸ

ਭਾਰਤ ਨੇ ਤਿਹਰੀ ਛਾਲ ਵਿਚ ਇਤਿਹਾਸਕ ਗੋਲਡ ਤੇ ਸਿਲਵਰ ਮੈਡਲ ਜਿੱਤਿਆ। ਏਲਡੋਸ ਪਾਲ ਦੀ ਅਗਵਾਈ ਵਿਚ ਭਾਰਤ ਨੇ ਮਰਦ ਤਿਹਰੀ ਛਾਲ ਮੁਕਾਬਲੇ ਵਿਚ ਪਹਿਲੇ ਦੋ ਸਥਾਨ ’ਤੇ ਕਬਜ਼ਾ ਕਰ ਕੇ ਇਤਿਹਾਸ ਰਚਿਆ। ਪਾਲ ਦੇ ਗੋਲਡ ਮੈਡਲ ਤੋਂ ਇਲਾਵਾ ਕੇਰਲ ਦੇ ਉਨ੍ਹਾਂ ਦੇ ਸਾਥੀ ਅਥਲੀਟ ਅਬਦੁੱਲਾ ਅਬੂਬਾਕਰ ਨੇ ਵੀ ਇਸ ਮੁਕਾਬਲੇ ਦਾ ਸਿਲਵਰ ਮੈਡਲ ਜਿੱਤਿਆ। ਪਾਲ ਨੇ ਆਪਣੀਆਂ ਤਿੰਨ ਕੋਸ਼ਿਸ਼ਾਂ ਵਿਚ 17.03 ਮੀਟਰ ਦੀ ਸਰਬਤੋਮ ਦੂਰੀ ਤੈਅ ਕੀਤੀ। ਅਬੂਬਾਕਰ 17.02 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਹੇ। ਅਬੂਬਾਕਰ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿਚ ਇਹ ਦੂਰੀ ਤੈਅ ਕੀਤੀ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿਚ ਤਿਹਰੀ ਛਾਲ ਵਿਚ ਚਾਰ ਮੈਡਲ ਜਿੱਤੇ ਹਨ ਪਰ ਇਹ ਪਹਿਲਾ ਮੌਕਾ ਹੈ ਜਦ ਦੇਸ਼ ਦੇ ਦੋ ਅਥਲੀਟਾਂ ਨੇ ਇਕੱਠੇ ਪੋਡੀਅਮ ’ਤੇ ਥਾਂ ਬਣਾਈ। ਮਹਿੰਦਰ ਸਿੰਘ ਗਿੱਲ ਨੇ 1970 ਤੇ 1974 ਵਿਚ ਕ੍ਰਮਵਾਰ ਕਾਂਸਾ ਤੇ ਸਿਲਵਰ ਮੈਡਲ ਜਿੱਤਿਆ ਜਦਕਿ ਰਣਜੀਤ ਮਹੇਸ਼ਵਰੀ ਤੇ ਅਰਪਿੰਦਰ ਸਿੰਘ 2010 ਤੇ 2014 ਵਿਚ ਤੀਜੇ ਸਥਾਨ ’ਤੇ ਰਹੇ।

ਇਕੱਠੇ ਤਿੰਨ ਮੈਡਲ ਜਿੱਤਣ ਦਾ ਮੌਕਾ ਗੁਆਇਆ :

ਭਾਰਤ ਨੇ ਤਿਹਰੀ ਛਾਲ ਵਿਚ ਪਹਿਲੀ ਵਾਰ ਤਿੰਨੇ ਮੈਡਲ (ਗੋਲਡ, ਸਿਲਵਰ ਤੇ ਕਾਂਸਾ) ਜਿੱਤਣ ਦਾ ਮੌਕਾ ਗੁਆ ਦਿੱਤਾ। ਭਾਰਤ ਨੇ ਗੋਲਡ ਤੇ ਸਿਲਵਰ ਤਾਂ ਆਪਣੇ ਨਾਂ ਕਰ ਲਏ ਪਰ ਕਾਂਸਾ ਨਹੀਂ ਮਿਲ ਸਕਿਆ। ਏਲਡੋਸ ਤੇ ਅਬਦੁੱਲਾ ਤੋਂ ਇਲਾਵਾ ਪ੍ਰਵੀਣ ਚਿਤ੍ਰਾਵੇਲ ਕਾਂਸੇ ਦਾ ਮੈਡਲ ਜਿੱਤਣ ਤੋਂ 0.03 ਮੀਟਰ ਦੇ ਫ਼ਰਕ ਨਾਲ ਖੁੰਝ ਗਏ ਤੇ 16.89 ਮੀਟਰ ਦੀ ਕੋਸ਼ਿਸ਼ ਨਾਲ ਚੌਥੇ ਸਥਾਨ ’ਤੇ ਰਹੇ। ਬਰਮੂਡਾ ਦੇ ਜਾਹ-ਏਨਹਾਲ ਪੇਰਿਨਚੀਫ ਨੇ 16.92 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਕਾਂਸੇ ਦਾ ਮੈਡਲ ਜਿੱਤਿਆ।

ਨੇਜ਼ਾ ਸੁੱਟ ਅਥਲੀਟ ਅਨੂ ਰਾਣੀ ਨੇ ਜਿੱਤਿਆ ਕਾਂਸਾ :

ਅਨੂ ਰਾਣੀ ਨੇ ਨੇਜ਼ਾ ਸੁੱਟ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਨੇਜ਼ਾ ਸੁੱਟ ਖਿਡਾਰੀ ਬਣ ਗਈ ਹੈ। ਰਾਣੀ ਨੇ ਆਪਣੀ ਤੀਜੀ ਕੋਸ਼ਿਸ਼ ਵਿਚ 60 ਮੀਟਰ ਦੂਰ ਨੇਜ਼ਾ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਕੇਲਸੇ ਲੀ ਬਾਰਬਰ ਨੇ 64.45 ਮੀਟਰ ਦੀ ਥ੍ਰੋਅ ਨਾਲ ਗੋਲਡ ਮੈਡਲ ਜਿੱਤਿਆ ਜਦਕਿ ਉਨ੍ਹਾਂ ਦੀ ਹਮਵਤਨ ਮੈਕੇਂਜੀ ਲਿਟਿਲ 64.27 ਮੀਟਰ ਦੀ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਹੀ। ਰਾਣੀ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿਚ ਕਾਸ਼ੀਨਾਥ ਨਾਇਕ ਤੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਮਰਦਾਂ ਦੇ ਨੇਜ਼ਾ ਸੁੱਟ ਮੁਕਾਬਲੇ ਵਿਚ ਕ੍ਰਮਵਾਰ ਕਾਂਸਾ ਤੇ ਗੋਲਡ ਮੈਡਲ ਜਿੱਤ ਚੁੱਕੇ ਹਨ। ਨਾਇਕ ਨੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਜਦਕਿ ਚੋਪੜਾ ਨੇ 2018 ਗੋਲਡ ਕੋਸਟ ਵਿਚ ਮੈਡਲ ਜਿੱਤੇ ਸਨ।

ਸੰਦੀਪ ਦਾ ਪੈਦਲ ਚਾਲ ’ਚ ਕਾਂਸਾ :

ਸੰਦੀਪ ਕੁਮਾਰ ਨੇ ਮਰਦਾਂ ਦੇ 10,000 ਮੀਟਰ ਪੈਦਲ ਚਾਲ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ। ਸੰਦੀਪ ਨੇ 38.49.21 ਮਿੰਟ ਦਾ ਸਮਾਂ ਕੱਢਿਆ ਜਿਸ ਨਾਲ ਉਹ ਗੋਲਡ ਮੈਡਲ ਜੇਤੂ ਕੈਨੇਡਾ ਦੇ ਇਵਾਨ ਡਨਫੀ (38.36.37) ਤੇ ਸਿਲਵਰ ਮੈਡਲ ਜੇਤੂ ਆਸਟ੍ਰੇਲੀਆ ਦੇ ਡੇਕਲਾਨ ਟਿਨਗੇ (38.42.33) ਤੋਂ ਪਿੱਛੇ ਰਹੇ। ਇਸ ਮੁਕਾਬਲੇ ਵਿਚ ਇਕ ਹੋਰ ਭਾਰਤੀ ਅਮਿਤ ਖੱਤਰੀ ਸੈਸ਼ਨ ਦੇ ਸਰਬੋਤਮ ਸਮੇਂ 43.04.97 ਨਾਲ ਨੌਵੇਂ ਸਥਾਨ ’ਤੇ ਰਹੇ।

ਮੁੱਕੇਬਾਜ਼ੀ :

ਨਿਕਹਤ, ਪੰਘਾਲ ਤੇ ਨੀਤੂ ਨੇ ਗੋਲਡ ਮੈਡਲ ਜਿੱਤੇ :

ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ, ਅਮਿਤ ਪੰਘਾਲ ਤੇ ਨੀਤੂ ਘਣਘਸ ਨੇ ਆਪਣਾ ਦਬਦਬੇ ਵਾਲਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਗੋਲਡ ਮੈਡਲ ਆਪਣੇ ਨਾਂ ਕੀਤੇ। ਉਨ੍ਹਾਂ ਤੋਂ ਇਲਾਵਾ ਸਾਗਰ ਨੇ 92+ ਕਿੱਲੋਗ੍ਰਾਮ ਦੇ ਫਾਈਨਲ ਵਿਚ ਥਾਂ ਬਣਾਈ ਜਿੱਥੇ ਉਨ੍ਹਾਂ ਦਾ ਘੱਟੋ-ਘੱਟ ਸਿਲਵਰ ਮੈਡਲ ਪੱਕਾ ਹੋ ਗਿਆ।

ਨਿਕਹਤ ਨੇ ਲਾਈਟ (ਫਲਾਈਵੇਟ 50 ਕਿੱਲੋਗ੍ਰਾਮ) ਵਿਚ ਉੱਤਰੀ ਆਇਰਲੈਂਡ ਦੀ ਕਾਰਲੀ ਐੱਮਸੀ ਨੌਲੀ ਨੂੰ 5-0 ਨਾਲ ਮਾਤ ਦੇ ਕੇ ਗੋਲਡ ਮੈਡਲ ਜਿੱਤ ਲਿਆ। ਪੰਘਾਲ ਨੇ ਇਸ ਤਰ੍ਹਾਂ ਪਿਛਲੇ ਗੇੜ ਦੇ ਸਿਲਵਰ ਮੈਡਲ ਦਾ ਰੰਗ ਬਿਹਤਰ ਕੀਤਾ। ਉਨ੍ਹਾਂ ਨੇ ਮਰਦਾਂ ਦੇ ਫਲਾਈਵੇਟ (48-51 ਕਿੱਲੋਗ੍ਰਾਮ) ਵਰਗ ਵਿਚ ਯੂਰਪੀ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਮੈਕਡੋਨਲਡ ਕਿਆਰਾਨ ਨੂੰ 5-0 ਦੇ ਫ਼ਰਕ ਨਾਲ ਮਾਤ ਦਿੱਤੀ। ਸਭ ਤੋਂ ਪਹਿਲਾਂ ਰਿੰਗ ਵਿਚ ਉਤਰੀ ਨੀਤੂ ਨੇ ਮਹਿਲਾਵਾਂ ਦੇ ਮਿਨਿਮਮਵੇਟ (45-48 ਕਿੱਲੋਗ੍ਰਾਮ) ਵਰਗ ਦੇ ਫਾਈਨਲ ਵਿਚ ਵਿਸ਼ਵ ਚੈਂਪੀਅਨਸ਼ਿਪ 2019 ਦੀ ਕਾਂਸਾ ਮੈਡਲ ਜੇਤੂ ਰੇਸਜਟਾਨ ਡੇਮੀ ਜੇਡ ਨੂੰ ਸਰਬਸੰਮਤੀ ਵਾਲੇ ਫ਼ੈਸਲੇ ਵਿਚ 5-0 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਪੰਘਾਲ ਆਪਣੇ ਛੋਟੇ ਕੱਦ ਦੇ ਬਾਵਜੂਦ ਮੈਚ ਵਿਚ ਵਿਰੋਧੀ ਮੁੱਕੇਬਾਜ਼ ਤੋਂ ਬਿਹਤਰ ਦਿਖਾਈ ਦਿੱਤੇ।

ਰਾਸ਼ਟਰਮੰਡਲ ਖੇਡਾਂ ਵਿਚ ਆਪਣੀ ਸ਼ੁਰੂਆਤ ਵਿਚ ਹੀ ਨੀਤੂ ਨੇ ਕਮਾਲ ਦਾ ਆਤਮਵਿਸ਼ਵਾਸ ਦਿਖਾਇਆ ਤੇ ਫਾਈਨਲ ਵਿਚ ਵੀ ਉਹ ਇਸੇ ਅੰਦਾਜ਼ ਵਿਚ ਖੇਡੀ ਜਿਵੇਂ ਪਿਛਲੇ ਮੈਚਾਂ ਵਿਚ ਖੇਡੀ ਸੀ। ਉਨ੍ਹਾਂ ਨੇ ਪੂਰੇ ਨੌਂ ਮਿੰਟ ਤਕ ਮੈਚ ਦੇ ਤਿੰਨੇ ਰਾਊਂਡ ਵਿਚ ਕੰਟਰੋਲ ਬਣਾਈ ਰੱਖਿਆ ਤੇ ਵਿਰੋਧੀ ਮੁੱਕੇਬਾਜ਼ ਨੂੰ ਕਿਤੇ ਕੋਈ ਵੀ ਮੌਕਾ ਨਹੀਂ ਦਿੱਤਾ। ਨੀਤੂ ਨੇ ਤੇਜ਼ ਤਰਾਰ, ਸਟੀਕ ਮੁੱਕਿਆਂ ਨਾਲ ਵਿਰਧੀ ਨੂੰ ਚਿੱਤ ਕਰ ਦਿੱਤਾ।

ਹਾਕੀ

ਕਪਤਾਨ ਸਵਿਤਾ ਪੂਨੀਆ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਸਟਾਪਵਾਚ ਵਿਵਾਦ ਨੂੰ ਪਿੱਛੇ ਛੱਡਦੇ ਹੋਏ ਇੱਥੇ ਪਿਛਲੀ ਵਾਰ ਦੀ ਚੈਂਪੀਅਨ ਨਿਊਜ਼ੀਲੈਂਡ ਦੀ ਟੀਮ ਨੂੰ ਪੈਨਲਟੀ ਸ਼ੂਟਆਊਟ ਵਿਚ 2-1 ਨਾਲ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ। ਭਾਰਤੀ ਟੀਮ ਮੈਚ ਦੇ ਆਖ਼ਰੀ ਸਮੇਂ ਵਿਚ 1-0 ਨਾਲ ਅੱਗੇ ਚੱਲ ਰਹੀ ਸੀ ਪਰ ਆਖ਼ਰੀ 30 ਸਕਿੰਟ ਤੋਂ ਵੀ ਘੱਟ ਸਮੇਂ ਵਿਚ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿੱਤਾ। ਇਹ ਪੈਨਲਟੀ ਸਟ੍ਰੋਕ ਵਿਚ ਬਦਲਿਆ ਤੇ ਓਲੀਵੀਆ ਮੈਰੀ ਨੇ ਨਿਊਜ਼ੀਲੈਂਡ ਨੂੰ ਬਰਾਬਰੀ ਦਿਵਾ ਦਿੱਤੀ ਜਿਸ ਤੋਂ ਬਾਅਦ ਮੈਚ ਪੈਨਲਟੀ ਸ਼ੂਟਆਊਟ ਵਿਚ ਖਿੱਚਿਆ ਗਿਆ। ਰੈਗੂਲਰ ਸਮੇਂ ਵਿਚ ਭਾਰਤ ਨੇ 29ਵੇਂ ਮਿੰਟ ਵਿਚ ਸਲੀਮਾ ਟੇਟੇ ਦੇ ਗੋਲ ਦੀ ਬਦੌਲਤ ਬੜ੍ਹਤ ਬਣਾਈ ਸੀ। ਸ਼ੂਟਆਊਟ ਵਿਚ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਤਿੰਨ ਕੋਸ਼ਿਸ਼ਾਂ ਨੂੰ ਸ਼ਾਨਦਾਰ ਤਰੀਕੇ ਨਾਲ ਨਾਕਾਮ ਕਰ ਕੇ ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿਚ ਤੀਜਾ ਮੈਡਲ ਪੱਕਾ ਕੀਤਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ 2002 ਵਿਚ ਗੋਲਡ ਤੇ 2006 ਵਿਚ ਸਿਲਵਰ ਮੈਡਲ ਜਿੱਤਿਆ ਸੀ।

ਸ਼ੂਟਆਊਟ ਵਿਚ ਮੇਗਾਨ ਹੁਲ ਨੇ ਨਿਊਜ਼ੀਲੈਂਡ ਨੂੰ ਬੜ੍ਹਤ ਦਿਵਾਈ ਪਰ ਸਵਿਤਾ ਨੇ ਰੋਸ ਟਾਈਨਨ, ਕੇਟੀ ਡੋਰ ਤੇ ਓਲੀਵੀਆ ਸ਼ੇਨਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਭਾਰਤ ਲਈ ਸੋਨਿਕਾ ਤੇ ਨਵਨੀਤ ਨੇ ਗੋਲ ਕਰਦੇ ਹੋਏ ਟੀਮ ਦੀ ਜਿੱਤ ਯਕੀਨੀ ਬਣਾਈ।

ਸਿੰਧੂ ਤੇ ਸੇਨ ਫਾਈਨਲ ’ਚ

ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਨੇ ਇੱਥੇ ਲਗਾਤਾਰ ਦੂਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਬੈਡਮਿੰਟਨ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾ ਕੇ ਗੋਲਡ ਮੈਡਲ ਵੱਲ ਕਦਮ ਵਧਾਏ ਤੇ ਲਕਸ਼ੇ ਸੇਨ ਵੀ ਇਨ੍ਹਾਂ ਖੇਡਾਂ ਵਿਚ ਪਹਿਲੀ ਵਾਰ ਫਾਈਨਲ ਵਿਚ ਪੁੱਜਣ ਵਿਚ ਕਾਮਯਾਬ ਰਹੇ। ਭਾਰਤ ਦੀ 27 ਸਾਲ ਦੀ ਖਿਡਾਰਨ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਮੈਚ ਵਿਚ ਸਿੰਗਾਪੁਰ ਦੀ ਯੀਓ ਜੀਆ ਮਿਨ ਨੂੰ 49 ਮਿੰਟ ਚੱਲੇ ਮੈਚ ਵਿਚ 21-19, 21-17 ਨਾਲ ਹਰਾਇਆ। ਵਿਸ਼ਵ ਰੈਂਕਿੰਗ ਵਿਚ 10ਵੇਂ ਸਥਾਨ ’ਤੇ ਕਾਬਜ ਲਕਸ਼ੇ ਨੇ ਸਿੰਗਾਪੁਰ ਦੇ ਜੀਆ ਹੇਂਗ ਤੇਹ ਖ਼ਿਲਾਫ਼ ਦੂਜੀ ਗੇਮ ਵਿਚ ਲੈਅ ਗੁਆ ਦਿੱਤੀ। ਉਨ੍ਹਾਂ ਨੇ ਰੈਂਕਿੰਗ ਵਿਚ 87ਵੇਂ ਸਥਾਨ ’ਤੇ ਕਾਬਜ ਖਿਡਾਰੀ ਖ਼ਿਲਾਫ਼ ਵਾਪਸੀ ਕਰਦੇ ਹੋਏ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ 21-10, 18-21, 21-16 ਨਾਲ ਜਿੱਤ ਦਰਜ ਕੀਤੀ।

ਟੇਬਲ ਟੈਨਿਸ

ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਚੰਤਾ ਸ਼ਰਤ ਕਮਲ ਤੇ ਜੀ ਸਾਥੀਆਨ ਦੀ ਮਰਦ ਡਬਲਜ਼ ਜੋੜੀ ਰੋਮਾਂਚਕ ਫਾਈਨਲ ਵਿਚ ਇੰਗਲੈਂਡ ਦੀ ਜੋੜੀ ਪਾਲ ਡਰਿੰਕਹਾਲ ਤੇ ਲਿਆਮ ਪਿਚਫੋਰਡ ਦੀ ਜੋੜੀ ਹੱਥੋਂ ਹਾਰ ਗਈ ਜਿਸ ਨਾਲ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਭਾਰਤੀ ਜੋੜੀ ਇਸ ਮੈਚ ਵਿਚ ਡਰਿੰਕਹਾਲ ਤੇ ਪਿਚਫੋਰਡ ਦੀ ਜੋੜੀ ਹੱਥੋਂ 11-8, 8-11, 3-11, 11-7, 4-11 ਨਾਲ ਹਾਰ ਕੇ ਗੋਲਡ ਮੈਡਲ ਗੁਆ ਬੈਠੀ।

Related posts

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin

ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਵਰਲਡ ਟੈਸਟ ਚੈਂਪੀਅਨਸਿ਼ਪ 2025 ਜਿੱਤੀ !

admin