ਨਵਾਂਸ਼ਹਿਰ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜਮ. ਸ. ਭਗਤ ਸਿੰਘ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਅਤੇ ਸ. ਕਿਸ਼ਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਆਪਣੇ ਮਹਿਬੂਬ ਨੇਤਾ, ਮਰਹੂਮ ਨੇਤਾ ਕਰਕੇ ਆਇਆਂ ਹਾਂ। ਉਨ੍ਹਾਂ ਦਾ ਜਨਮ ਦਿਨ ਹੈ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਆਇਆ ਹਾਂ। ਮੈਂ ਸਿਰਫ ਇਕ ਗੱਲ ਕਹਿਣੀ ਹੈ ਬਾਕੀ ਬਹੁਤੀਆਂ ਗੱਲਾਂ ਨਹੀਂ ਕਰਨੀ। ਮੈਂ ਜੋ ਕਰਦਾ ਹਾਂ ਜੋ ਕਰਨਾ ਹੈ ਕਿ ਇਹ ਸਮਝ ਕੇ ਕਰਨਾ ਹੈ ਕਿ ਮੈਨੂੰ ਸ਼ਹੀਦ ਭਗਤ ਸਿੰਘ ਦੇਖ ਰਿਹਾ ਹੈ। ਕੋਈ ਗਲਤ ਕੰਮ ਨਾ ਹੋ ਜਾਵੇ। ਇਸ ਲਈ ਜੋ ਵੀ ਕੰਮ ਹੋਵੇਗਾ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਮੂਹਰੇ ਰੱਖ ਕੇ ਹੋਵੇਗਾ, ਨੌਜਵਾਨਾਂ ਦੀ ਬਿਹਤਰੀ ਲਈ ਹੋਵੇਗਾ, ਦੇਸ਼ ਤੇ ਸੂਬੇ ਦੀ ਬਿਹਤਰੀ ਲਈ ਹੋਵੇਗਾ। ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ, ਸਮਾਜ ਨੂੰ ਅੱਗੇ ਲੈ ਕੇ ਜਾਣਾ, ਆਪਸੀ ਭਾਈਚਾਰਾ ਕਾਇਮ ਰੱਖਣਾ, ਸ਼ਹੀਦ-ਏ-ਆਜਮ. ਸ. ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਮੇਰਾ ਪਹਿਲਾ ਕਰਤੱਵ ਹੈ। ਇਸ ਲਈ ਹਰ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਹੋਵੇਗਾ। ਕਾਂਗਰਸ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਸ਼ਹੀਦ ਭਗਤ ਸਿੰਘ ਦੇ ਪਿੰਡ ਅਤੇ ਹਲਕੇ ਲਈ ਸਰਾਕਰ ਵੱਲੋਂ ਕੋਈ ਪੈਸਾ ਨਾ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲਦੀ ਹੀ ਪਿੰਡ ਖਟਕੜ ਕਲਾਂ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕੇ ਲਈ ਵੱਡਾ ਪੈਕੇਜ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨੌਜਵਾਨਾਂ ਨੂੰ ਸ਼ਪੋਰਟਸ ਕਿੱਟਾਂ ਵੀ ਵੰਡੀਆ ਗਈਆਂ। ਇਸ ਮੌਕੇ ਕੈਬਨਿਟ ਮੰਤਰੀ ਗੁਰਜੀਤ ਰਾਣਾ, ਕੈਬਨਿਟ ਮੰਤਰੀ ਰਾਜਾ ਵੜਿੰਗ, ਵਿਧਾਇਕ ਅੰਗਦ ਸਿੰਘ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਵਿਧਾਇਕ ਰਾਣਾ ਕੇਪੀ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਡੀਸੀ ਡਾ. ਸ਼ੇਨਾ ਅਗਰਵਾਲ, ਐੱਸਐੱਸਪੀ ਹਰਮਨਬੀਰ ਸਿੰਘ ਗਿੱਲ, ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।