ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ 100 ਦਿਨਾਂ ਦਾ ਲੇਖਾ-ਜੋਖਾ ਪੇਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 36 ਹਜ਼ਾਰ ਕਾਮਿਆਂ ਨੂੰ ਪੱਕਾ ਕਰਨ ਲਈ ਰਾਜਪਾਲ ਪੰਜਾਬ ਸਿਆਸੀ ਕਾਰਨਾਂ ਕਰਕੇ ਫਾਈਲ ਕਲੀਅਰ ਨਹੀਂ ਕਰ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਕੈਬਨਿਟ ਰਾਜਪਾਲ ਨੂੰ ਮਿਲਣ ਜਾਵੇਗੀ ਜੇਕਰ ਫਿਰ ਵੀ ਰਾਜਪਾਲ ਨੇ ਫਾਈਲ ਕਲੀਅਰ ਨਹੀਂ ਕੀਤੀ ਤਾਂ ਸਰਕਾਰ ਰਾਜਪਾਲ ਦੇ ਖਿਲਾਫ ਧਰਨਾ ਵੀ ਦੇ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਮੈਨੂੰ ਲੱਗਦਾ ਸੀ ਕਿ ਰਾਜਪਾਲ ਰੁੱਝੇ ਹੋਏ ਹਨ। ਹਾਲਾਂਕਿ ਹੁਣ ਲੱਗਦਾ ਹੈ ਕਿ ਸਿਆਸੀ ਕਾਰਨਾਂ ਕਰਕੇ ਫਾਈਲ ਰੁਕ ਗਈ ਹੈ। ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਜੇਕਰ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਹੈ ਤਾਂ ਉਸ ਨੂੰ ਸਮੇਂ ਸਿਰ ਕਲੀਅਰ ਕਰਨ।
ਪੰਜਾਬ ਚੋਣਾਂ ਤੋਂ ਪਹਿਲਾਂ ਚੰਨੀ ਨੇ ਪਿਛਲੇ 100 ਦਿਨਾਂ ਵਿੱਚ ਕੀਤੇ 100 ਕੰਮ ਗਿਣਵਾਈਆਂ। ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਨ, 2 ਕਿਲੋਵਾਟ ਤਕ ਦੇ 20 ਲੱਖ ਪਰਿਵਾਰਾਂ ਦੇ ਪੁਰਾਣੇ ਬਿਜਲੀ ਬਿੱਲ ਮਾਫ਼ ਕਰਨ, ਸ਼ਹਿਰਾਂ ਤੇ ਪਿੰਡਾਂ ‘ਚ ਪਾਣੀ ਦੇ ਬਿੱਲ ਮਾਫ਼ ਕਰਨ ਵਰਗੀਆਂ ਪ੍ਰਾਪਤੀਆਂ ਗਿਣਵਾਈਆਂ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਿਰਫ਼ ਪੰਜਾਬੀਆਂ ਨੂੰ ਹੀ ਨੌਕਰੀਆਂ ਮਿਲਣ, ਅਜਿਹਾ ਕਾਨੂੰਨ ਬਣਾਉਣ ਵਿੱਚ ਸੰਵਿਧਾਨਕ ਅੜਿੱਕਾ ਸੀ। ਇਸੇ ਲਈ ਹੁਣ ਇਹ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਸਿਰਫ਼ 10ਵੀਂ ਪਾਸ ਪੰਜਾਬੀ ਪਾਸ ਨੂੰ ਹੀ ਪੰਜਾਬ ਵਿੱਚ ਸਰਕਾਰੀ ਨੌਕਰੀ ਮਿਲ ਸਕਦੀ ਹੈ।