Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਕਲੀਨਿਕਾਂ ਨੂੰ ਮਿਲੀ ਆਲਮੀ ਮਾਨਤਾ

ਚੰਡੀਗੜ੍ਹ – ਪੰਜਾਬ ਵਿੱਚ ਮੁੱਢਲੇ ਸਿਹਤ ਸੰਭਾਲ ਢਾਂਚੇ ਦੀ ਕਾਇਆ-ਕਲਪ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਦੋਂ ਆਲਮੀ ਪੱਧਰ ਉਤੇ ਮਾਨਤਾ ਮਿਲੀ, ਜਦੋਂ ਸੂਬੇ ਦੇ ਆਮ ਆਦਮੀ ਕਲੀਨਿਕਾਂ ਨੇ ਨੈਰੋਬੀ ਵਿੱਚ 14 ਤੋਂ 16 ਨਵੰਬਰ ਤੱਕ ਹੋਏ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ਵਿੱਚ ਪਹਿਲਾ ਇਨਾਮ ਹਾਸਲ ਕੀਤਾ।
ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ‘ਦਵਾਈਆਂ ਦੀ ਹਰੇਕ ਵਿਅਕਤੀ ਤੱਕ ਪਹੁੰਚ: ਪੰਜਾਬ ਤੋਂ ਇਕ ਅਧਿਐਨ’ ਵਿਸ਼ੇ ਹੇਠਲੇ ਦਸਤਾਵੇਜ਼ ਲਈ ਪਹਿਲਾ ਇਨਾਮ ਮਿਲਿਆ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ 85 ਮੁਲਕਾਂ ਨੇ ਭਾਗ ਲਿਆ ਅਤੇ ਚਾਰ ਦੇਸ਼ਾਂ ਨੇ ਆਪਣੇ ਦਸਤਾਵੇਜ਼ ਦਾਖ਼ਲ ਕੀਤੇ, ਜਿਨ੍ਹਾਂ ਵਿੱਚੋਂ ਪੰਜਾਬ ਸਰਕਾਰ ਦੇ ਦਸਤਾਵੇਜ਼ ਨੂੰ ਅੰਤਮ ਪੇਸ਼ਕਾਰੀ ਲਈ ਚੁਣਿਆ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਦੀ ਕਹਾਣੀ ਦੱਸੀ ਅਤੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਨੇ ਮੁੱਢਲੀਆਂ ਸਿਹਤ ਸੰਭਾਲ ਸਹੂਲਤਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜੇਤੂ ਐਂਟਰੀ ਵਿੱਚ ਵਿਗਿਆਨ ਉਤੇ ਜ਼ੋਰ, ਸਮੱਸਿਆਵਾਂ ਦੇ ਹੱਲ ਲਈ ਸੁਪਰ ਪੁਜ਼ੀਸ਼ਨਿੰਗ, ਹੱਲ ਤੇ ਪ੍ਰਭਾਵ ਦੀ ਸਪੱਸ਼ਟਤਾ, ਨਵੀਨ ਹੱਲ, ਸਿਆਸੀ ਇੱਛਾ ਸ਼ਕਤੀ ਕਿਵੇਂ ਮੁੱਢਲੇ ਸਿਹਤ ਸੰਭਾਲ ਢਾਂਚੇ ਦੀ ਕਾਇਆਕਲਪ ਲਈ ਸਹਾਈ, ਪ੍ਰਾਈਵੇਟ ਖ਼ੇਤਰ ਨਾਲ ਸਹਿਯੋਗ ਤੇ ਸੁਧਾਰਾਂ ਲਈ ਸਪੱਸ਼ਟ ਵਿਆਖਿਆ ਨੂੰ ਦਰਸਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੇ ਭਾਈਵਾਲ ਮੁਲਕਾਂ ਨੇ ਇੱਛਾ ਜਤਾਈ ਕਿ ਉਹ ਪੰਜਾਬ ਆ ਕੇ ਆਮ ਆਦਮੀ ਕਲੀਨਿਕ ਦੇਖਣ ਦੇ ਇੱਛੁਕ ਹਨ ਅਤੇ ਉਹ ਇਹ ਗੱਲ ਸਮਝਣੀ ਚਾਹੁੰਦੇ ਹਨ ਕਿ ਕਿਵੇਂ ਮਰੀਜ਼ਾਂ ਨੂੰ ਬਿਨਾਂ ਕਿਸੇ ਖ਼ਰਚ ਦੇ ਉਨ੍ਹਾਂ ਦੇ ਘਰਾਂ ਦੇ ਨੇੜੇ 84 ਦਵਾਈਆਂ ਤੇ 40 ਕਲੀਨਿਕਲ ਟੈਸਟ ਕੀਤੇ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਈਵਾਲ ਮੁਲਕ ਇਸ ਗੱਲੋਂ ਵੀ ਹੈਰਾਨ ਸਨ ਕਿ ਸਾਰੇ ਆਮ ਆਦਮੀ ਕਲੀਨਿਕ ਆਈ.ਟੀ. ਨਾਲ ਲੈਸ ਹਨ ਅਤੇ ਰਜਿਸਟਰੇਸ਼ਨ, ਡਾਕਟਰ ਦੀ ਸਲਾਹ, ਟੈਸਟ ਤੇ ਦਵਾਈਆਂ ਪੂਰੀ ਤਰ੍ਹਾਂ ਡਿਜੀਟਾਈਜ਼ਡ ਹਨ।
ਸੂਬੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਨਤਾ ਨੇ ਸੂਬੇ ਦੇ ਲੋਕਾਂ ਦੀ ਹੋਰ ਸਮਰਪਣ ਨਾਲ ਸੇਵਾ ਕਰਨ ਦਾ ਜਜ਼ਬਾ ਭਰਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਕਿ ਇਨ੍ਹਾਂ ਲੋਕ-ਪੱਖੀ ਪਹਿਲਕਦਮੀਆਂ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਣਾ ਯਕੀਨੀ ਬਣੇ। ਭਗਵੰਤ ਸਿੰਘ ਮਾਨ ਨੇ ਇਸ ਨਿਵੇਕਲੇ ਮਾਅਰਕੇ ਲਈ ਸਿਹਤ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਇਸੇ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਜਾਰੀ ਰੱਖਣਗੇ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin