ਅਮਰਗੜ੍ਹ ਸਬ-ਡਵੀਜ਼ਨ ਦੇ ਨਿਵਾਸੀਆਂ ਨੂੰ ਹੁਣ ਮਾਲੇਰਕੋਟਲਾ ਵਿਖੇ ਜਾਣ ਦੀ ਲੋੜ ਨਹੀਂ ਪਵੇਗੀ, ਸਾਰੇ ਕੰਮ ਇੱਥੇ ਹੀ ਬਿਨਾਂ ਕਿਸੇ ਖੱਜਲ-ਖ਼ੁਆਰੀ ਦੇ ਸਮੇਂ ਸਿਰ ਹੋਣਗੇ। ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਅਮਰਗੜ੍ਹ ਵਿਖੇ 6 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਤਹਿਸੀਲ ਕੰਪਲੈਕਸ ਦਾ ਰਸਮੀ ਤੌਰ ‘ਤੇ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ। ਇਲਾਕਾ ਅਹਿਮਦਗੜ੍ਹ ਅਤੇ ਅਮਰਗੜ੍ਹ ਵਿਖੇ ਭਗਵੰਤ ਸਿੰਘ ਮਾਨ ਵਲੋਂ ਅੱਜ ਦੋ ਨਵੇਂ ਬਣਾਏ ਗਏ ਤਹਿਸੀਲ ਕੰਪਲੈਕਸਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ। ਇਸ ਮੌਕੇ ਮੁੱਖ-ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅਮਰਗੜ੍ਹ ਅਨਾਜ ਮੰਡੀ ਵਿਖੇ ਇਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਹਿਲਾਂ ਕਚਹਿਰੀਆਂ ’ਚ ਖੱਜਲ ਖੁਆਰੀ ਹੁੰਦੀ ਸੀ। ਲੋਕਾਂ ਦੀ ਖੱਜਲ ਖੁਆਰੀ ਘੱਟ ਕਰ ਰਹੇ ਹਾਂ। ਸਿਸਟਮ ਨੂੰ ਠੀਕ ਕਰਨ ’ਚ ਸਮਾਂ ਤਾਂ ਲੱਗਿਆ ਪਰ ਗੱਡੀ ਲੀਹ ਤੇ ਆ ਗਈ ਹੈ। ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਨਾਲ ਮੁੱਖ-ਮੰਤਰੀ ਵਲੋਂ ਉਦਘਾਟਨ ਕੀਤਾ ਗਿਆ ਹੈ।
ਇਸ ਮੌਕੇ ਮੁੱਖ-ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕੀਤੀ ਗਈ ਹੈ। ਪੰਜਾਬ ’ਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ’ਚ ਧੱਕਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੱਥੇ ’ਤੇ ਕਲੰਕ ਲੱਗ ਗਿਆ ਕਿ ਇਹ ਤਾਂ ਨਸ਼ੇੜੀ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਅਮਰਗੜ੍ਹ, ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਮਲੇਰਕੋਟਲਾ, ਐਸ.ਐਸ.ਪੀ. ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਅਤੇ ਵਰਕਰ ਵੀ ਮੌਜੂਦ ਸਨ।