ਉਨ੍ਹਾਂ ਸਮਿਆਂ ਦੀ ਗੱਲ ਹੈ ਜਦ ਪਿੰਡਾਂ ‘ਚੋਂ ਖੁੱਲ੍ਹੀਆਂ ਚਰਾਂਦਾਂ ਵੱਲ ਪਸ਼ੂਆਂ ਦੇ ਵੱਗ ਛੁੱਟਿਆ ਕਰਦੇ ਸਨ।ਇਕ ਜਾਂ ਦੋ ਜਣੇ ਪਾਲ਼ੀ ਸਾਰੇ ਪਿੰਡ ਦੇ ਪਸ਼ੂ,ਮੱਝਾਂ ਗਾਈਆਂ ਅਤੇ ਕੱਟੇ-ਵੱਛੇ ਦੂਰ ਦੁਰਾਡੇ ਚਰਾਉਣ ਲੈ ਜਾਂਦੇ ਜਿੱਥੇ ਪਸ਼ੂਆਂ ਲਈ ਘਾਹ ਵਗੈਰਾ ਤੋਂ ਇਲਾਵਾ ਪੀਣ ਲਈ ਪਾਣੀ ਦੇ ਟੋਭੇ ਜਾਂ ਕੋਈ ਨਦੀ ਨਾਲ਼ਾ ਵਗਦਾ ਹੁੰਦਾ ਸੀ। ਬਦਲੇ ਵਿਚ ਪਿੰਡ ਵਾਲ਼ੇ ਘਰ ਪਰਤੀ ਆਪੋ ਆਪਣੇ ਪਸ਼ੂਆਂ ਦੀ ਗਿਣਤੀ ਮੁਤਾਬਕ ਪਾਲ਼ੀ ਨੂੰ ਪੈਸੇ ਦੇ ਦਿੰਦੇ ਸਨ।
ਇਕ ਪਾਲ਼ੀ ਦੇ ਵੱਗ ਵਿਚ ਪਿੰਡ ਦੇ ਕਿਸੇ ਪ੍ਰਵਾਰ ਨੇ ਆਪਣੀ ਹੁੰਦੜ-ਹੇਲ ਵੱਛੀ ਸ਼ਾਮਲ ਕੀਤੀ ਪਰ ਨਾਲ਼ ਹੀ ਪਾਲ਼ੀ ਹਦਾਇਤ ਇਹ ਕਰ ਦਿੱਤੀ ਅਖੇ ਸਾਡੀ ਵੱਛੀ ਪਾਣੀ ਤੋਂ ਬਹੁਤ ਤ੍ਰਹਿੰਦੀ ਐ,ਇਸ ਨੂੰ ਨਦੀ ਦੇ ਨੇੜੇ ਬਿਲਕੁਲ ਨਾ ਜਾਣ ਦੇਈਂ!
ਲਉ ਜੀ ਅਨਪੜ੍ਹ ਪਾਲ਼ੀ ਨੇ ਵੱਛੀ ਬਾਰੇ ਹਦਾਇਤ ਉੱਤੇ ਸਖਤੀ ਨਾਲ਼ ਅਮਲ ਕਰਦਿਆਂ ਸਾਰਾ ਵੱਗ ਹੀ ਨਦੀ ‘ਤੇ ਲਿਜਾਣਾ ਬੰਦ ਕਰ ਦਿੱਤਾ। ਸ਼ਾਮਾਂ ਨੂੰ ਘਰੋ ਘਰ ਪਹੁੰਚੇ ਹੋਏ ਤਿਹਾਏ ਪਸ਼ੂ, ਪਾਣੀ ਨੂੰ ਹਾਬੜ ਹਾਬੜ ਪੈਣ ਲੱਗੇ। ਹੈਰਾਨ ਹੋਏ ਲੋਕਾਂ ਨੇ ਜਦ ਪਾਲ਼ੀ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹਨੇ ਪਿੰਡ ਦੇ ‘ਫਲਾਣਿਆਂ’ ਦੀ ਵੱਛੀ ਵਾਲ਼ੀ ਗੱਲ ਦੱਸੀ। ਪਿੰਡ ਵਾਲ਼ੇ ਕਹਿੰਦੇ ਕਿ ਉਏ ਮੂਰਖਾ, ਫਲਾਣਿਆਂ ਦੀ ਇਕ ਵੱਛੀ ਖਾਤਰ ਤੂੰ ਸਾਰਾ ਵੱਗ ਕਿਉਂ ਤਿਹਾਇਆ ਮਾਰਦਾ ਐਂ? ਅਸੀਂ ਤਾਂ ਨੀ ਆਪਣੇ ਪਸੂ ਤੇਰੇ ਵੱਗ ‘ਚ ਭੇਜਣੇ!
ਇਕ-ਦੋ ਦਿਨ ਤਾਂ ਪਿੰਡ ਵਾਲ਼ੇ ਦੇਖਦੇ ਰਹੇ ਕਿ ਸ਼ਾਇਦ ਇਹ ਵੱਛੀ ਫਲਾਣਿਆਂ ਦੇ ਘਰੇ ਬੰਨ੍ਹ ਆਵੇਗਾ ਪਰ ਜਦ ਅਜਿਹਾ ਨਾ ਹੋਇਆ ਤਾਂ ਸਾਰੇ ਪਿੰਡ ਨੇ ਉਹਦੇ ਮੋਹਰੇ ਪਸੂ ਛੱਡਣੇ ਬੰਦ ਕਰਤੇ!
ਮਹਾਂ ਮੂੜ੍ਹ ਤੇ ਜਿਦੀਏ ਪਾਲ਼ੀ ਕੋਲ਼ ‘ਕੱਲੀ ਵੱਛੀ ਹੀ ਰਹਿ ਗਈ… ਉਹਨੂੰ ਸਾਰੇ ਲੋਕ ਟਿੱਚਰਾਂ ਮਖੌਲ ਕਰਦੇ ਰਹੇ ਪਰ ਉਹ ਇੱਕੋ ਵੱਛੀ ਲੈ ਕੇ ਘੁੰਮਦਾ ਰਿਹਾ ਤੇ ਆਪਣਾ ਜਲੂਸ ਕਢਾਉਂਦਾ ਰਿਹਾ!