India

ਮੂਸੇਵਾਲਾ ਹੱਤਿਆਕਾਂਡ ’ਚ ਵਿਦੇਸ਼ੀ ਸਾਜ਼ਿਸ਼ ਦੇ ਪਹਿਲੂ ਦੀ ਜਾਂਚ ਕਰੇਗੀ ਪੰਜਾਬ

ਨਵੀਂ ਦਿੱਲੀ – ਪੰਜਾਬ ਪੁਲਿਸ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਵਿਦੇਸ਼ੀ ਸਾਜ਼ਿਸ਼ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਸੋਮਵਾਰ ਨੂੰ ਉਸ ਨੇ ਸੁਪਰੀਮ ਕੋਰਟ ’ਚ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਵਿਦੇਸ਼ ’ਚ ਬੈਠੇ ਸ਼ੂਟਰ ਨਾਲ ਲਾਰੈਂਸ ਬਿਸ਼ਨੋਈ ਦੇ ਸੰਪਰਕ ਦੀ ਜਾਂਚ ਕਰਨਾ ਚਾਹੁੰਦੀ ਹੈ। ਉਸ ਨੇ ਇਹ ਗੱਲ ਲਾਰੈਂਸ ਬਿਸ਼ਨੋਈ ਦੇ ਪਿਤਾ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਹੀ। ਹਾਲਾਂਕਿ ਅਦਾਲਤ ਨੇ ਬਿਸ਼ਨੋਈ ਦੇ ਪਿਤਾ ਦੇ ਵਕੀਲ ਦੀ ਅਪੀਲ ’ਤੇ ਮਾਮਲੇ ਦੀ ਸੁਣਵਾਈ ਸੋਮਵਾਰ ਤਕ ਲਈ ਟਾਲ ਦਿੱਤੀ।

ਮੂਸੇਵਾਲਾ ਹੱਤਿਆਕਾਂਡ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਮੁਲਜ਼ਮ ਹੈ। ਲਾਰੈਂਸ ਦੇ ਪਿਤਾ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਦੇ ਮਾਨਸਾ ਭੇਜਣ ਦਾ ਵਿਰੋਧ ਕੀਤਾ ਹੈ। ਸੋਮਵਾਰ ਨੂੰ ਇਹ ਮਾਮਲਾ ਜਸਟਿਸ ਅਜੈ ਰਸਤੋਗੀ ਦੀ ਬੈਂਚ ਦੇ ਸਾਹਮਣੇ ਸੁਣਵਾਈ ’ਤੇ ਲੱਗਾ ਸੀ। ਬਿਸ਼ਨੋਈ ਦੇ ਪਿਤਾ ਦੇ ਵਕੀਲ ਨੇ ਆਪਣੀਆਂ ਨਿੱਜੀ ਦਿੱਕਤਾਂ ਦੱਸਦਿਆਂ ਅਦਾਲਤ ਤੋਂ ਮਾਮਲੇ ਦੀ ਸੁਣਵਾਈ ਸੋਮਵਾਰ ਤਕ ਟਾਲਣ ਦੀ ਅਪੀਲ ਕੀਤੀ। ਉਧਰ, ਪੰਜਾਬ ਪੁਲਿਸ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬਿਸ਼ਨੋਈ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਬਿਸ਼ਨੋਈ ’ਤੇ 57 ਮਾਮਲੇ ਦਰਜ ਹਨ। ਉਸ ਨੂੰ 100 ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ’ਚ ਮਾਨਸਾ ਲਿਜਾਇਆ ਗਿਆ ਹੈ ਤੇ ਉਸ ਦੀ ਪੂਰੀ ਵੀਡੀਓ ਰਿਕਾਰਡਿੰਗ ਹੈ। ਸਿੰਘਵੀ ਨੇ ਕਿਹਾ ਕਿ ਪੁਲਿਸ ਉਸ ਸਾਜ਼ਿਸ਼ ਦੀ ਜਾਂਚ ਕਰਨਾ ਚਾਹੁੰਦੀ ਹੈ, ਜਿਸ ’ਚ ਬਿਸ਼ਨੋਈ ਵਿਦੇਸ਼ ’ਚ ਬੈਠੇ ਸ਼ੂਟਰ ਦੇ ਸੰਪਰਕ ’ਚ ਸੀ। ਹਾਲਾਂਕਿ ਅਦਾਲਤ ਨੇ ਮਾਮਲੇ ’ਤੇ ਵਿਸਥਾਰਤ ਸੁਣਵਾਈ ਨਾ ਕਰਦਿਆਂ ਵਕੀਲ ਦੀ ਅਪੀਲ ’ਤੇ ਸੁਣਵਾਈ ਸੋਮਵਾਰ ਤਕ ਟਾਲ ਦਿੱਤੀ। ਅਦਾਲਤ ਨੇ ਪਟੀਸ਼ਨ ’ਤੇ ਕੋਈ ਰਸਮੀ ਨੋਟਿਸ ਵੀ ਜਾਰੀ ਨਹੀਂ ਕੀਤਾ, ਪਰ ਪਟੀਸ਼ਨਕਰਤਾ ਦੇ ਵਕੀਲ ਨੂੰ ਕਿਹਾ ਕਿ ਉਹ ਪਟੀਸ਼ਨ ਦੀ ਕਾਪੀ ਪੰਜਾਬ ਸਰਕਾਰ ਤੇ ਪੁਲਿਸ ਨੂੰ ਪਹਿਲਾਂ ਹੀ ਸੌਂਪਣ।

ਸੁਪਰੀਮ ਕੋਰਟ ’ਚ ਭਾਜਪਾ ਆਗੂ ਜਗਜੀਤ ਸਿੰਘ ਦੀ ਪਟੀਸ਼ਨ ਵੀ ਸੋਮਵਾਰ ਨੂੰ ਸੁਣਵਾਈ ’ਤੇ ਲੱਗੀ ਸੀ। ਪਟੀਸ਼ਨਕਰਤਾ ਵੱਲੋਂ ਪੇਸ਼ ਵਕੀਲ ਨਮਿਤ ਸਕਸੈਨਾ ਨੇ ਕਿਹਾ ਕਿ ਉਨ੍ਹਾਂ ਪਟੀਸ਼ਨ ’ਚ ਹੱਤਿਆਕਾਂਡ ਦੀ ਜਾਂਚ ਕੇਂਦਰੀ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਸੀ ਪਰ ਇਸ ਮਾਮਲੇ ’ਚ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ, ਅਜਿਹੇ ’ਚ ਉਹ ਆਪਣੀ ਮੰਗ ’ਤੇ ਜ਼ੋਰ ਨਹੀਂ ਦੇਣਾ ਚਾਹੁੰਦੇ। ਅਦਾਲਤ ਨੇ ਵੀ ਇਸ ’ਤੇ ਸਹਿਮਤੀ ਪ੍ਰਗਟਾਈ। ਇਸ ਦੇ ਨਾਲ ਹੀ ਅਦਾਲਤ ਨੇ ਪਟੀਸ਼ਨਕਰਤਾ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੰਦਿਆਂ ਇਸ ਨੂੰ ਖ਼ਾਰਜ ਕਰ ਦਿੱਤਾ।

Related posts

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

admin

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ

admin

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ

admin