Australia & New Zealand

ਮੇਂਰਨਡਾ ਤੇ ਓਕ ਓਵਰ ਰੋਡ, ਬੈੱਲ ਸਟਰੀਟ, ਕਰੈਮਰ ਸਟਰੀਟ, ਮਰੀ ਰੋਡ ਤੋਂ ਰੇਲਵੇ ਕਰਾਸਿੰਗ ਹਟਾਈਆਂ ਜਾਣਗੀਆਂ – ਹਾਫ਼ਪੈਨੀ

ਮੈਲਬੌਰਨ – “ਵਿਕਟੋਰੀਅਨ ਸਰਕਾਰ 2025 ਤੱਕ ਮੇਂਰਨਡਾ ਲਾਈਨ ਤੋਂ ਇਕ ਹੋਰ ਰੇਲਵੇ ਕਰਾਸਿੰਗ ਖਤਮ ਕਰ ਦੇਵੇਗੀ। ਜਿਸ ਨਾਲ ਯਾਤਰੀਆਂ ਤੇ ਲੋਕਲ ਮੋਟਰ ਚਾਲਕਾਂ ਨੂੰ ਭੀੜ ਭੜੱਕੇ ਤੋਂ ਛੁਟਕਾਰਾ ਮਿਲੇਗਾ ਅਤੇ ਉਨ੍ਹਾਂ ਦੀ ਸੁਰੱਖਿਆ ’ਚ ਵਾਧਾ ਹੋਵੇਗਾ। ਲੇਬਰ ਸਰਕਾਰ ਨੇ 2016 ਤੋਂ ਮੇਂਰਨਡਾ ਲਾਈਨ ਤੋਂ ਇਕ ਰੇਲਵੇ ਕਰਾਸਿੰਗ ਹਟਾਈ ਹੈ ਅਤੇ ਚਾਰ ਹੋਰ ਕਰਾਸਿੰਗ ਨੂੰ ਹਟਾਉਣ ਦਾ ਕੰਮ ਸ਼ੁਰੂ ਹੈ। ਜਦੋਂ ਕਿ ਤਿੰਨ ਨਵੇਂ ਸਟੇਸ਼ਨ ਜਾਂ ਤਾਂ ਬਣਾਏ ਗਏ ਹਨ ਜਾਂ ਬਣਾਏ ਜਾ ਰਹੇ ਹਨ।”
ਥੌਮਟਾਊਨ ਦੀ ਮੈਂਬਰ ਪਾਰਲੀਮੈਂਟ ਅਤੇ ਵਿਕਟੋਰੀਆ ਦੀ ਪਾਰਲੀਮੈਂਟਰੀ ਸਕੱਤਰ ਬਰੌਨਵਿਨ ਹਾਫ਼ਪੈਨੀ ਨੇ ‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਾਲੇ ਹੋਰ ਵੀ ਬਹੁਤ ਕੁਝ ਕਰਨ ਵਾਲਾ ਹੈ, ਕਿਓਨ ਪਾਰਕ ’ਚ ਕਿਓਨ ਪਰੇਡ ਕਰਾਸਿੰਗ ਵੀ ਖਤਮ ਹੋਵੇਗੀ ਜਿਸ ਨਾਲ ਜ਼ਿਆਦਾ ਟਰੇਨਾਂ ਦੀ ਆਵਾਜਾਈ ਹੋਵੇਗੀ ਤੇ ਮਹਾਂਮਾਰੀ ਤੋਂ ਉਭਰ ਰਹੀ ਆਰਥਿਕਤਾ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਮਦਦ ਮਿਲੇਗੀ ਅਤੇ ਸੈਂਕੜੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਵਾਧੂ ਕਰਾਸਿੰਗ ਨੂੰ ਹਟਾਉਣ ਦਾ ਮਤਲਬ ਹੋਵੇਗਾ ਕਿ ਛੇ ਲੈਵਲ ਕਰਾਸਿੰਗ ਖਤਮ ਹੋਣਗੇ ਜਿਸ ਨਾਲ ਸੁਰੱਖਿਆ ਵਧੇਗੀ, ਭੀੜ-ਭੜੱਕਾ ਘਟੇਗਾ ਅਤੇ ਰੇਲਵੇ ਆਵਾਜਾਈ ਦੌਰਾਨ ਬੂਮਗੇਟ ਉੱਪਰ ਜ਼ਿਆਦਾ ਸਮਾਂ ਬਰਬਾਦ ਨਹੀਂ ਹੋਵੇਗਾ। ਇਸ ਨਾਲ ਐਮ 80 ਰਿੰਗ ਰੋਡ ਅਤੇ 903 ਸਮਾਰਟ ਬੱਸ ਰੂਟ ਉੱਪਰ ਵੀ ਭੀੜ-ਭੜੱਕਾ ਘਟੇਗਾ। ਮੈਲਬੌਰਨ ਦੀਆਂ 20 ਤੋਂ ਵੱਧ ਥਾਵਾਂ ’ਤੇ ਕੰਮ ਜਾਰੀ ਹੈ ਜਿਸ ਵਿਚ ਮੇਂਰਨਡਾ ਲਾਈਨ ’ਤੇ 4 ਥਾਵਾਂ ਸ਼ਾਮਿਲ ਹਨ ਅਤੇ 2021 ਵਿਚ ਔਸਤਨ ਹਰੇਕ 4 ਹਫਤੇ ’ਚ ਇਕ ਕਰਾਸਿੰਗ ਹਟਾਈ ਗਈ ਹੈ। ਜਿਸ ਨਾਲ ਵਾਧੂ ਲੈਵਲ ਕਰਾਸਿੰਗ ਤੋਂ ਛੁਟਕਾਰਾ ਮਿਲਣ ਦੀ ਉਮੀਦ ਜਾਗੀ ਹੈ ਅਤੇ ਕੰਮ ਕਰਨ ਵਾਲਾ ਅਮਲਾ-ਫੈਲਾ ਉੱਥੇ ਮੌਜੂਦ ਹੈ ਅਤੇ ਇਸ ਨਾਲ ਕੁਸ਼ਲਤਾ ਵਧੇਗੀ।
ਮੈਂਬਰ ਪਾਰਲੀਮੈਂਟ ਨੇ ਹੋਰ ਦੱਸਿਆ ਕਿ ਇਕ ਹੋਰ ਲੈਵਲ ਵੀ ਜਲਦੀ ਖਤਮ ਹੋਵੇਗਾ। ਮੁੱਢਲੀਆਂ ਪੜਤਾਲਾਂ ਤੋਂ ਪਤਾ ਲੱਗਦਾ ਹੈ ਕਿ ਕਿਓਨ ਪਰੇਡ ਕਰਾਸਿੰਗ ਹਟਾਉਣ ਲਈ ਡਿਜ਼ਾਇਨ ਲਗਭਗ ਤਿਆਰ ਹੈ ਅਤੇ ਇਥੇ ਸੜਕ ’ਤੇ ਰੇਲ ਬ੍ਰਿਜ ਬਣੇਗਾ। ਫਿਰ ਵੀ ਤਕਨੀਕੀ ਇੰਜਨੀਅਰ ਇਸ ਨੂੰ ਨਾਪ-ਤੋਲ ਰਹੇ ਹਨ ਅਤੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾ ਇਸ ਵਿਚ ਕਾਂਟ-ਛਾਂਟ ਵੀ ਕਰਨਗੇ। ਪ੍ਰੋਜੈਕਟ ਦੇ ਹਿੱਸੇ ਵਜੋਂ ਕਿਓਨ ਪਾਰਕ ਵਿਖੇ ਇਕ ਨਵਾਂ ਸਟੇਸ਼ਨ ਬਣੇਗਾ ਜਿੱਥੇ ਵੱਧ ਰਹੀ ਆਬਾਦੀ ਲਈ ਆਧੁਨਿਕ ਸਹੂਲਤਾਂ ਉਪਲੱਬਧ ਹੋਣਗੀਆਂ। ਇਨ੍ਹੀਂ ਦਿਨੀਂ ਕਰਾਸਿੰਗ ਤੋਂ ਰੋਜ਼ਾਨਾ 18 ਹਜ਼ਾਰ ਵਾਹਨ ਲੰਘਦੇ ਹਨ ਅਤੇ ਸਵੇਰ ਦੇ ਭਾਰੀ ਆਵਾਜਾਈ ਦੇ ਸਮੇਂ ਕਰੀਬ 34ਵੀਂ ਸਦੀ ਸਮਾਂ ਤਾਂ ਬੂਮ ਗੇਟ ਬੰਦ ਰਹਿੰਦੇ ਹਨ। ਉਦੋਂ ਇਸ ਇੰਟਰ ਸੈਕਸ਼ਨ ਤੋਂ ਕਰੀਬ 30 ਰੇਲ ਗੱਡੀਆਂ ਲੰਘਦੀਆਂ ਹਨ। ਰੈਜ਼ੇਰਵੋਇਰ ਵਿਖੇ ਹਾਈ ਸਟਰੀਟ ਦੀ ਲੈਵਲ ਕਰਾਸਿੰਗ-2019 ਵਿਚ ਹਟਾ ਦਿੱਤੀ ਗਈ ਸੀ ਜਦਕਿ ਪ੍ਰੈਸਟਨ ਵਿਖੇ ਓਕ ਓਵਰ ਰੋਡ, ਬੈੱਲ ਸਟਰੀਟ, ਕਰੈਮਰ ਸਟਰੀਟ ਅਤੇ ਮਰੀ ਰੋਡ ਤੋਂ ਕਰਾਸਿੰਗ ਹਟਾਈ ਜਾ ਰਹੀ ਹੈ। ਜਿਸ ਨਾਲ ਬੈੱਲ ਸਟਰੀਟ ਲੈਵਲ ਕਰਾਸਿੰਗ ਤੋਂ ਟਰੈਫਿਕ ਖਤਮ ਹੋ ਜਾਵੇਗਾ।
ਥੌਮਟਾਊਨ ਦੀ ਮੈਂਬਰ ਪਾਰਲੀਮੈਂਟ ਹਾਫ਼ਪੈਨੀ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਰੈਜ਼ੇਰਵੋਇਰ ਵਿਚ ਲੈਵਲ ਕਰਾਸਿੰਗ ਹਟਾਉਣ ਨਾਲ ਇਸ ਏਰੀਏ ਵਿਚ ਟਰੈਫਿਕ ਆਵਾਜਾਈ ਦੀ ਹਾਲਤ ਸੁਧਰੀ ਹੈ ਅਤੇ ਕਿਓਨ ਪਰੇਡ ਦੇ ਨਾਲ ਪੈਂਦੀ ਕਰਾਸਿੰਗ ਹਟਣ ਨਾਲ ਭੀੜ-ਭੜੱਕਾ ਘਟੇਗਾ ਸਫਰ ਦਾ ਟਾਈਮ ਵੀ ਘਟੇਗਾ ਅਤੇ ਸੜਕੀ ਸੁਰੱਖਿਆ ’ਚ ਸੁਧਾਰ ਹੋਵੇਗਾ। ਸਰਕਾਰ ਨੇ ਤਿੰਨ ਨਵੇਂ ਸਟੇਸ਼ਨ ਬਣਾ ਕੇ ਸਾਉਥ ਮੋਰੇਂਗ ਤੋਂ ਰੇਲਵੇ ਲਾਈਨ ਮੇਂਰਨਡਾ ਤੱਕ ਵਧਾਈ ਹੈ। ਇਸ ਲੈਵਲ ਕਰਾਸਿੰਗ ਨੂੰ ਸਰਕਾਰ ਵੱਲੋਂ ਮੈਲਬੌਰਨ ਵਿਚ 10 ਰੇਲਵੇ ਕਰਾਸਿੰਗ ਹਟਾਉਣ ਦੇ ਹਿੱਸੇ ਵਜੋਂ ਹਟਾਇਆ ਜਾਣਾ ਹੈ। ਇਨ੍ਹਾਂ ਅਗਲੀਆਂ ਹਟਾਈਆਂ ਜਾਣ ਵਾਲੀਆਂ 10 ਰੇਲਵੇ ਕਰਾਸਿੰਗ ਨਾਲ ਰੇਲਵੇ ਕਰਾਸਿੰਗ ਫਾਟਕਾਂ ਦੀ ਗਿਣਤੀ 2022 ਤੋਂ ਘਟਣੀ ਸ਼ੁਰੂ ਹੋ ਜਾਵੇਗੀ ਅਤੇ 2025 ਤੱਕ ਇਹ ਸਿਰਫ 85 ਰਹਿ ਜਾਣਗੇ। 2016 ਤੋਂ ਸਰਕਾਰ ਨੇ 46 ਲੈਵਲ ਕਰਾਸਿੰਗ ਹਟਾਈਆਂ ਹਨ, 26 ਨਵੀਂਆਂ ਬਣਾਈਆਂ ਹਨ ਅਤੇ ਸਟੇਸ਼ਨਾਂ ਨੂੰ ਅਪਗਰੇਡ ਕੀਤਾ ਹੈ, 5000 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ, ਬਾਈਕਾਂ ਵਾਸਤੇ 30 ਕਿਲੋਮੀਟਰ ਪਟੜੀਆਂ ਬਣਾਈਆਂ ਹਨ ਅਤੇ ਮੈਲਬੌਰਾਨ ਵਿਚ ਲੋਕਲ ਭਾਈਚਾਰਿਆਂ ਲਈ 20 ਐਮਸੀਜੀਸ ਜਿੰਨੀ ਖੁੱਲ੍ਹੀ ਜਗ੍ਹਾ ਬਣਾਈ ਜਾ ਰਹੀ ਹੈ।

Related posts

HAPPY DIWALI 2025 !

admin

Australian PM Anthony Albanese Greets Indian Community on Diwali

admin

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin