ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਰੱਖਿਆ ਖਰੀਦ ਪ੍ਰੀਸ਼ਦ (ਡੀਏਸੀ) ਨੇ ਮੰਗਲਵਾਰ ਨੂੰ ‘ਮੇਕ ਇਨ ਇੰਡੀਆ’ ਦੇ ਤਹਿਤ 7,965 ਕਰੋੜ ਰੁਪਏ ਦੇ ਹੱਥਿਆਰਾਂ ਤੇ ਫੌਜੀ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ’ਚ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐੱਚਏਐੱਲ) ਤੋਂ 12 ਲਾਈਟ ਯੂਟੀਲਿਟੀ ਹੈਲੀਕਾਪਟਰਾਂ ਦੀ ਖਰੀਦ ਸ਼ਾਮਲ ਹੈ। ਰੱਖਿਆ ਮੰਤਰਾਲੇ ਨੇ ਇਕ ਬਿਆਨ ’ਚ ਦੱਸਿਆ ਕਿ 12 ਹੈਲੀਕਾਪਟਰਾਂ ਦੇ ਇਲਾਵਾ ਡੀਏਸੀ ਨੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਤੋਂ ਲੀਨੇਕਸ ਯੂ 2 ਨੇਵਲ ਗਨਫਾਇਰ ਕੰਟਰੋਲ ਸਿਸਟਮ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਨਾਲ ਜਲ ਫੌਜ ਦੇ ਲੜਾਕੂ ਜਹਾਜ਼ਾਂ ਦੀ ਟ੍ਰੈਕਿੰਗ ਤੇ ਲੜਾਈ ਸਮਰੱਥਾ ’ਚ ਵਾਧਾ ਹੋਵੇਗਾ। ਡੀਏਸੀ ਨੇ ਐੱਚਏਐੱਲ ਦੁਆਰਾ ਡੋਰਨੀਅਰ ਜਹਾਜ਼ਾਂ ਦੇ ਮਿੱਡ-ਲਾਈਫ ਅਪਗ੍ਰੇਡੇਸ਼ਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਨਾਲ ਜਲ ਫੌਜ ਦੀ ਸਮੁੰਦਰੀ ਜਾਸੂਸੀ ਤੇ ਤਟਾਂ ਦੀ ਨਿਗਰਾਨੀ ਸਮੱਰਥਾ ’ਚ ਵਾਧਾ ਹੋਵੇਗਾ। ‘ਆਤਮ-ਨਿਰਭਰ ਭਾਰਤ’ ਨੂੰ ਹੋਰ ਵਾਧਾ ਦੇਣ ਦੇ ਉਦੇਸ਼ ਨਾਲ ਸਮੁੰਦਰੀ ਤੋਪਾਂ ਦੀ ਗਲੋਬਲ ਖਰੀਦ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (ਬੀਐੱਚਈਐੱਲ) ਦੁਆਰਾ ਨਿਰਮਿਤ ਅਪਗ੍ਰੇਡਡ ਸੁਪਰ ਰੈਪਿਡ ਗਨ ਮਾਊਂਟ (ਐੱਸਆਰਜੀਐੱਮ) ਦੀ ਖਰੀਦ ਕੀਤੀ ਜਾਵੇਗੀ। ਐੱਸਆਰਜੀਐੱਮ ਨੂੰ ਜਲ ਫੌਜ ਦੇ ਲੜਾਕੂ ਜਹਾਜ਼ਾਂ ’ਤੇ ਲਾਇਆ ਜਾਵੇਗਾ ਤੇ ਇਹ ਗਾਈਡਡ ਵਾਰਹੈੱਡਸ ਰਾਹੀਂ ਤੇਜ਼ੀ ਨਾਲ ਚੱਲ ਰਹੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮੱਰਥ ਹਨ।