Travel

ਅਰਬ ਸਾਗਰ ਵਿੱਚ ਘਿਰਿਆ ਗੋਆ

ਸਾਰੇ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਮਨੁੱਖ ਦਾ ਮਨ ਉਕਤਾ ਜਾਂਦਾ ਹੈ। ਇਸ ਅਕੇਵੇਂ ਤੋਂ ਪਾਰ ਜਾਣ ਲਈ ਨਵੀਂ ਥਾਂ ਘੁੰਮਣ ਫਿਰਨ ਦਾ ਸਾਧਨ ਬਹੁਤ ਕਾਰਗਰ ਹੈ। ਅਸੀਂ ਗੋਆ ਦੇਖਣ ਦਾ ਮਨ ਬਣਾਇਆ। ਰਾਜਪੁਰੇ ਤੋਂ ਗੋਆ ਦਾ ਸੜਕ/ਰੇਲ ਗੱਡੀ ਦਾ ਸਫ਼ਰ 2,101 ਕਿਲੋਮੀਟਰ ਅਤੇ ਹਵਾਈ ਸਫ਼ਰ 1,705 ਕਿਲੋਮੀਟਰ ਹੈ। ਚੰਡੀਗੜ੍ਹ ਹਵਾਈ ਅੱਡੇ ਤੋਂ ਸਵੇਰੇ ਅੱਠ ਵਜੇ ਦੀ ਉਡਾਣ ਨਾਲ 35 ਮਿੰਟ ਵਿੱਚ ਜਹਾਜ਼ ਦਿੱਲੀ ਦੇ ਆਸਮਾਨ ’ਤੇ ਪਹੁੰਚ ਜਾਂਦਾ ਹੈ। ਉੱਥੋਂ ਅੱਗੇ ਗੋਆ ਦੇ ਹਵਾਈ ਅੱਡੇ ’ਤੇ ਪਹੁੰਚਣ ਨੂੰ ਸਵਾ ਦੋ ਘੰਟੇ ਲੱਗਦੇ ਹਨ। ਹਵਾਈ ਅੱਡੇ ’ਤੇ ਉਤਰਦਿਆਂ ਹਵਾਈ ਜਹਾਜ਼ ਦੀ ਖਿੜਕੀ ਵਿੱਚੋਂ ਸਮੁੰਦਰ ਨਾਲ ਘਿਰੇ ਗੋਆ ਦਾ ਨਜ਼ਾਰਾ ਦਿਸਦਾ ਹੈ। ਆਰਾਮ ਨਾਲ ਹੋਟਲ ਤਕ ਪਹੁੰਚਣ ਦੇ ਬਾਵਜੂਦ ਪਹਿਲੇ ਦਿਨ ਦਾ ਬਾਕੀ ਹਿੱਸਾ ਆਰਾਮ ਵਿੱਚ ਹੀ ਲੰਘ ਜਾਂਦਾ ਹੈ।
ਅਗਲੇ ਦਿਨ ਅਸੀਂ ਪੁਰਤਗੀਜ਼ ਚਰਚ ਦੇਖਣੇ ਸਨ ਜਿਹੜੇ ਉਨ੍ਹਾਂ ਨੇ ਆਪਣੇ ਪੰਜ ਸਦੀਆਂ ਦੇ ਰਾਜ ਵਿੱਚ ਬਣਾਏ। ਦਰਅਸਲ, ਗੋਆ 1961 ਵਿੱਚ ਪੁਰਤਗੀਜ਼ ਸ਼ਾਸਕਾਂ ਤੋਂ ਆਜ਼ਾਦ ਹੋਇਆ ਸੀ। ਇਹ ਚਰਚ ਹੁਣ ਆਲਮੀ ਵਿਰਾਸਤ ਦਾ ਦਰਜਾ ਰੱਖਦੇ ਹਨ। ਮੌਜੂਦਾ ਗੋਆ ਦੋ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਨੂੰ ਉੱਤਰੀ ਅਤੇ ਇੱਕ ਨੂੰ ਦੱਖਣੀ ਗੋਆ ਕਹਿੰਦੇ ਹਨ। ਪੁਰਤਗੀਜ਼ ਚਰਚ ਉੱਤਰੀ ਗੋਆ ਦੇ ਉਸ ਹਿੱਸੇ ਵਿੱਚ ਹਨ ਜਿਸ ਨੂੰ ‘ਵੇਲ੍ਹਾ ਗੋਆ’ ਕਹਿੰਦੇ ਹਨ। ਇਹ ਹੀਗ ਪੁਰਤਗਾਲੀਆਂ ਦੀ ਰਾਜਧਾਨੀ ਹੁੰਦਾ ਸੀ। ਪੁਰਤਗਾਲੀ ਸ਼ਾਸਨ ਵੇਲੇ ਦੀਆਂ ਬਹੁਤ ਸਾਰੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ, ਪਰ ਤਾਂ ਵੀ ਇਹ ਸੰਭਾਲੇ ਹੋਏ ਸਥਾਨ ਇਨ੍ਹਾਂ ਵਿਦੇਸ਼ੀ ਸ਼ਾਸਕਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਹਨ।
ਬੈਸੀਲਿਕਾ ਆਫ਼ ਬੌਮ ਜੀਸਸ: ਇਹ 24 ਨਵੰਬਰ 1594 ਨੂੰ ਬਣਨਾ ਸ਼ੁਰੂ ਹੋਇਆ ਤੇ 15 ਮਈ 1605 ਨੂੰ ਪੂਰਾ ਹੋਇਆ। ਇਹ 55.77 ਮੀਟਰ ਲੰਬਾ, 16.76 ਮੀਟਰ ਚੌੜਾ ਅਤੇ 18.56 ਮੀਟਰ ਉੱਚਾ ਹੈ। ਬੌਮ ਦਾ ਮਤਲਬ ਹੈ ਬਾਲ ਜੀਸਸ। ਇਹ ਚਰਚ ਬਾਲ ਜੀਸਸ ਨੂੰ ਸਮਰਪਿਤ ਹੈ। ਇਹ ਪੁਰਾਤਨ ਰੋਮ ਦੀ ਚਰਚ ਵਾਂਗ ਹੈ ਜਿਸ ਕਰਕੇ ਇਸ ਨੂੰ ਬੈਸੀਲਿਕਾ ਦਾ ਦਰਜਾ ਦਿੱਤਾ ਗਿਆ ਹੈ। ਇੱਥੇ ਚਾਂਦੀ ਦੇ ਬਕਸੇ ਵਿੱਚ ਸੇਂਟ ਫਰਾਂਸਿਸ ਜ਼ੇਵੀਅਰ ਦੀ ਮ੍ਰਿਤਕ ਦੇਹ ਨੂੰ ਸੰਭਾਲ ਕੇ ਰੱਖਿਆ ਗਿਆ ਹੈ। ਚਰਚ ਵਿੱਚ ਲੱਕੜ ’ਤੇ ਕੀਤੀ ਕਾਰੀਗਰੀ ਬਹੁਤ ਸੁੰਦਰ ਹੈ। ਕਿਹਾ ਜਾਂਦਾ ਹੈ ਕਿ ਦਫ਼ਨਾਉਣ ਉਪਰੰਤ ਵੀ ਇਸ ਸੰਤ ਦੀ ਦੇਹ ਖ਼ਰਾਬ ਨਹੀਂ ਸੀ ਹੋਈ। ਸੁਚੱਜੀ ਸਾਂਭ ਸੰਭਾਲ ਕਾਰਨ ਹੀ ਇਹ ਚਰਚ ਦੇਖਣਯੋਗ ਹਨ। ਗਾਈਡ ਤੋਂ ਬਿਨਾਂ ਇਸ ਚਰਚ ਦੀ ਬਾਰੀਕੀ ਨੂੰ ਨਹੀਂ ਮਾਣਿਆ ਜਾ ਸਕਦਾ ਕਿਉਂਕਿ ਸਾਰੇ ਲਿਖੇ ਹੋਏ ਨੂੰ ਵੀ ਮੁਕੰਮਲ ਰੂਪ ਵਿੱਚ ਪੜ੍ਹਨਾ ਮੁਸ਼ਕਿਲ ਹੁੰਦਾ ਹੈ।
ਸੇਂਟ ਫਰਾਂਸਿਸ ਅਸੀਸੀ ਚਰਚ: ਇਹ ਚਰਚ ਬੈਸੀਲਿਕਾ ਬੌਮ ਦੇ ਬਿਲਕੁਲ ਸਾਹਮਣੇ ਸੜਕ ਦੂਜੇ ਪਾਸੇ ਖ਼ੂਬਸੂਰਤ ਵਿਹੜੇ ਵਿੱਚ ਸੁਸ਼ੋਭਿਤ ਹੈ। ਇਹ 1661 ਵਿੱਚ ਬਣਾਈ ਗਈ। ਇਸੇ ਕੈਂਪਸ ਵਿੱਚ ਸੇ-ਕੈਥੇਡਰਲ ਚਰਚ ਹੈ। ਇਹ ਸਾਰਿਆਂ ਨਾਲੋਂ ਵੱਡੀ ਹੈ। ਇਸ ਦੀ ਲੰਬਾਈ 76.2 ਮੀਟਰ, ਚੌੜਾਈ 55.16 ਮੀਟਰ ਅਤੇ ਉਚਾਈ 35.36 ਮੀਟਰ ਹੈ। ਇਸ ਦੇ ਇੱਕ ਇੱਕ ਚਬੂਤਰੇ ’ਤੇ ਬਹੁਤ ਵੱਡਾ ਘੰਟਾ ਹੈ। ਰਿਹਾਇਸ਼ ਵਾਲੀ ਥਾਂ ਵਿੱਚ ਅਜਾਇਬਘਰ ਹੈ। ਇਸ ਮਗਰੋਂ ਅਸੀਂ ਸਮੁੰਦਰ ਕਿਨਾਰੇ ਬਣੇ ‘ਐਗੂਅਡਾ ਫੋਰਟ’ ਨੂੰ ਦੇਖਣ ਚਲੇ ਗਏ।
ਪੁਰਾਤਤਵ ਅਜਾਇਬਘਰ: ਇਹ ਬਹੁਤ ਹੀ ਸੁਹਜ ਸਲੀਕੇ ਨਾਲ ਸਜਾਇਆ ਗਿਆ ਹੈ। ਇਸ ਤੋਂ ਗੋਆ ਦਾ ਸਾਰਾ ਇਤਿਹਾਸ ਪਤਾ ਲੱਗਦਾ ਹੈ। ਇੱਕ ਗੈਲਰੀ ਵਿੱਚ ਪੁਰਤਗਾਲ ਦੇ ਕੌਮੀ ਕਵੀ ਲੂਈ ਦਿ ਕਾਮੋਅਸ (1524-1580) ਦਾ ਕਾਂਸੀ ਦਾ ਤਿੰਨ ਮੀਟਰ ਉੱਚਾ ਬੁੱਤ ਹੈ। ਇਸ ਦੀ ਅੱਖ ਖ਼ਰਾਬ ਹੈ। ਇਸ ਦੇ ਸੱਜੇ ਹੱਥ ਵਿੱਚ ਉਸ ਵੱਲੋਂ ਪੱਤਰੇ ’ਤੇ ਲਿਖੀ ਕਵਿਤਾ ਹੈ ਜਿਹੜੀ ਵਾਸਕੋ ਡੀ ਗਾਮਾ ਦੀ ਭਾਰਤ ਯਾਤਰਾ ਅਤੇ ਵਾਪਸੀ ਦਾ ਵਰਣਨ ਕਰਦੀ ਹੈ। ਇੱਥੇ ਹਜ਼ਾਰਾਂ ਸਾਲ ਪੁਰਾਣੇ ਪੱਥਰ ਅਤੇ ਲੱਕੜ ਦੇ ਜੀਸਸ ਤੇ ਫਰਾਂਸਿਸ ਜ਼ੇਵੀਅਰ ਦੇ ਬੁੱਤ ਅਤੇ ਹੋਰ ਪੋਰਟਰੇਟ ਰੱਖੇ ਹੋਏ ਹਨ।
ਐਗੂਅਡਾ ਕਿਲ੍ਹਾ: 1612 ਵਿੱਚ ਬਣਿਆ ਇਹ ਕਿਲ੍ਹਾ ਪੁਰਤਗੀਜ਼ ਸ਼ਾਸਕਾਂ ਦੇ ਜ਼ਮਾਨੇ ਵਿੱਚ ਬਹੁਤ ਹੀ ਸੁਰੱਖਿਅਤ ਸੀ। ਇਸ ਦੀ ਦੀਵਾਰ ਪੰਜ ਮੀਟਰ ਉੱਚੀ ਅਤੇ 1.3 ਮੀਟਰ ਚੌੜੀ ਹੈ। ਇਸ ’ਤੇ ਕੋਈ ਕਬਜ਼ਾ ਨਹੀਂ ਕਰ ਸਕਿਆ। ਇਸ ਦੀ ਸਿਖਰ ਅਰਬ ਸਾਗਰ ਤੇ ਮਾਂਡਵੀ ਨਦੀ ’ਤੇ ਚਾਰ ਸਦੀਆਂ ਨਜ਼ਰ ਰੱਖਦੀ ਰਹੀ ਹੈ। ਇਹ ਧਰਤੀ ਤੇ ਆਸਮਾਨ ਦੇ ਦੁਮੇਲ ’ਤੇ ਆਉਂਦੇ ਪੁਰਤਗੀਜ਼ ਜਹਾਜ਼ਾਂ ਦੀ ਨਿਸ਼ਾਨਦੇਹੀ ਕਰਦਾ ਸੀ ਜਿਹੜੇ ਪੁਰਤਗਾਲ ਤੋਂ ਚੱਲੇ ਹੋਏ ਆਪਣੀ ਭਾਰਤੀ ਮੰਜ਼ਿਲ ’ਤੇ ਪਹੁੰਚਣ ਵਾਲੇ ਹੁੰਦੇ ਸਨ। ‘ਐਗੂਆ’ ਦਾ ਪੁਰਤਗਾਲੀ ਭਾਸ਼ਾ ਵਿੱਚ ਮਤਲਬ ਹੈ ਪਾਣੀ। ਇੱਥੋਂ ਜਹਾਜ਼ਾਂ ਵਿੱਚ ਪੀਣ ਵਾਲਾ ਪਾਣੀ ਭਰਿਆ ਜਾਂਦਾ ਸੀ। ਇਸ ਦੀ ਸਮਰੱਥਾ ਤਕਰੀਬਨ ਵੀਹ ਲੱਖ ਗੈਲਨ ਸੀ। ਇਸ ਦੇ ਸਿਖਰ ਤੋਂ ਅਰਬ ਸਾਗਰ ਦੀ ਵਿਸ਼ਾਲਤਾ ਦਾ ਆਨੰਦ ਲਿਆ ਜਾ ਸਕਦਾ ਹੈ ਜਿਸ ਵਿੱਚ ਟੂਰਿਸਟ ਕਿਸ਼ਤੀਆਂ ਗੇੜੇ ਕੱਢਦੀਆਂ ਰਹਿੰਦੀਆਂ ਹਨ। ਇਸ ਵਿੱਚ ਬਣਿਆ ਲਾਈਟ ਹਾਊਸ ਆਪਣੇ ਸਮੇਂ ਵਿੱਚ ਸੱਤ ਮਿੰਟਾਂ ਵਿੱਚ ਰੌਸ਼ਨੀ ਛੱਡਦਾ ਸੀ। 1976 ਤੋਂ ਇਹ ਖ਼ਰਾਬ ਪਿਆ ਹੈ।
ਦੂਧ ਸਾਗਰ ਝਰਨਾ: ਭਗਵਾਨ ਮਹਾਂਵੀਰ ਨੈਸ਼ਨਲ ਪਾਰਕ ਵਿੱਚ ਇੱਕ ਬਹੁਤ ਵੱਡਾ ਝਰਨਾ ਹੈ ਜਿਸ ਨੂੰ ਦੇਖਣ ਲਈ ਇੱਕ ਦਿਨ ਲੱਗ ਜਾਂਦਾ ਹੈ। ਸਵੇਰੇ ਮੋਲੇਮ ਪਿੰਡ ਵਿੱਚ ਪਹੁੰਚ ਕੇ ਟਿਕਟਾਂ ਲੈਣੀਆਂ ਪੈਂਦੀਆਂ ਹਨ। ਸਿਰਫ਼ ਲਾਇਸੈਂਸ ਵਾਲੀਆਂ ਜੀਪਾਂ ਹੀ ਜੰਗਲ ਵਿੱਚ ਜਾ ਸਕਦੀਆਂ ਹਨ। ਜੀਪਾਂ ਦੀ ਗਿਣਤੀ ਵੀ ਸੀਮਿਤ ਰੱਖੀ ਜਾਂਦੀ ਹੈ। ਹੁਣ ਇਹ ਗਿਣਤੀ 200 ਤੋਂ ਵਧਾ ਕੇ 400 ਕਰ ਦਿੱਤੀ ਗਈ ਹੈ। ਇੱਕ ਜੀਪ ਵਿੱਚ ਸੱਤ ਵਿਅਕਤੀ ਬੈਠ ਸਕਦੇ ਹਨ। ਟਿਕਟ ਲੈਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਭੀੜ ਵਾਲੀ ਥਾਂ ਬਣ ਜਾਂਦੀ ਹੈ। ਇੱਥੇ ਰੂਸੀ ਲੋਕ ਜ਼ਿਆਦਾ ਗਿਣਤੀ ਵਿੱਚ ਆਉਂਦੇ ਹਨ। ਜੀਪ ਸੰਘਣੇ ਜੰਗਲ ਵਿੱਚ ਜਾਂਦੀ ਹੈ ਤਾਂ ਨਜ਼ਾਰਾ ਥਕੇਵਾਂ ਲਾਹ ਦਿੰਦਾ ਹੈ। ਇਸ ਜੰਗਲ ਵਿੱਚੋਂ ਲੰਘ ਕੇ ਇੱਕ ਟਿਕਾਣੇ ’ਤੇ ਉਤਾਰ ਦਿੰਦੇ ਹਨ ਜਿੱਥੋਂ ਝਰਨਾ ਅੱਧਾ ਕੁ ਕਿਲੋਮੀਟਰ ਦੂਰ ਹੀ ਰਹਿ ਜਾਂਦਾ ਹੈ। ਉਚਾਣਾਂ ਨਿਵਾਣਾਂ ਵਾਲਾ ਇਹ ਰਸਤਾ ਕਾਫ਼ੀ ਮੁਸ਼ਕਿਲਾਂ ਭਰਿਆ ਹੈ। ਸਾਵਧਾਨੀ ਨਾਲ ਚੱਲਣਾ ਅਤਿ ਜ਼ਰੂਰੀ ਹੈ। ਨਹੀਂ ਤਾਂ ਖਿੰਗਰਾਂ ਨਾਲ ਅੜਕ ਕੇ ਸੱਟ ਲੱਗ ਸਕਦੀ ਹੈ। ਸਾਹਮਣੇ 300 ਮੀਟਰ ਦੀ ਉਚਾਈ ਤੋਂ ਡਿੱਗਦਾ ਝਰਨੇ ਦਾ ਪਾਣੀ ਦੁੱਧ ਵਾਂਗ ਚਿੱਟਾ ਲੱਗਦਾ ਹੈ। ਥੱਲੇ ਬਣੇ ਤਲਾਬ ਵਿੱਚ ਵਿਦੇਸ਼ੀ ਤਾਂ ਇਕਦਮ ਛਾਲ ਲਗਾ ਦਿੰਦੇ ਹਨ। ਸਭ ਨੇ ਸੇਫਟੀ ਜੈਕਟ ਪਹਿਨੀ ਹੁੰਦੀ ਹੈ ਤੇ ਇਹ ਹਰ ਇੱਕ ਲਈ ਲਿਜਾਣੀ ਲਾਜ਼ਮੀ ਹੁੰਦੀ ਹੈ ਜਿਸ ਦਾ ਕਿਰਾਇਆ 30 ਰੁਪਏ ਹੈ।
ਕਲਾਂਗੁਟੇ ਬੀਚ: ਗੋਆ, ਅਰਬ ਸਾਗਰ ਦੇ ਨਾਲ ਬੀਚਾਂ ਨਾਲ ਘਿਰਿਆ ਪਿਆ ਹੈ। ਕਈ ਬੀਚਾਂ ’ਤੇ ਵੱਧ ਭੀੜ ਹੁੰਦੀ ਹੈ ਤੇ ਕਈਆਂ ’ਤੇ ਘੱਟ। ਸਾਡੀ ਠਾਹਰ ਵਾਲੇ ਹੋਟਲ ਪਿੱਛੇ 500 ਕੁ ਮੀਟਰ ’ਤੇ ਵੀ ਬੀਚ ਸੀ। ਰੇਤੇ ਵਿੱਚੋਂ ਬੜੀ ਔਖ ਨਾਲ ਲੰਘੇ। ਸ਼ਾਮ ਦਾ ਵੇਲਾ ਹੋਣ ਕਾਰਨ ਲੋਕ ਮੁੜ ਰਹੇ ਸਨ। ਇਹ ਬਿਨਾਂ ਬਾਜ਼ਾਰ ਵਾਲੀ ਸਾਧਾਰਨ ਬੀਚ ਸੀ। ਮਨ ਨੂੰ ਤਸੱਲੀ ਜਿਹੀ ਨਾ ਹੋਈ। ਇਸ ਮਗਰੋਂ ਕਲਾਂਗੁਟੇ ਬੀਚ ਪਹੁੰਚੇ। ਬਹੁਤਾ ਰੇਤ ਵਿੱਚੋਂ ਦੀ ਨਹੀਂ ਗੁਜ਼ਰਨਾ ਪਿਆ। ਬਾਜ਼ਾਰ ਭਰਿਆ ਪਿਆ ਸੀ। ਬੀਚ ’ਤੇ ਖੜ੍ਹ ਕੇ ਸਮੁੰਦਰ ਦੀਆਂ ਅਠਖੇਲੀਆਂ ਦਾ ਨਜ਼ਾਰਾ ਲਿਆ। ਅਸੀਂ ਦੋ ਦਿਨਾਂ ਵਿੱਚ ਗੋਆ ਦਾ ਕਾਫ਼ੀ ਹਿੱਸਾ ਦੇਖਿਆ, ਪਰ ਪੂਰਾ ਗੋਆ ਦੇਖਣ ਲਈ ਇੱਕ ਹਫ਼ਤਾ ਚਾਹੀਦਾ ਹੈ।
-ਯਸ਼ਪਾਲ ਮਾਨਵੀ

Related posts

ਵੈਨਿਸ ਸ਼ਹਿਰ ਦਾ ਪਹਿਚਾਣ ਚਿੰਨ੍ਹ ਗੌਂਡਲਾ ਕਿਸ਼ਤੀਆਂ

admin

ਵੈਨਿਸ ਦੀ ਕੈਨਾਲ ਗ੍ਰਾਂਡੇ (ਵਿਸ਼ਾਲ ਨਹਿਰ)

admin

ਵੈਨਿਸ ਦਾ ਮਸ਼ਹੂਰ ਰਿਆਲਟੋ ਪੁਲ

admin