ਨਵੀਂ ਦਿੱਲੀ – ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿਵਾਇਆ ਕਿ ਸ਼੍ਰੀਲੰਕਾ ਆਪਣੀ ਜ਼ਮੀਨ ਦੀ ਵਰਤੋਂ ਕਿਸੇ ਵੀ ਤਰੀਕੇ ਨਾਲ ਨਹੀਂ ਹੋਣ ਦੇਵੇਗਾ, ਜਿਸ ਨਾਲ ਭਾਰਤ ਦੇ ਹਿੱਤਾਂ ਲਈ ਨੁਕਸਾਨਦੇਹ ਹੋਵੇ।
ਹੈਦਰਾਬਾਦ ਹਾਊਸ ‘ਚ ਵਿਚਾਰ ਵਟਾਂਦਰੇ ਤੋਂ ਬਾਅਦ ਦਿਸਾਨਾਇਕੇ ਨੇ ਭਾਰਤ-ਸ਼੍ਰੀਲੰਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨਾਲ ਸਹਿਯੋਗ ਨਿਸ਼ਚਤ ਤੌਰ ‘ਤੇ ਵਧੇਗਾ ਅਤੇ ਮੈਂ ਭਾਰਤ ਲਈ ਆਪਣੇ ਨਿਰੰਤਰ ਸਮਰਥਨ ਦਾ ਭਰੋਸਾ ਦਿਵਾਉਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ, ‘‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਰੋਸਾ ਵੀ ਦਿੱਤਾ ਹੈ ਕਿ ਅਸੀਂ ਆਪਣੀ ਜ਼ਮੀਨ ਦੀ ਵਰਤੋਂ ਕਿਸੇ ਵੀ ਤਰੀਕੇ ਨਾਲ ਨਹੀਂ ਹੋਣ ਦੇਵਾਂਗੇ ਜੋ ਭਾਰਤ ਦੇ ਹਿੱਤਾਂ ਲਈ ਨੁਕਸਾਨਦੇਹ ਹੋਵੇ। ਭਾਰਤ ਨਾਲ ਸਹਿਯੋਗ ਨਿਸ਼ਚਤ ਤੌਰ ‘ਤੇ ਵਧੇਗਾ ਅਤੇ ਮੈਂ ਭਾਰਤ ਲਈ ਆਪਣੇ ਨਿਰੰਤਰ ਸਮਰਥਨ ਦਾ ਭਰੋਸਾ ਦਿਵਾਉਣਾ ਚਾਹੁੰਦਾ ਹਾਂ।’’
ਭਾਰਤ ਅਤੇ ਸ਼੍ਰੀਲੰਕਾ ਨੇ ਸੋਮਵਾਰ ਨੂੰ ਰੱਖਿਆ ਸਹਿਯੋਗ ਸਮਝੌਤੇ ਨੂੰ ਅੰਤਿਮ ਰੂਪ ਦੇਣ ’ਚ ਤੇਜ਼ੀ ਲਿਆਉਣ ਦਾ ਸੰਕਲਪ ਲਿਆ ਅਤੇ ਪਾਵਰ-ਗ੍ਰਿਡ ਕਨੈਕਟੀਵਿਟੀ ਅਤੇ ਮਲਟੀ-ਪ੍ਰੋਡਕਟ ਪਟਰੌਲੀਅਮ ਪਾਈਪਲਾਈਨਾਂ ਸਥਾਪਤ ਕਰ ਕੇ ਊਰਜਾ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ। ਇਹ ਫੈਸਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂਰ ਕੁਮਾਰ ਦਿਸਨਾਯਾ ਦਰਮਿਆਨ ਵਿਆਪਕ ਗੱਲਬਾਤ ਦੌਰਾਨ ਲਏ ਗਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਆਰਥਕ ਭਾਈਵਾਲੀ ਦੇ ਹਿੱਸੇ ਵਜੋਂ ਨਿਵੇਸ਼ ਅਧਾਰਤ ਵਿਕਾਸ ਅਤੇ ਸੰਪਰਕ ’ਤੇ ਜ਼ੋਰ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਫੈਸਲਾ ਕੀਤਾ ਹੈ ਕਿ ਭੌਤਿਕ ਡਿਜੀਟਲ ਊਰਜਾ ਸੰਪਰਕ ਸਾਡੇ ਸਹਿਯੋਗ ਦਾ ਮੁੱਖ ਥੰਮ੍ਹ ਹੋਵੇਗਾ।’’ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਪਾਵਰ ਗ੍ਰਿਡ ਕਨੈਕਟੀਵਿਟੀ ਸਥਾਪਤ ਕਰਨ ਲਈ ਕੰਮ ਕਰਨਗੇ, ਸ਼੍ਰੀਲੰਕਾ ਦੇ ਬਿਜਲੀ ਪਲਾਂਟਾਂ ਲਈ ਮਲਟੀ-ਪ੍ਰੋਡਕਟ ਪਟਰੌਲੀਅਮ ਪਾਈਪਲਾਈਨ ਅਤੇ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਦੀ ਸਪਲਾਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਦੋਹਾਂ ਦੇਸ਼ਾਂ ਵਿਚਾਲੇ ਸੰਪਰਕ ਨੂੰ ਬਿਹਤਰ ਬਣਾਉਣ ਲਈ ਰਾਮੇਸ਼ਵਰਮ ਅਤੇ ਤਲਾਈਮੰਨਾਰ ਵਿਚਾਲੇ ਇਕ ਫੈਰੀ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਦੋਵੇਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਡੇ ਸੁਰੱਖਿਆ ਹਿੱਤ ਆਪਸ ’ਚ ਜੁੜੇ ਹੋਏ ਹਨ। ਅਸੀਂ ਜਲਦੀ ਹੀ ਰੱਖਿਆ ਸਹਿਯੋਗ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਹੈ। ‘ਹਾਈਡ੍ਰੋਗ੍ਰਾਫੀ’ ’ਤੇ ਸਹਿਯੋਗ ਲਈ ਇਕ ਸਮਝੌਤੇ ’ਤੇ ਵੀ ਹਸਤਾਖਰ ਕੀਤੇ ਗਏ ਹਨ।’’
ਗੱਲਬਾਤ ਦੌਰਾਨ ਮਛੇਰਿਆਂ ਦੇ ਵਿਵਾਦਪੂਰਨ ਮੁੱਦੇ ’ਤੇ ਵੀ ਚਰਚਾ ਕੀਤੀ ਗਈ। ਮੋਦੀ ਨੇ ਕਿਹਾ, ‘‘ਅਸੀਂ ਮਛੇਰਿਆਂ ਦੀ ਰੋਜ਼ੀ-ਰੋਟੀ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਕੀਤੀ। ਅਸੀਂ ਸਹਿਮਤ ਹਾਂ ਕਿ ਸਾਨੂੰ ਇਸ ਮਾਮਲੇ ’ਚ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ।’’