ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ। ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ-ਮੰਤਰੀ ਨੇ ਫੌਜਾ ਸਿੰਘ ਦੇ ਬਿਆਸ ਪਿੰਡ ਵਿਖੇ ਪਹੁੰਚ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮ੍ਰਿਤਕ ਦੇਹ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ।
ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ‘ਫੌਜਾ ਸਿੰਘ ਇਕ ਮਹਾਨ ਮੈਰਾਥਨ ਦੌੜਾਕ ਹੋਣ ਦੇ ਨਾਲ-ਨਾਲ ਵਿਲੱਖਣ ਹਿੰਮਤ ਅਤੇ ਦ੍ਰਿੜ ਸੰਕਲਪ ਦੇ ਪ੍ਰਤੀਕ ਸਨ, ਜਿਨ੍ਹਾਂ ਅੰਤਰ ਰਾਸ਼ਟਰੀ ਪੱਧਰ ’ਤੇ ਦੇਸ਼ ਦਾ ਸਨਮਾਨ ਵਧਾਇਆ। ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮਿਹਨਤ ਅਤੇ ਲਗਨ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।’
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਮੌਕੇ ਦਸੰਬਰ 2024 ਵਿੱਚ ਜ਼ਿਲ੍ਹਾ ਜਲੰਧਰ ਵਿਖੇ ਪਿੰਡ ਬਿਆਸ ਤੋਂ ਸ਼ੁਰੂ ਹੋਈ ਦੋ ਦਿਨਾ ‘ਨਸ਼ਾ ਮੁਕਤ-ਰੰਗਲਾ ਪੰਜਾਬ’ ਪੈਦਲ ਯਾਤਰਾ ਦੌਰਾਨ ਮੈਰਾਥਨ ਦੌੜਾਕ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ, ‘114 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦਾ ਜਜ਼ਬਾ ਬੇਮਿਸਾਲ ਸੀ। ਉਹ ਨਾ ਸਿਰਫ਼ ਨੌਜਵਾਨਾਂ ਲਈ ਸਗੋਂ ਸਮਾਜ ਦੇ ਹਰ ਵਰਗ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਉਨ੍ਹਾਂ ਦਾ ਜੀਵਨ ਹਮੇਸ਼ਾ ਚਾਨਣ ਮੁਨਾਰੇ ਦਾ ਕੰਮ ਕਰਦਾ ਰਹੇਗਾ।’
ਮੈਰਾਥਨ ਦੌੜਾਕ ਫੌਜਾ ਸਿੰਘ ਦੀਆਂ ਅੰਤਿਮ ਰਸਮਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ, ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਸ਼ਾਮਿਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦਾ 14 ਜੁਲਾਈ 2025 ਨੂੰ ਆਪਣੇ ਪਿੰਡ ਵਿੱਚ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਦੇਹਾਂਤ ਹੋ ਗਿਆ ਸੀ।