ਮੈਲਬੌਰਨ – ਮੈਲਬੌਰਨ ਨਿਵਾਸੀਆਂ ਨੂੰ ਸ਼ੁੱਕਰਵਾਰ ਤੋਂ ਸੁੱਖ ਦਾ ਸਾਹ ਆਵੇਗਾ ਜਦੋਂ ਕੋਵਿਡ-19 ਦੇ ਕਾਰਣ ਲਗਾਈਆਂ ਗਈਆਂ ਪਾਬੰਦੀਆਂ ਤੋਂ ਥੋੜ੍ਹਾ ਛੁਟਕਾਰਾ ਮਿਲੇਗਾ। ਵਿਕਟੋਰੀਆ ਸਰਕਾਰ ਦੇ ਵਲੋਂ ਗ੍ਰੇਟਰ ਮੈਲਬੌਰਨ ਦੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਸ਼ੁੱਕਰਵਾਰ ਤੋਂ ਢਿੱਲ ਦਿੱਤੀ ਜਾਵੇਗੀ।
ਅੱਜ ਵਿਕਟੋਰੀਆ ਦੇ ਵਿੱਚ ਕੋਵਿਡ-19 ਦਾ ਸਿਰਫ਼ ਇੱਕ ਕੇਸ ਆਉਣ ਨਾਲ ਸਰਕਾਰ ਅਤੇ ਸਿਹਤ ਮੰਤਰਾਲੇ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਕੋਵਿਡ-19 ਦੀ ਨਵੀਂ ਕਿਸਮ ਨੂੰ ਕਾਬੂ ਕਰਨ ਦੇ ਲਈ ਉਹਨਾਂ ਵਲੋਂ ਜਦੋ-ਜਹਿਦ ਕੀਤੀ ਜਾ ਰਹੀ ਸੀ।
ਵਿਕਟੋਰੀਆ ਦੇ ਐਕਟਿੰਗ ਪ੍ਰੀਮੀਅਰ ਜੇਮਜ਼ ਮੇਰਲੀਨੋ ਦੇ ਵਲੋਂ ‘ਇੰਡੋ ਟਾਈਮਜ਼’ ਨੂੰ ਭੇਜੀ ਗਈ ਤਾਜ਼ਾ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਕਾਰਣ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ 10 ਜੂਨ ਵੀਰਵਾਰ ਰਾਤ 11.59 ਵਜੇ ਤੋਂ ਢਿੱਲ ਦਿੱਤੀ ਜਾ ਰਹੀ ਹੈ ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
• ਨਵੇਂ ਨਿਯਮਾਂ ਦੇ ਵਿੱਚ ਮੌਜੂਦਾ ਯਾਤਰਾ ਦੀ ਹੱਦ 10 ਕਿਲੋਮੀਟਰ ਨੂੰ ਵਧਾ ਕੇ 25 ਕਿਲੋਮੀਟਰ ਕੀਤਾ ਗਿਆ ਹੈ।
• ਸ਼ੁੱਕਵਾਰ ਤੋਂ ਸਕੂਲ-ਕਾਲਜ ਮੁੜ ਖੁੱਲ੍ਹ ਜਾਣਗੇ।
• ਹਾਲ ਦੀ ਘੜੀ ਘਰਾਂ ਦੇ ਵਿੱਚ ਮਹਿਮਾਨਾਂ ਦੀ ਮਨਾਹੀ ਹੋਵੇਗੀ।
• ਬਾਹਰ ਜਨਤਕ ਇਕੱਠਾਂ ਦੇ ਵਿੱਚ 10 ਤੱਕ ਲੋਕ ਇਕੱਠੇ ਹੋ ਸਕਣਗੇ।
• ਮਾਸਕ ਪਾਉਣਾ ਲਾਜ਼ਮੀ ਨਹੀਂ ਪਰ ਜਿਥੇ 1.5 ਮੀਟਰ ਦਾ ਫਾਸਲਾ ਨਾ ਰੱਖ ਸਕੋ ਉਥੇ ਮਾਸਕ ਪਾਉਣਾ ਜਰੂਰੀ ਹੋਵੇਗਾ।
• ਵਿਆਹ-ਸ਼ਾਦੀਆਂ ਦੇ ਵਿੱਚ ਸਿਰਫ਼ 10 ਲੋਕ ਸ਼ਾਮਿਲ ਹੋ ਸਕਣਗੇ।
• ਅੰਤਿਮ ਸੰਸਕਾਰ ਦੇ ਵਿੱਚ ਸਿਰਫ਼ 50 ਲੋਕ ਸ਼ਾਮਿਲ ਹੋ ਸਕਣਗੇ।
• ਧਾਰਮਿਕ ਇਕੱਠਾਂ ਦੇ ਵਿੱਚ ਸਿਰਫ਼ 50 ਲੋਕ ਸ਼ਾਮਿਲ ਹੋ ਸਕਣਗੇ।
• ਰੈਸਟੋਰੈਂਟ, ਸਵੀਮਿੰਗ ਪੂਲ, ਮਨੋਰੰਜਨ ਸਥਾਨ ਅਤੇ ਕਮਿਊਨਿਟੀ ਸਹੂਲਤਾਂ ਖੁੱਲ੍ਹ ਜਾਣਗੀਆਂ ਪਰ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਸਬੰਧੀ ਸਖਤ ਨਿਯਮਾਂ ਦੀ ਪਾਲਣਾ ਜਰੂਰੀ ਹੋਵੇਗੀ।
• ਬਹੁਤ ਸਾਰੇ ਕਾਰੋਬਾਰ ਹਾਲੇ ਨਹੀਂ ਖੁੱਲ੍ਹ ਪਾਉਣਗੇ ਪਰ ਉਹਨਾਂ ਨੂੰ 2 ਹਜ਼ਾਰ ਡਾਲਰ ਦੀ ਮੱਦਦ ਦਿੱਤੀ ਜਾਵੇਗੀ।
• ਰੀਜ਼ਨਲ ਵਿਕਟੋਰੀਆਂ ਦੇ ਵਿੱਚ ਮੌਜੂਦਾ ਪਾਬੰਦੀਆਂ ਦੇ ਵਿੱਚ ਥੋੜ੍ਹੀ ਹੋਰ ਢਿੱਲ ਦਿੱਤੀ ਜਾਵੇਗੀ।
ਵਿਕਟੋਰੀਆ ਦੇ ਐਕਟਿੰਗ ਪ੍ਰੀਮੀਅਰ ਜੇਮਜ਼ ਮੇਰਲੀਨੋ ਨੇ ਵਿਕਟੋਰੀਆ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ, “ਵਾਇਰਸ ਹਾਲੇ ਖਤਮ ਨਹੀਂ ਹੋਈ ਹੈ। ਜਦੋਂ ਤੱਕ ਸਾਰੇ ਵੈਕਸੀਨ ਲਵਾ ਨਹੀਂ ਲੈਂਦੇ ਉਦੋਂ ਤੱਕ ਵਾਇਰਸ ਸਾਡੇ ਨਾਲ ਹੀ ਰਹੇਗੀ। ਸੂਬੇ ਨੂੰ ਹੋਰ ਸੁਰੱਖਿਅਤ ਬਨਾਉਣ ਦੇ ਲਈ ਹਾਲੇ ਹੋਰ ਬਹੁਤ ਕੁੱਝ ਕਰਨਾ ਜਰੂਰੀ ਹੈ ਅਤੇ ਇਸਦੇ ਲਈ ਸਾਰੇ ਵਿਕਟੋਰੀਅਨਾਂ ਨੂੰ ਸਹਿਯੋਗ ਦੇਣਾ ਹੋਵੇਗਾ।”