Punjab

“ਮੋਦੀ ਮਾਨ ਦੀ ਕਿਸਾਨ-ਦੁਸ਼ਮਣ ਜੋੜੀ ਮੁਰਦਾਬਾਦ”, “ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ” ਦੇ ਗੂੰਜੇ ਨਾਅਰੇ

ਅੱਜ ਪੰਜਾਬ ਦੇ 16 ਜਿਲ੍ਹਿਆਂ ਵਿੱਚ 26 ਥਾਂਵਾਂ 'ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ।
ਚੰਡੀਗੜ੍ਹ, (ਦਲਜੀਤ ਕੌਰ) – ਬੀਤੇ ਦਿਨ ਮੋਦੀ ਅਤੇ ਮਾਨ ਦੀ ਗਿਣੀਮਿਥੀ ਸਾਜ਼ਸ਼ ਤਹਿਤ ਸ਼ੰਭੂ, ਖਨੌਰੀ ਮੋਰਚਿਆਂ ਦੇ ਮੁੱਖ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਵਾਪਸੀ ਸਮੇਂ ਪੰਜਾਬ ਪੁਲਸ ਵੱਲੋਂ ਗ੍ਰਿਫਤਾਰ ਕਰਨ ਅਤੇ ਮੋਰਚਿਆਂ ਨੂੰ ਖਦੇੜਨ ਲਈ ਲਾਠੀਚਾਰਜ ਤੇ ਭੰਨਤੋੜ ਵਰਗੇ ਜਾਬਰ ਹੱਲੇ ਵਿਰੁੱਧ ਤਿੱਖੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 16 ਜਿਲ੍ਹਿਆਂ ਵਿੱਚ 26 ਥਾਂਵਾਂ ‘ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ । ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਤੁਰਤਪੈਰੇ ਵਿਉਂਤੇ ਗਏ ਇਨ੍ਹਾਂ ਪੁਤਲਾ-ਫੂਕ ਪ੍ਰਦਰਸ਼ਨਾਂ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਕੁੱਲ ਮਿਲਾ ਕੇ ਭਾਰੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਏ। ਪ੍ਰਦਰਸ਼ਨਕਾਰੀ ਰੋਹ ਭਰਪੂਰ ਨਾਹਰੇ ਲਾ ਰਹੇ ਸਨ “ਕਾਰਪੋਰੇਟ ਪੱਖੀ ਭਗਵੰਤ ਮਾਨ ਮੁਰਦਾਬਾਦ”, “ਮੋਦੀ ਮਾਨ ਦੀ ਕਿਸਾਨ-ਦੁਸ਼ਮਣ ਜੋੜੀ ਮੁਰਦਾਬਾਦ”, “ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ”।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ੍ਰੀ ਉਗਰਾਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ 13 ਮਹੀਨਿਆਂ ਤੋਂ ਵੱਧ ਸਮੇਂ ਤੋਂ ਮੋਰਚਿਆਂ ਵਿੱਚ ਬੈਠੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ 7ਵੇਂ ਗੇੜ ਮੌਕੇ ਵੀ ਟਾਲਮਟੋਲ ਕਰਨ ਮਗਰੋਂ ਹਾਈਵੇ ਜਾਮ ਖੁਲ੍ਹਵਾਉਣ ਦੇ ਥੋਥੇ ਬਹਾਨੇ ਹੇਠ ਲਾਠੀਚਾਰਜ ਅਤੇ ਮੁੱਖ ਆਗੂਆਂ ਸਮੇਤ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਜਮਹੂਰੀਅਤ ਦਾ ਘਾਣ ਕਰਨਾ ਹੈ। ਕਿਉਂਕਿ ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਕਿਸਾਨਾਂ ਨੂੰ ਦਿੱਲੀ ਜਾਣੋਂ ਰੋਕਣ ਲਈ ਖੁਦ ਹਾਈਵੇ ਜਾਮ ਕਰਨ ਦੀ ਹਕੀਕਤ ਸਾਰਾ ਜਹਾਨ ਜਾਣਦਾ ਹੈ।
ਜੇਠੂਕੇ ਨੇ ਕਿਹਾ ਕਿ ਅਸਲ ਵਿੱਚ ਮੋਦੀ ਹਕੂਮਤ ਵੱਲੋਂ ਖੁੱਲ੍ਹੇ ਵਪਾਰ ਵਾਲਾ ਖੇਤੀ ਮੰਡੀਕਰਨ ਨੀਤੀ ਖਰੜਾ ਜਾਰੀ ਕਰਨ ਅਤੇ ਅਮਰੀਕਣ ਸਾਮਰਾਜ ਨਾਲ਼ ਖੁੱਲ੍ਹਾ ਵਪਾਰ ਸਮਝੌਤਾ ਸਹੀਬੰਦ ਕਰਨ ਵਰਗੇ ਸਾਮਰਾਜ-ਪੱਖੀ ਤੇ ਕਿਸਾਨ-ਮਾਰੂ ਕਦਮਾਂ ਵਿਰੁੱਧ ਹੀ ਕਿਸਾਨਾਂ ਦੇ ਮੌਜੂਦਾ ਸੰਘਰਸ਼ ਸੇਧਤ ਹਨ। ਮੌਜੂਦਾ ਜਾਬਰ ਹੱਲੇ ਰਾਹੀਂ ਮਾਨ ਸਰਕਾਰ ਸਾਮਰਾਜੀ ਚੌਕੀਦਾਰ ਦੀ ਭੂਮਿਕਾ ਨਿਭਾਉਣ ਵਿੱਚ ਮੋਦੀ ਸਰਕਾਰ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਬਲਕਿ ਅੱਗੇ ਲੰਘਣਾ ਚਾਹੁੰਦੀ ਹੈ। ਦੋਨੋਂ ਸਰਕਾਰਾਂ ਕਿਸਾਨਾਂ ਦੀ ਜਿੰਦਜਾਨ ਜਲ/ਜੰਗਲ/ਜ਼ਮੀਨਾਂ ਸਮੇਤ ਸਾਰੀਆਂ ਜਨਤਕ ਸੇਵਾਵਾਂ ਤੇ ਪੈਦਾਵਾਰੀ/ਵਪਾਰਕ ਸੋਮੇ ਦਿਓਕੱਦ ਵਪਾਰਕ ਮੌਲਜ਼ ਤੇ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਲਈ ਤਰਲੋ-ਮੱਛੀ ਹੋ ਰਹੀਆਂ ਹਨ। ਇਨ੍ਹਾਂ ਨੀਤੀਆਂ ਦੇ ਲਾਗੂ ਹੋਣ ਨਾਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਸਨਅਤੀ ਕਾਮਿਆਂ ਤੇ ਛੋਟੇ ਵਪਾਰੀਆਂ ਦਾ ਉਜਾੜਾ/ਭੁੱਖਮਰੀ ਤਹਿ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਗ੍ਰਿਫਤਾਰ ਆਗੂਆਂ ਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਮੋਰਚਾਕਾਰੀਆਂ ਦੇ ਸਾਮਾਨ ਜਾਂ ਵ੍ਹੀਕਲਾਂ ਦੀ ਭੰਨਤੋੜ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ।
ਬੁਲਾਰਿਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਸਰਕਾਰਾਂ ਦੇ ਇਨ੍ਹਾਂ ਮਾਰੂ ਆਰਥਿਕ ਤੇ ਜਾਬਰ ਹੱਲਿਆਂ ਦਾ ਮੂੰਹਤੋੜ ਜਵਾਬ ਦੇਣ ਲਈ ਵਿਸ਼ਾਲ ਤੋਂ ਵਿਸ਼ਾਲ ਲਾਮਬੰਦੀਆਂ ਵਾਲੇ ਸਾਂਝੇ ਸੰਘਰਸ਼ਾਂ ਵਿੱਚ ਪ੍ਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਕਿਸਾਨ ਆਗੂਆਂ ਅਨੁਸਾਰ 21 ਮਾਰਚ ਨੂੰ ਠੇਕਾ ਕਾਮਿਆਂ ਦੀ ਸੂਬਾਈ ਖੰਨਾ ਰੈਲੀ ਅਤੇ 26 ਮਾਰਚ ਨੂੰ ਚੰਡੀਗੜ੍ਹ ਵਿਖੇ ਐੱਸ ਕੇ ਐੱਮ ਦੀਆਂ ਜਥੇਬੰਦੀਆਂ ਦੁਆਰਾ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਸਾਂਝੇ ਪ੍ਰੋਗਰਾਮ ਇਸੇ ਲੜੀ ਦਾ ਹਿੱਸਾ ਹਨ।
ਅੱਜ ਹੋਰ ਮੁੱਖ ਬੁਲਾਰਿਆਂ ਵਿੱਚ ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ, ਕੁਲਦੀਪ ਕੌਰ ਕੁੱਸਾ ਅਤੇ ਜ਼ਿਲ੍ਹਾ/ਬਲਾਕ ਪੱਧਰੇ ਕਈ ਆਗੂ ਸ਼ਾਮਲ ਸਨ।

Related posts

ਸੰਯੁਕਤ ਕਿਸਾਨ ਮੋਰਚਾ ਵਲੋਂ 28 ਨੂੰ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਧਰਨੇ ਦੇਣ ਦਾ ਐਲਾਨ

admin

ਐਮ ਪੀ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਦਾ 4 ਦਿਨ ਦਾ ਪੁਲਿਸ ਰਿਮਾਂਡ

admin

ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ 28ਵਾਂ ਕਲਾ ਕਿਤਾਬ ਮੇਲਾ ਅੱਜ ਤੋਂ

admin