ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੇਰਲ ਦੇ ਵਾਇਨਾਡ ਦੇ ਜ਼ਮੀਨ ਖਿਸਕਣ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਲ ਦੇ ਪਰਬਤੀ ਵਾਇਨਾਡ ਜ਼ਿਲ੍ਹੇ ’ਚ 30 ਜੁਲਾਈ ਤੜਕੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 226 ਹੋ ਗਈ ਹੈ। ਖੇਤਰ ਦੇ ਜ਼ਮੀਨ ਖਿਸਕਣ ਪ੍ਰਭਾਵਿਤ ਇਲਾਕਿਆਂ ’ਚ ਅਜੇ ਵੀ ਤਲਾਸ਼ ਮੁਹਿੰਮ ਜਾਰੀ ਹੈ ਅਤੇ ਅੱਜ ਲਾਸ਼ ਖੋਜੀ ਕੁੱਤਿਆਂ ਨੂੰ ਵੱਧ ਗਿਣਤੀ ’ਚ ਆਫ਼ ਥਾਵਾਂ ’ਤੇ ਮਲਬੇ ਦੇ ਹੇਠਾਂ ਦੱਬੇ ਅਵਸ਼ੇਸ਼ਾਂ ਦੀ ਤਲਾਸ਼ ’ਚ ਲਗਾਇਆ ਗਿਆ।
ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 10 ਅਗਸਤ ਨੂੰ ਦੁਪਹਿਰ ਕਲਪੇਟਾ ਪਹੁੰਚਣਗੇ ਅਤੇ ਉਸ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕਰਨਗੇ। ਬੁੱਧਵਾਰ ਦੀ ਸਥਿਤੀ ਅਨੁਸਾਰ, ਜ਼ਮੀਨ ਖਿਸਕਣ ’ਚ ਲਾਪਤਾ ਲੋਕਾਂ ਦੀ ਗਿਣਤੀ ਕਰੀਬ 138 ਹੈ ਅਤੇ 226 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।