ਜੰਮੂ-ਕਸ਼ਮੀਰ – ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪਾਕਿਸਤਾਨ ਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ‘ਚ ਪੱਛਮੀ ਗੜਬੜੀ ਸਰਗਰਮ ਹੈ। ਇਸ ਕਾਰਨ ਪੱਛਮੀ ਰਾਜਸਥਾਨ ‘ਤੇ ਚੱਕਰਵਾਤ ਸਰਗਰਮ ਹੈ। ਈਰਾਨ ‘ਤੇ ਵੀ ਪੱਛਮੀ ਗੜਬੜੀ ਬਣੀ ਹੋਈ ਹੈ। ਮੌਸਮ ਵਿਭਾਗ ਨੇ ਕਿਹਾ ਕਿ 26 ਦਸੰਬਰ ਨੂੰ ਵੀ ਪੱਛਮੀ ਗੜਬੜੀ ਦੇ ਉੱਤਰੀ ਭਾਰਤ ਵੱਲ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਪਹਾੜਾਂ ‘ਤੇ ਬਰਫਬਾਰੀ ਹੋਵੇਗੀ। 27 ਦਸੰਬਰ ਤੋਂ ਦਿੱਲੀ, ਹਿਮਾਚਲ, ਉੱਤਰਾਖੰਡ, ਝਾਰਖੰਡ, ਯੂਪੀ, ਮੱਧ ਪ੍ਰਦੇਸ਼ ਵਿਚ ਕੁਝ ਥਾਵਾਂ ‘ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ ਕਿ 24 ਦਸੰਬਰ ਤੋਂ ਪੱਛਮੀ ਗੜਬੜੀ ਕਾਰਨ ਦਿੱਲੀ ਵਿਚ ਆਸਮਾਨ ਬੱਦਲਵਾਈ ਰਹੇਗਾ। ਦਿੱਲੀ ਵਿਚ 26-27 ਦਸੰਬਰ ਤਕ ਮੀਂਹ ਪੈਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ। ਰਾਜਧਾਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਅੱਜ ਗੰਭੀਰ ਸ਼੍ਰੇਣੀ ਵਿਚ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ ਦੇ ਅਨੁਸਾਰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਅੱਜ 425 ‘ਤੇ ਖੜ੍ਹਾ ਹੈ।ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਦੀ ਲਪੇਟ ‘ਚ ਹੈ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਦਿੱਲੀ-ਐਨਸੀਆਰ ਵਿਚ ਰਹਿਣ ਵਾਲੇ ਲੋਕਾਂ ਲਈ ਮੁਸੀਬਤ ਵਧਦੀ ਜਾ ਰਹੀ ਹੈ। ਦਰਅਸਲ ਭਾਰਤੀ ਮੌਸਮ ਵਿਭਾਗ ਨੇ 27 ਅਤੇ 28 ਦਸੰਬਰ ਨੂੰ ਕ੍ਰਿਸਮਸ ਤੋਂ ਬਾਅਦ ਦਿੱਲੀ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ‘ਚ ਬਰਫਬਾਰੀ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ।