ਜਲੰਧਰ – ਗੌਰਮਿੰਟ ਟੀਚਰਜ਼ ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਰਨਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਖਜਾਨਚੀ ਅਮਨਦੀਪ ਸ਼ਰਮਾ, ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਨੇ ਸਾਂਝੇ ਬਿਆਨ ਰਾਹੀ ਪਟਿਆਲਾ ਜਿਲ੍ਹੇ ਦੇ ਸਮਾਣਾ ਸਕੂਲ ਵਿੱਚ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਅਧਿਆਪਕਾਂ ਦੀ ਸ਼ਾਨ ਖਿਲਾਫ ਵਰਤੀ ਨੀਵੇਂ ਪੱਧਰ ਦੀ ਸਬਦਾਵਲੀ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਸ ਸਮੇਂ ਪੰਜਾਬ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨੇ ਟੱਪਦੇ ਹੋਏ ਅਧਿਆਪਕਾਂ ਨੂੰ ਕਣਕ ਦੀ ਵਢਾਈ ਦੇ ਸੀਜਨ ਵਿੱਚ ਸਕੂਲਾਂ ਵਿੱਚ ਮਾਪਿਆਂ ਦੇ ਵੱਡੇ ਇਕੱਠ ਕਰਨ ਦੇ ਨਾਦਰਸ਼ਾਹੀ ਹੁਕਮ ਚਾੜ ਕੇ ਅਧਿਆਪਕਾਂ ਨੂੰ ਵੀ ਆਪਣੀ ਸੌੜੀ ਰਾਜਨੀਤੀ ਵਿੱਚ ਘੜੀਸਣ ਦਾ ਕੋਝਾ ਯਤਨ ਕੀਤਾ ਹੈ। ਸਮਾਣਾ ਸਕੂਲ਼ ਵਿੱਚ ਵੀ ਘੱਟ ਇਕੱਠ ਦੇਖ ਕੇ ਮੰਤਰੀ ਨੇ ਆਪੇ ਤੋਂ ਬਾਹਰ ਹੋ ਕੇ ਅਧਿਆਪਕਾਂ ਵਿਰੁੱਧ ਘਟੀਆ ਸ਼ਬਦਾਵਲੀ ਵਰਤ ਕੇ ਆਪਣੀ ਅਕਲ ਦਾ ਜਨਾਜਾ ਕੱਢਿਆ ਹੈ । ਪੰਜਾਬ ਦੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸ਼ਾਇਦ ਭੁੱਲ ਗਏ ਉਹ ਵੀ ਇਨ੍ਹਾਂ ਅਧਿਆਪਕਾਂ ਕੋਲੋਂ ਪੜ੍ਹ ਕੇ ਇਸ ਰੁੱਤਬੇ ਨੂੰ ਹਾਸਲ ਕਰ ਸਕੇ। ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਦੀਵਾਰਾਂ ਤੇ ਰੰਗਾਂ ਦੀ ਕੂਚੀ ਫੇਰਨ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਬਲਕਿ ਅਧਿਆਪਕਾਂ ਦੀ ਘਾਟ ਪੂਰਾ ਕਰਕੇ ਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ , ਕਿਤਾਬਾਂ ਜਾਰੀ ਕਰਕੇ ਹੀ ਸਿੱਖਿਆ ਚ ਸੁਧਾਰ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨਵਾਂ ਸ਼ੈਸਨ ਸੁਰੂ ਹੋਏ ਨੂੰ ਇੰਨੇ ਦਿਨ ਲੰਘਣ ਦੇ ਬਾਵਜੂਦ ਵੀ ਅਜੇ ਤੱਕ ਸਕੂਲ਼ਾਂ ਵਿੱਚ ਕਿਤਾਬਾਂ ਨਹੀਂ ਪਹੁੰਚਾਈਆਂ ਗਈਆਂ। ਫੋਕੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲਿਆਂ ਦੇ ਪਾਜ ਉਧੇੜਦੇ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਬਰਨਾਲਾ ਤੇ ਸੰਗਰੂਰ ਜੋ ਕਿ ਮੁੱਖ ਮੰਤਰੀ ਦੇ ਹਲਕੇ ਹਨ , ਵਿੱਚ 70 ਪ੍ਰਤੀਸ਼ਤ ਤੋਂ ਵੱਧ ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਹਨ ਤੇ ਦੂਜੇ ਪਾਸੇ ਇਹਨਾਂ ਦੇ ਭੂਸਰੇ ਹੋਏ ਮੰਤਰੀ ਫੋਕੀਆਂ ਫੜ੍ਹਾਂ ਮਾਰ ਕੇ ਤੁਰਦੇ ਬਣਦੇ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਆਪਣੇ ਪਿਤਾ ਜੋ ਕਿ ਖੁਦ ਇੱਕ ਅਧਿਆਪਕ ਰਹੇ ਹਨ, ਦੇ ਆਹੁਦੇ ਦੀ ਲਾਜ ਰੱਖਦੇ ਹੋਏ ਇਸ ਮੰਤਰੀ ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਪੰਜਾਬ ਭਰ ਅਧਿਆਪਕ ਅਤੇ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮ ਸਤਿਕਾਰ ਯੋਗ ਦੇ ਪਾਤਰ ਹਨ। ਉਨ੍ਹਾਂ ਦੀ ਸ਼ਾਨ ਦੇ ਵਿਰੁੱਧ ਜੇਕਰ ਪੰਜਾਬ ਕੋਈ ਵੀ ਮੰਤਰੀ ਮਾੜੀ ਸ਼ਬਦਾਵਲੀ ਵਰਤੇਗਾ। ਉਨ੍ਹਾਂ ਦੇ ਖਿਲਾਫ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਭਰ ਵਿਚ ਤਿੱਖੇ ਐਕਸ਼ਨ ਕਰਨ ਤੇ ਮਜਬੂਰ ਹੋਵੇਗੀ।