ਮਾਨਸਾ – ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ, ਲਖਵਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਕੀਤੀ ਜਾ ਬੇਲੋੜੀ ਦੇਰੀ ਦੇ ਰੋਸ ਕਾਰਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ ਪੀ ਐਫ ਯੂਨੀਅਨ ਦੋਹਾਂ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਸਾਂਝਾ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮੌਕੇ ਸਟੇਟ ਕੋ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਵੀ ਹਾਜਰ ਸਨ।
ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ਤੇ ਦਿੱਤੇ ਪ੍ਰੋਗਰਾਮ ਨੂੰ ਦੋਹੇਂ ਜੱਥੇਬੰਦੀਆਂ ਮਿਲ ਕੇ ਲਾਗੂ ਕਰਨਗੀਆਂ। ਜਿਸ ਦੀ ਲੜੀ ਤਹਿਤ ਮਿਤੀ 1 ਅਗਸਤ 2025 ਨੂੰ ਦੇਸ਼ ਦੇ ਹਰ ਜਿਲਾ ਹੈਡ ਕੁਆਰਟਰ ‘ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨਪੀਐਸ ਅਤੇ ਯੂਪੀਐਸ ਦੀ ਵਿਰੋਧਤਾ ਅਤੇ ਨਿਜੀਕਰਨ ਦੇ ਵਿਰੁੱਧ ਇੱਕ ਦਿਨਾਂ ਰੋਸ ਮਾਰਚ ਕੱਢਿਆ ਜਾਵੇਗਾ। 5 ਸਤੰਬਰ 2025 ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਹਰ ਜਿਲਾ ਹੈਡ ਕੁਆਰਟਰ ਤੇ ਇੱਕ ਦਿਨਾਂ ਭੁੱਖ ਹੜਤਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੱਖੀ ਜਾਵੇਗੀ ਅਤੇ 1 ਅਕਤੂਬਰ 2025 ਨੂੰ ਸੋਸ਼ਲ ਮੀਡੀਆ ‘ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਹਿੰਮ ਚਲਾਈ ਜਾਵੇਗੀ। 25 ਨਵੰਬਰ 2025 ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨਪੀਐਸ ਅਤੇ ਯੂਪੀਐਸ ਵਿਰੋਧਤਾ ਅਤੇ ਨਿੱਜੀਕਰਨ ਦੇ ਵਿਰੁੱਧ ਕੌਮੀ ਪਧਰੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਦੇਸ਼ ਭਰ ਦੇ ਐਨਪੀਐਸ ਮੁਲਾਜ਼ਮ ਭਾਗ ਲੈਣਗੇ।
ਆਗੂਆਂ ਨਿਤਿਨ ਸੋਢੀ, ਬੇਅੰਤ ਰੜ, ਜਸਵਿੰਦਰ ਜੋਗਾ, ਜਤਿੰਦਰ ਪਾਲ ਭੀਖੀ ਅਤੇ ਗੁਰਜੰਟ ਨੰਗਲ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰ ਪੁਰਾਣੀ ਪੈਨਸ਼ਨ ਬਹਾਲੀ ਤੋਂ ਭੱਜ ਰਹੀ ਹੈ ਉਥੇ ਹੀ ਕੇਂਦਰ ਸਰਕਾਰ ਤੇ ਛੱਤੀਸਗੜ੍ਹ ਦੀ ਬੀਜੇਪੀ ਸਰਕਾਰ ਮੁੜ ਰਾਜ ਵਿੱਚ ਯੂਪੀਐਸ ਲਾਗੂ ਕਰ ਐਨਪੀਐਸ ਕਰਮਚਾਰੀਆਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੀ ਹੈ। ਜਿਲ੍ਹਾ ਆਗੂ ਗੁਰਜੀਤ ਰੜ, ਰਾਜਵਿੰਦਰ ਬਹਿਣੀਵਾਲ,ਹਰਜੀਤ ਜੋਗਾ ਅਤੇ ਹਰਦੇਵ ਜੋਗਾ ਨੇ ਕਿਹਾ ਨੇ ਕਿਹਾ ਕਿ ਉਪਰੋਕਤ ਐਕਸ਼ਨਾ ਦੀ ਤਿਆਰੀ ਜਿਲ੍ਹਾ ਪੱਧਰ ਤੇ ਵਿੱਢ ਲਈ ਗਈ ਹੈ। ਉਨ੍ਹਾ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਜਵਾਬ ਉਪਰੋਕਤ ਪ੍ਰੋਗਰਾਮਾਂ ਨੂੰ ਸਫ਼ਲ ਕਰ ਪੰਜਾਬ ਵਿੱਚੋਂ ਦਿੱਤਾ ਜਾਵੇਗਾ।
ਇਸ ਮੌਕੇ ਸਤਨਾਮ ਸਿੰਘ (ਜੰਗਲਾਤ) ਜਨਕ ਸਮਾਓ, ਗੁਰਦੀਪ ਬਰਨਾਲਾ, ਜਗਜੀਵਨ ਸਿੰਘ, ਹਰਦੀਪ ਮੱਤੀ, ਹਰਫੂਲ ਬੋਹਾ, ਹਰਜਿੰਦਰ ਅਨੂਪਗੜ੍ਹ, ਨਵਜੋਸ ਸਪੋਲੀਆ, ਸਹਿਦੇਵ ਸਿੰਘ, ਚਮਕੌਰ ਹੀਰੋਂ, ਰਾਜ ਹੀਰੋਂ, ਬਲਵੰਤ ਸਿੰਘ ਕੁਲਵਿੰਦਰ ਨੰਗਲ, ਗੁਰਵਿੰਦਰ ਦਸੌਂਦੀਆ, ਕੁਲਵਿੰਦਰ ਝੇਰਿਆਵਾਲੀ, ਗੁਰਵਿੰਦਰ ਬਹਿਣੀਵਾਲ ਜਗਵੰਤ ਦਲੀਏਵਾਲੀ, ਪ੍ਰਭੂ ਰਾਮ, ਈਸ਼ਵਰ ਦਾਸ, ਸ਼ਮਸ਼ੇਰ ਬਰੇਟਾ, ਅੰਗਰੇਜ਼ ਸਿੰਘ, ਅਜੈਬ ਟਾਂਡੀਆਂ, ਸਿਕੰਦਰ ਸਿੰਘ , ਕਸ਼ਮੀਰ ਸਿੰਘ, ਰਾਜੇਸ਼ ਅਲੀਸ਼ੇਰ ਆਦਿ ਆਗੂ ਹਾਜ਼ਰ ਸਨ।