
ਅੱਜ ਤੋਂ 2400 ਸਾਲ ਪਹਿਲਾਂ ਯੂਨਾਨ ਵਿੱਚ ਮਹਾਨ ਦਾਰਸ਼ਨਿਕ ਪੈਦਾ ਹੋਏ। ਇਹਨਾਂ ਵਿੱਚ ਪ੍ਰਮੁੱਖ ਸਨ ਸੁਕਰਾਤ, ਪਲੈਟੋ ਅਤੇ ਅਰਸਤੂ। ਉਸ ਸਮੇਂ ਏਥਨਜ ਨੂੰ ਵਿੱਦਿਆ ਦਾ ਸਭ ਤੋਂ ਵੱਡਾ ਕੇਂਦਰ ਸਮਝਿਆ ਜਾਂਦਾ ਸੀ। ਇਸ ਦਾ ਸਾਰੇ ਯੂਰਪ ਅਤੇ ਦੁਨੀਆਂ ‘ਤੇ ਵੱਡਾ ਪ੍ਰਭਾਵ ਸੀ। ਇਹਨਾਂ ਫਿਲਾਸਫਰਾਂ ਦੀ ਵਿਚਾਰਧਾਰਾ ਨੇ ਈਸਾਈ, ਯਹੂਦੀ ਅਤੇ ਇਸਲਾਮ ਧਰਮ ‘ਤੇ ਵੀ ਪ੍ਰਭਾਵ ਪਾਇਆ। ਪੂਰਬ ਵਿੱਚ ਇਸੇ ਸਮੇਂ ਗੌਤਮ ਬੁੱਧ ਦੀ ਧਾਰਮਿਕ ਵਿਚਾਰਧਾਰਾ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਸੀ। ਸਨਾਤਨ ਧਰਮ ਦਾ ਪਹਿਲਾ ਹੀ ਪਸਾਰ ਹੋ ਚੁੱਕਾ ਸੀ। ਜੈਨ ਧਰਮ ਵੀ ਸਥਾਪਿਤ ਹੋ ਚੁੱਕਿਆ ਸੀ। ਸਿੱਖਮਤ ਸਭ ਤੋਂ ਆਧੁਨਿਕ, ਲੋਕਤੰਤਰਕ ਅਤੇ ਵਿਗਿਆਨਕ ਧਰਮ ਗੁਰੂ ਨਾਨਕ ਜੀ ਦੇ ਆਗਮਨ ਨਾਲ ਲੱਗਭਗ ਸਾਢੇ ਪੰਜ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ।
ਸੁਕਰਾਤ ਨੂੰ ਆਪਣੇ ਨਵੇਂ ਵਿਚਾਰਾਂ ਕਰਕੇ ਪੁਰਾਤਨ ਵਿਚਾਰਾਂ ਦੇ ਧਾਰਨੀਆਂ ਨੇ ਜ਼ਹਿਰ ਦਾ ਪਿਆਲਾ ਪੀਣ ਲਈ ਮਜਬੂਰ ਕਰ ਦਿੱਤਾ। ਪਲੈਟੋ ਆਦਰਸ਼ਵਾਦੀ ਦਾਰਸ਼ਨਿਕ ਸੀ। ਉਸ ਦਾ ਚੇਲਾ ਅਰਸਤੂ ਭਾਵੇਂ ਉਸ ਦਾ ਬਹੁਤ ਸਤਿਕਾਰ ਕਰਦਾ ਸੀ ਫਿਰ ਵੀ ਕਈ ਵਿਸ਼ਿਆਂ ‘ਤੇ ਉਸ ਦੇ ਵਿਚਾਰ ਪਲੈਟੋ ਤੋਂ ਵੱਖਰੇ ਸਨ। ਉਸ ਦਾ ਦ੍ਰਿਸ਼ਟ ਦੁਨੀਆਂ ਅਤੇ ਤਰਕ ‘ਤੇ ਵੱਡਾ ਵਿਸ਼ਵਾਸ ਸੀ। ਉਹ ਹਰ ਮਨੁੱਖ ਨੂੰ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਆਪ ਅਨੁਭਵ ਕਰਨ, ਵਾਚਣ ਅਤੇ ਘੋਖਣ ਉਪਰੰਤ ਹੀ ਫੈਸਲੇ ਲੈਣ ਦੀ ਸਲਾਹ ਦਿੰਦਾ ਸੀ। ਉਹ ਸਾਹਿਤ, ਕਲਾ, ਕਹਾਣੀਆਂ, ਸੰਗੀਤ, ਕਵਿਤਾਵਾਂ ਡਰਾਮਾ ਅਤੇ ਖੋਜ ਨੂੰ ਪਹਿਲ ਦਿੰਦਾ ਸੀ। ਉਸ ਅਨੁਸਾਰ ਸਾਹਿਤ ਮਨੁੱਖ ਨੂੰ ਰਵਾਉਣ, ਰਜਾਉਣ, ਹਸਾਉਣ ਅਤੇ ਰਚਨਾਤਮਕ ਵਿਚਾਰਾਂ ਨੂੰ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ। ਅਰਸਤੂ ਦਾ ਪਿਤਾ ਜੋ ਇੱਕ ਰਾਜੇ ਦਾ ਚਕਿਸਤਕ ਸੀ, ਉਹ ਚਾਹੁੰਦਾ ਸੀ ਕਿ ਅਰਸਤੂ ਵੱਡਾ ਇਨਸਾਨ ਬਣੇ। ਇਸ ਲਈ ਉਸ ਨੂੰ ਪੜ੍ਹਨ ਲਈ ਏਥਨਜ਼ ਭੇਜਿਆ ਗਿਆ ਜਿਥੇ ਉਸ ਨੇ ਪਲੈਟੋ ਦੀ ਅਕੈਡਮੀ ਵਿੱਚ ਦਾਖਲਾ ਲਿਆ।
ਅਰਸਤੂ ਤਰਕ ਦਾ ਵੱਡਾ ਧਾਰਣੀ ਸੀ। ਤਰਕ ਦੀ ਵਿਵਸਥਾ ਦੀ ਸਥਾਪਨਾ ਤੋਂ ਬਾਅਦ ਉਸ ਦਾ ਅਗਲਾ ਦਾਅਵਾ ਵਸਤੂਆਂ ਦੀ ਵਾਸਤਵਿਕਤਾ ਦੀ ਸਥਾਪਨਾ ਸੀ। ਉਸ ਦਾ ਅਗਲਾ ਸਬਕ ਮਨੁੱਖ ਨੂੰ ਨੈਤਿਕਤਾ ਦਾ ਧਾਰਣੀ ਬਣਾਉਣਾ ਸੀ। ਨੈਤਿਕ ਕਦਰਾਂ ਕੀਮਤਾਂ ਦਾ ਧਾਰਣੀ ਮਨੁੱਖ ਹੀ ਇਕ ਚੰਗਾ ਸਮਾਜ ਸਿਰਜ ਸਕਦਾ ਹੈ। ਚੰਗਾ ਸਮਾਜ ਹੀ ਇਕ ਚੰਗਾ ਰਾਜ ਸਿਰਜ ਸਕਦਾ ਹੈ। ਇਕ ਚੰਗਾ ਰਾਜ ਜੋ ਭਰਿਸ਼ਟਾਚਾਰ ਤੋ ਮੁਕਤ ਹੋਵੇ, ਜਿਥੇ ਹਰ ਮਨੁੱਖ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਹੋਵੇ। ਇੱਕ ਚੰਗਾ ਰਾਜਾ ਉਹ ਹੀ ਅਖਵਾ ਸਕਦਾ ਹੈ ਜੋ ਲੋਕਾਂ ਦੇ ਦਿਲਾਂ ‘ਤੇ ਰਾਜ ਕਰੇ। ਲੋਕ ਆਪਣੇ ਰਾਜੇ ‘ਤੇ ਮਾਣ ਕਰਨ। ਉਹ ਲੋਕਤੰਤਰ ਦਾ ਸਮਰਥਕ ਨਹੀਂ ਸੀ। ਉਹ ਗਰੀਬ ਲੋਕ ਜੋ ਰਾਜਨੀਤੀ ਨੂੰ ਨਹੀਂ ਸਮਝਦੇ ਨੂੰ ਵੋਟਾਂ ਦੇ ਬਰਾਬਰ ਹੱਕ ਦੇਣ ਦਾ ਵੀ ਸਮਰਥਕ ਨਹੀਂ ਸੀ। ਉਹ ਔਰਤਾਂ ਨੂੰ ਬਰਾਬਰ ਦਾ ਵੋਟ ਹੱਕ ਦੇਣ ਦੇ ਹੱਕ ਵਿੱਚ ਨਹੀਂ ਸੀ। ਉਹ ਸਮਝਦਾ ਸੀ ਕਿ ਕੁੱਝ ਲੋਕ ਦਾਸ ਪਰਵਿਰਤੀ ਦੇ ਮਾਲਕ ਅਤੇ ਕੁੱਝ ਰਾਜ ਕਰਨ ਵਾਲੀ ਪਰਵਿਰਤੀ ਦੇ ਮਾਲਕ ਹੁੰਦੇ ਹਨ। ਇਸ ਲਈ ਉਹ ਰਾਜ ਦੇ ਯੋਗ ਵਿਅਕਤੀਆਂ ਨੂੰ ਹੀ ਰਾਜ ਦੇਣਾ ਚਾਹੀਦਾ ਹੈ। ਗੁਰਮਤਿ ਵੀ ਰਾਜ ਲਈ ਯੋਗ ਬੰਦੇ ਦੀ ਵਕਾਲਤ ਕਰਦਾ ਹੈ। ਗੁਰਮਤਿ ਵਿੱਚ ਬੇਗਮਪੁਰਾ ਦਾ ਸਿਧਾਂਤ ਵੀ ਅਰਸਤੂ ਦੇ ਚੰਗੇ ਰਾਜ ਨਾਲ ਮੇਲ ਖਾਂਦਾ ਹੈ। ਅਰਸਤੂ ਅਨੁਸਾਰ ਬ੍ਰਹਿਮੰਡ ਦੀ ਹਰ ਵਸਤੂ ਗਤੀਸ਼ੀਲ ਹੈ। ਬ੍ਰਹਿਮੰਡ ਦੀ ਹਰ ਵਸਤੂ ਬਦਲ ਰਹੀ ਹੈ। ਹਰ ਵਸਤੂ ਨੂੰ ਕਿਸੇ ਅਣਦਿੱਖ ਸ਼ਕਤੀ ਨੇ ਗਤੀ ਦਿੱਤੀ ਹੈ। ਇਸ ਅਣਦਿੱਖ ਸ਼ਕਤੀ ਨੂੰ ਉਹ ਅਣਮੂਵ ਮੂਵਰ ਕਹਿੰਦਾ ਹੈ। ਦੂਸਰੇ ਧਰਮਾਂ ਵਿੱਚ ਇਸ ਸ਼ਕਤੀ ਨੂੰ ਈਸ਼ਵਰ ਕਿਹਾ ਗਿਆ ਹੈ। ਗੁਰਮਤਿ ਵੀ ਇਸ ਦੀ ਪੋ੍ਰੜਤਾ ਕਰਦਾ ਹੈ। ਮਾਡਰਨ ਵਿਗਿਆਨ ਇਸ ਨੂੰ ਬਿੱਗ ਬੈਂਗ ਜਾਂ ਬਿੱਗ ਬਲਾਸਟ ਦਾ ਨਾਮ ਦਿੰਦਾ ਹੈ। ਅਰਸਤੂ ਜੀਵਨ ਵਿੱਚ ਖੁਸ਼ੀ ਪ੍ਰਾਪਤੀ ਨੂੰ ਜੀਵਨ ਦੀ ਮੰਜ਼ਲ ਦੱਸਦਾ ਹੈ। ਸਿੱਖਮਤ ਇਸ ਖੁਸ਼ੀ ਨੂੰ ਅਨੰਦ ਦੀ ਅਵਸਥਾ ਕਹਿੰਦਾ ਹੈ।
ਪਲੈਟੋ ਦੀ 347 ਇਸਾ ਪੂਰਬ ਵਿੱਚ ਮੌਤ ਹੋ ਗਈ। ਪਲੈਟੋ ਦੀ ਅਕਾਦਮੀ ਦੇ ਸਭ ਤੋਂ ਹੋਣਹਾਰ ਅਰਸਤੂ ਨੂੰ ਅਕਾਦਮੀ ਦੀ ਵਾਗਡੋਰ ਨਾ ਸੌਂਪੀ ਗਈ। ਪਲੈਟੋ ਦੇ ਦੂਜੇ ਚੇਲੇ ਅਰਸਤੂ ਨੂੰ ਬਾਹਰਲਾ ਵਿਅਕਤੀ ਸਮਝਦੇ ਸਨ। ਉਸ ਨਾਲ ਪੱਖਪਾਤ ਕੀਤਾ ਗਿਆ। ਨਿਰਾਸ਼ਾ ਵਿੱਚ ਉਸ ਨੇ ਏਥਨਜ਼ ਛੱਡ ਦਿੱਤਾ ਅਤੇ ਉਹ ਇਟਲੀ ਦੇ ਇੱਕ ਸ਼ਹਿਰ ਵਿੱਚ ਗੁੰਮਨਾਮੀ ਦੀ ਜ਼ਿੰਦਗੀ ਜੀਉਣ ਲੱਗਾ। ਇਥੇ ਉਸ ਦੇ ਸਮਰਥਕਾਂ ਨੇ ਇੱਕ ਹੋਰ ਅਕਾਦਮੀ ਬਣਾ ਦਿੱਤੀ ਜਿਥੇ ਉਹ ਆਪਣੀ ਵਿਚਾਰਧਾਰਾ ਦਾ ਪਰਚਾਰ ਕਰਦਾ ਰਿਹਾ। ਇਸ ਸਮੇਂ ਉਹ ਜੀਵ ਵਿਗਿਆਨ ਦੀਆਂ ਖੋਜਾਂ ਵਿੱਚ ਆਪਣਾ ਸਮਾਂ ਬਿਤਾਉਣ ਲੱਗਾ। ਉਹ ਘੰਟਿਆਂ ਤੱਕ ਸਮੰਦਰੀ ਤੱਟ ‘ਤੇ ਬੈਠਾ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਨੂੰ ਦੇਖਦਾ ਰਹਿੰਦਾ ਅਤੇ ਉਹਨਾਂ ਦੇ ਵਤੀਰੇ ਨੂੰ ਵਾਚਦਾ ਰਹਿੰਦਾ। ਇਸ ਪੜ੍ਹਾਈ ਤੋਂ ਬਾਅਦ ਉਸ ਨੇ ਜੀਵਾਂ ਪ੍ਰਤੀ ਵੱਡੇ ਸਿੱਟੇ ਕੱਢੇ ਜਿਨ੍ਹਾਂ ਨੂੰ ਅੱਜ ਵੀ ਜੀਵ ਵਿਗਿਆਨੀ ਠੀਕ ਮੰਨਦੇ ਹੋਏ ਪੜ੍ਹਾਉਂਦੇ ਹਨ। ਡਾਰਵਿਨ ਨੇ ਉਸ ਨੂੰ ਜੀਵ ਵਿਗਿਆਨ ਦਾ ਪਿਤਾਮਾ ਆਖਿਆ ਹੈ।
ਇਸ ਸਮੇਂ ਮੈਸਡੋਨੀਆਂ ਦਾ ਰਾਜਾ ਆਪਣੇ ਪੁੱਤਰ ਸਿਕੰਦਰ ਨੂੰ ਦੁਨੀਆਂ ਜਿੱਤਣ ਵਾਲਾ ਰਾਜਾ ਬਣਾਉਣ ਦੀ ਇੱਛਾ ਰੱਖਦਾ ਸੀ ਅਤੇ ਉਹ ਉਸ ਲਈ ਇਕ ਚੰਗੇ ਗੁਰੂ ਦੀ ਭਾਲ ਵਿੱਚ ਸੀ। ਉਸ ਸਮੇਂ ਉਸ ਨੂੰ ਅਰਸਤੂ ਤੋਂ ਵੱਡਾ ਕੋਈ ਹੋਰ ਵਿਦਵਾਨ ਨਜ਼ਰ ਨਹੀਂ ਆਇਆ। ਉਸ ਨੇ ਅਰਸਤੂ ਨੂੰ ਸੱਦਾ ਭੇਜਿਆ। ਅਰਸਤੂ ਨੂੰ ਸਿਕੰਦਰ ਦਾ ਗੁਰੂ ਥਾਪਿਆ ਗਿਆ। ਕਈ ਸਾਲ ਦੀ ਪ੍ਰੜ੍ਹਾਈ ਤੋਂ ਬਾਅਦ ਵੀਹ ਸਾਲ ਦੀ ਉਮਰ ਵਿੱਚ ਸਿਕੰਦਰ ਸੰਸਾਰ ਜਿੱਤਣ ਤੁਰ ਪਿਆ। ਅਰਸਤੂ ਨੇ ਸਿਕੰਦਰ ਨੂੰ ਆਪਣੀ ਸਿੱਖਿਆ ਦਾ ਤੱਤ ਸਮਝਾਇਆ। ਉਸ ਨੂੰ ਅੱਛਾ ਵਿਅਕਤੀ ਬਣਨ ਦੇ ਅਤੇ ਚੰਗਾ ਰਾਜਾ ਬਣਨ ਦੇ ਗੁਰ ਸਿਖਾਏ। ਸਿਕੰਦਰ ਨੇ ਬੜੀ ਸ਼ਾਨੋ-ਸ਼ੌਕਤ ਨਾਲ ਅਰਸਤੂ ਨੂੰ ਇੱਕ ਹੀਰੋ ਵਜੋਂ ਉਸ ਦੇ ਪਸੰਦੀਦੇ ਸ਼ਹਿਰ ਏਥਨਜ਼ ਵਿਖੇ ਭੇਜ ਦਿੱਤਾ ਅਤੇ ਆਪ ਸੰਸਾਰ ਜਿੱਤ ਮੁਹਿੰਮ ‘ਤੇ ਨਿਕਲ ਗਿਆ। ਸਿਕੰਦਰ ਦੀ ਫੋਜ ਦੇ ਨਾਲ ਹੀ ਵੱਡੇ ਸਾਹਿਤਕਾਰ, ਵੱਡੇ ਕਲਾ ਪ੍ਰੇਮੀ, ਨਾਟਕਕਾਰ, ਵਧੀਆ ਕਹਾਣੀਕਾਰ, ਕਵੀ ਅਤੇ ਹੋਰ ਰਚਨਾਤਮਕ ਰੁਚੀਆਂ ਵਾਲੇ ਲੋਕ ਨਾਲ ਚੱਲਦੇ ਸਨ। ਉਹ ਸਮੇ-ਸਮੇਂ ‘ਤੇ ਜਿਥੇ ਸਿਕੰਦਰ ਦਾ ਮਾਰਗ ਦਰਸ਼ਨ ਕਰਦੇ ਸਨ ਅਤੇ ਨਾਲ ਹੀ ਫੌਜ ਦਾ ਮਨੋਰੰਜਨ ਕਰਦੇ ਸਨ। ਇਹ ਸਭ ਆਰਸਤੂ ਦੀ ਸਿੱਖਿਆ ਅਨੁਸਾਰ ਚੱਲ ਰਿਹਾ ਸੀ।
ਜਿੱਤਾਂ ਪ੍ਰਾਪਤ ਕਰਦਾ ਹੋਇਆ ਜਦੋਂ ਸਿਕੰਦਰ ਪੰਜਾਬ ਪਹੁੰਚਿਆ ਤਾਂ ਉਸ ਦੀ ਪੰਜਾਬੀ ਜਾਏ ਰਾਜਾ ਪੋਰਸ ਨਾਲ ਵੱਡੀ ਲੜਾਈ ਹੋਈ। ਲੜਾਈ ਦੇ ਅੰਤ ਵਿੱਚ ਜੋ ਸਿਕੰਦਰ ਅਤੇ ਪੋਰਸ ਵਿੱਚ ਵਾਰਤਾਲਾਪ ਹੋਈ ਉਹ ਹਰ ਪੰਜਾਬੀ ਦੀ ਜ਼ੁਬਾਨ ‘ਤੇ ਹੈ। ਸਿਕੰਦਰ ਨੇ ਆਪਣੇ ਦੁਸ਼ਮਣ ਪੋਰਸ ਨੂੰ ਮਾਰਿਆ ਨਹੀਂ ਸਗੋ ਸਿਕੰਦਰ ਪੋਰਸ ਦੀ ਬਹਾਦਰੀ ਤੋ ਖੁਸ਼ ਹੋ ਕੇ ਲੜਾਈ ਛੱਡਕੇ ਵਾਪਸ ਮੁੜ ਗਿਆ। ਇਹਨਾਂ ਦੋਹਾਂ ਰਾਜਿਆਂ ਵਿਚਕਾਰ ਹੋਈ ਵਾਰਤਾਲਾਪ ਨੇ ਜਿਥੇ ਸਿਕੰਦਰ ਨੂੰ ਮਹਾਨ ਬਣਾ ਦਿੱਤਾ ਉਥੇ ਪਿੱਛੇ ਬੈਠੇ ਉਸ ਦੇ ਗੁਰੂ ‘ਆਰਸਤੂ’ ਨੂੰ ਵੀ ਮਹਾਨ ਬਣਾ ਦਿੱਤਾ। ਸਿਰਫ਼ 31 ਸਾਲ ਦੀ ਉਮਰ ਵਿੱਚ ਸਿਕੰਦਰ ਮਹਾਨ ਦੀ ਮੌਤ ਹੋ ਗਈ। ਇਸ ਘਟਨਾ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਨਫ਼ਰਤੀ ਦੌਰ ਨੇ ਅਰਸਤੂ ਨੂੰ ਵੀ ਨਹੀ ਬਖਸ਼ਿਆ। ਉਸ ਨੂੰ ਏਥਨਜ਼ ਜੋ ਉਸ ਦੀ ਮਨਪਸੰਦ ਥਾਂ ਸੀ ਵਿੱਚੋ, ਕੱਢ ਦਿੱਤਾ ਗਿਆ। ਉਸ ਦੇ ਲਿਖੇ ਗ੍ਰੰਥਾਂ ਨੂੰ ਡੰਪ ਕਰ ਦਿੱਤਾ ਗਿਆ। ਨਿਰਾਸ਼ਤਾ ਅਤੇ ਮਾਯੂਸੀ ਦੇ ਦੌਰ ਵਿੱਚ 62 ਸਾਲ ਦੀ ਉਮਰ ਭੋਗ ਕੇ ਉਹ ਇਸ ਸੰਸਾਰ ‘ਤੋਂ ਰੁਖ਼ਸਤ ਹੋ ਗਿਆ। ਦੋ ਸੌ ਸਾਲ ਬਾਅਦ ਉਸ ਦੇ ਗ੍ਰੰਥ ਖੋਲ੍ਹੇ ਗਏ ਜੋ ਅੱਜ ਵੀ ਸੰਸਾਰ ਨੂੰ ਰੋਸ਼ਨੀ ਦੇ ਰਹੇ ਹਨ।