ਤਹਿਰਾਨ – ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਜਿਹੜੇ ਹੈਲੀਕਾਪਟਰ ਵਿਚ ਸਵਾਰ ਸਨ, ਹਾਦਸਾਗ੍ਰਸਤ ਹੁੰਦੇ ਹੀ ਉਸ ਵਿਚ ਅੱਗ ਲੱਗ ਗਈ ਸੀ ਅਤੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਉਸ ‘’ਤੇ ਕੋਈ ਹਮਲਾ ਕੀਤਾ ਗਿਆ ਸੀ। ਈਰਾਨੀ ਮੀਡੀਆ ਨੇ ਹਾਦਸੇ ਦੇ ਜਾਂਚਕਰਤਾਵਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਹੋਏ ਇਸ ਹਾਦਸੇ ‘’ਚ ਰਇਸੀ ਤੋਂ ਇਲਾਵਾ ਦੇਸ਼ ਦੇ ਵਿਦੇਸ਼ ਮੰਤਰੀ ਅਤੇ 6 ਹੋਰ ਲੋਕ ਮਾਰੇ ਗਏ ਸਨ। ਹਾਦਸੇ ਦੀ ਜਾਂਚ ਕਰ ਰਹੇ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਦਾ ਬਿਆਨ ਵੀਰਵਾਰ ਦੇਰ ਰਾਤ ਸਰਕਾਰੀ ਟੈਲੀਵਿਜ਼ਨ ‘ਤੇ ਪੜਿ੍ਹਆ ਗਿਆ। ਹਾਦਸੇ ਸਬੰਧੀ ਜਾਰੀ ਕੀਤੇ ਪਹਿਲੇ ਬਿਆਨ ‘’ਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ ਪਰ ਕਿਹਾ ਗਿਆ ਹੈ ਕਿ ਹੋਰ ਜਾਣਕਾਰੀ ਅਗਲੇਰੀ ਜਾਂਚ ਤੋਂ ਬਾਅਦ ਹੀ ਮਿਲੇਗੀ। ਜਨਰਲ ਸਟਾਫ਼ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਰੈਸ਼ ਹੋਣ ਤੋਂ ਪਹਿਲਾਂ ਕੰਟਰੋਲ ਟਾਵਰ ਅਤੇ ਹੈਲੀਕਾਪਟਰ ਦੇ ਅਮਲੇ ਵਿਚਕਾਰ ਸਥਾਪਿਤ ਸੰਚਾਰ ਵਿੱਚ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਹੈਲੀਕਾਪਟਰ ਨੇ ਹਾਦਸੇ ਤੋਂ ਲਗਭਗ 90 ਸਕਿੰਟ ਪਹਿਲਾਂ ਦੋ ਹੋਰ ਹੈਲੀਕਾਪਟਰਾਂ ਨਾਲ ਸੰਚਾਰ ਸਥਾਪਿਤ ਕੀਤਾ ਸੀ। ਬਿਆਨ ‘’ਚ ਕਿਹਾ ਗਿਆ ਹੈ ਕਿ ਹੈਲੀਕਾਪਟਰ ‘ਤੇ ਹਮਲਾ ਹੋਣ ਦਾ ਕੋਈ ਸੰਕੇਤ ਨਹੀਂ ਹੈ ਅਤੇ ਨਾ ਹੀ ਇਸ ਦੇ ਰਾਹ ‘’ਚ ਕੋਈ ਬਦਲਾਅ ਹੋਇਆ ਹੈ।