ਗੋਆ – ਭਾਰਤੀ ਕਿਸਾਨ ਯੂਨੀਅਨ (BKU) ਦੇ ਆਗੂ ਰਾਕੇਸ਼ ਟਿਕੈਤ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਸਾਰਿਆਂ ਨੂੰ ਜਾਤੀ, ਧਰਮ ਅਤੇ ਜਿਨਾਹ ਦੇ ਮੁੱਦੇ ‘ਚ ਉਲਝਾਉਣਗੀਆਂ ਪਰ ਉਨ੍ਹਾਂ ਨੂੰ ਖੇਤੀ ਦੇ ਮੁੱਦੇ ‘ਤੇ ਹੀ ਡਟੇ ਰਹਿਣਾ ਚਾਹੀਦਾ ਹੈ। ਅਗਲੇ ਸਾਲ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਣੀਪੁਰ ‘ਚ ਚੋਣਾਂ ਹੋਣੀਆਂ ਹਨ। ਰਾਕੇਸ਼ ਟਿਕੈਤ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਉੱਤਰ ਪ੍ਰਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਮੁਹੰਮਦ ਅਲੀ ਜਿੰਨਾ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਕਾਰ ਬਿਆਨਬਾਜ਼ੀ ਹੋ ਰਹੀ ਹੈ।ਟਿਕੈਤ ਨੇ ਸ਼ਨਿਚਰਵਾਰ ਨੂੰ ਟਵਿੱਟਰ ‘ਤੇ ਲਿਖਿਆ, ‘ਹੁਣ ਚੋਣਜੀਵੀ ਘਰ-ਘਰ ਜਾਣਗੇ, ਤੁਹਾਨੂੰ ਜਾਤੀ, ਧਰਮ ਤੇ ਜਿੰਨਾ ‘ਚ ਉਲਝਾਉਣਗੇ। ਅਸੀਂ ਕਿਸਾਨ-ਮਜ਼ਦੂਰ ਹੀ ਬਣੇ ਰਹਿਣਾ ਹੈ ਅਤੇ ਖੇਤੀ-ਕਿਸਾਨੀ ਮੁੱਦਿਆਂ ‘ਤੇ ਹੀ ਡਟੇ ਰਹਿਣਾ ਹੈ।’ ਬੀਕੇਯੂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (SKM) ਦਾ ਹਿੱਸਾ ਹੈ ਤੇ ਨਵੰਬਰ 2020 ਤੋਂ ਦਿੱਲੀ ਦੇ ਤਿੰਨ ਬਾਰਡਰ ਸਿੰਘੂ, ਟਿਕਰੀ ਅਤੇ ਗਾਜ਼ੀਆਬਾਦ ‘ਚ ਪ੍ਰਦਰਸ਼ਨ ‘ਚ ਸ਼ਾਮਲ ਹਨ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਉਨ੍ਹਾਂ ਟਵੀਟ ‘ਚ ਕਿਹਾ ਸੀ ਕਿ ਇਸ ਵਾਰ ‘ਗੂੰਗੀ-ਬੋਲੀ ਸਰਕਾਰ’ ਨੂੰ ਜਗਾਉਣ ਤੇ ਆਪਣੀ ਗੱਲ ਮਨਵਾਉਣ ਲਈ ਕਿਸਾਨ 29 ਨਵੰਬਰ ਨੂੰ ਟ੍ਰੈਕਟਰਾਂ ਰਾਹੀਂ ਸੰਸਦ ਭਵਨ ਜਾਣਗੇ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਹੱਦਾਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਇਕ ਸਾਲ ਪੂਰਾ ਹੋਣ ਵਾਲਾ ਹੈ। ਟਿਕੈਤ ਨੇ ਹਾਲ ਹੀ ‘ਚ ਕਿਹਾ ਸੀ, ਜਦੋਂ ਤਕ ਤਿੰਨੋਂ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਐੱਮਐੱਸਪੀ ‘ਤੇ ਗਾਰੰਟੀ ਕਾਨੂੰਨ ਨਹੀਂ ਬਣਦਾ ਉਦੋਂ ਤਕ ਅੰਦੋਲਨ ਦੇਸ਼ ਭਰ ਵਿਚ ਜਾਰੀ ਰਹੇਗਾ। ਬਿੱਲ ਵਾਪਸੀ ਹੀ ਘਰ ਵਾਪਸੀ ਹੈ। ਇਹ ਅੰਦੋਲਨ ਜਲ, ਜੰਗਲ ਤੇ ਜ਼ਮੀਨ ਨੂੰ ਬਚਾਉਣ ਦਾ ਅੰਦੋਲਨ ਹੈ।’