ਨਵੀਂ ਦਿੱਲੀ – ਦੇਸ਼ ਭਰ ਵਿੱਚ ਨਵੀਂ ਫੌਜ ਦੀ ਭਰਤੀ ਯੋਜਨਾ ‘ਅਗਨੀਪਥ’ ਦੇ ਖਿਲਾਫ ਹੋ ਰਹੇ ਭਾਰੀ ਹੰਗਾਮੇ ਨੂੰ ਰੋਕਣ ਲਈ ਕੇਂਦਰ ਸਰਕਾਰ ਸਰਗਰਮ ਮੋਡ ਵਿੱਚ ਆ ਗਈ ਹੈ। ਇਸ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਵਿੱਚ ਸੈਨਾ ਮੁਖੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ, ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਥਲ ਸੈਨਾ ਦੇ ਮੁਖੀ ਜਨਰਲ ਬੀਐਸ ਰਾਜੂ ਹਾਜ਼ਰ ਸਨ। ਜਾਣਕਾਰੀ ਅਨੁਸਾਰ ਮੀਟਿੰਗ ਦਾ ਮੁੱਖ ਕੇਂਦਰ ‘ਅਗਨੀਪਥ’ ਯੋਜਨਾ ਨੂੰ ਜਲਦੀ ਲਾਗੂ ਕਰਨ ਅਤੇ ਅੰਦੋਲਨਕਾਰੀਆਂ ਨੂੰ ਸ਼ਾਂਤ ਕਰਨ ਦੇ ਤਰੀਕਿਆਂ ਨੂੰ ਯਕੀਨੀ ਬਣਾਉਣਾ ਸੀ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਅਧਿਕਾਰਤ ਦੌਰੇ ’ਤੇ ਹੈਦਰਾਬਾਦ ਵਿੱਚ ਹਨ।
‘ਅਗਨੀਪਥ’ ਯੋਜਨਾ ਦੇ ਖ਼ਿਲਾਫ਼ ਵਿਰੋਧ ਤੇਜ਼ ਹੋਣ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਨਵੇਂ ਫੌਜੀ ਭਰਤੀ ਮਾਡਲ ਦਾ ਜ਼ੋਰਦਾਰ ਬਚਾਅ ਕਰਦੇ ਹੋਏ ਕਿਹਾ ਕਿ ਇਹ ਸਾਬਕਾ ਸੈਨਿਕਾਂ ਸਮੇਤ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਵਿਰੁੱਧ ਸਿਆਸੀ ਕਾਰਨਾਂ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਜ ਹੀ ਗ੍ਰਹਿ ਮੰਤਰਾਲੇ ਨੇ CAPF ਅਤੇ ਅਸਾਮ ਰਾਈਫਲਜ਼ ਵਿੱਚ ਹੋਣ ਵਾਲੀ ਭਰਤੀ ਵਿੱਚ ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਪੂਰੇ ਕਰ ਚੁੱਕੇ ਅਗਨੀਵੀਰਾਂ ਲਈ 10 ਫੀਸਦੀ ਅਸਾਮੀਆਂ ਰਾਖਵੀਆਂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, CAPF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਲਈ ਅਗਨੀਵੀਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ ਤਿੰਨ ਸਾਲ ਅਤੇ ਅਗਨੀਪਥ ਯੋਜਨਾ ਦੇ ਪਹਿਲੇ ਬੈਚ ਲਈ 5 ਸਾਲ ਦੀ ਛੋਟ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ।