ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਰਾਸ਼ਟਰੀ ਗਣਿਤ ਦਿਵਸ-2024 ਦੇ ਸਬੰਧ ’ਚ ‘ਫ਼ੈਸਟੀਵਲ ਆਫ਼ ਮੈਥਾਮੈਥਿਕ’ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਪ੍ਰੋਗਰਾਮ ਪੰਜਾਬ ਸਟੇਟ ਕੌਂਸਿਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਨੈਸ਼ਨਲ ਕੌਂਸਿਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਅਤੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਸਮਾਗਮ ਦੌਰਾਨ ਘੋਸ਼ਣਾ ਪੱਤਰ, ਪੋਸਟਰ ਪੇਸ਼ਕਾਰੀ, ਕੁਵਿੱਜ ਸਬੰਧੀ ਅੰਤਰ ਸੰਸਥਾਗਤ ਆਦਿ ਮੁਕਾਬਲੇ ਕਰਵਾਏ ਗਏ, ਜਿਸ ’ਚ ਵੱਖ-ਵੱਖ ਸੰਸਥਾਵਾਂ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਪ੍ਰੋਗਰਾਮ ਦਾ ਅਗਾਜ਼ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਪ੍ਰਿੰ: ਡਾ. ਕਾਹਲੋਂ ਵੱਲੋਂ ਵਿਭਾਗ ਮੁੱਖੀ ਅਤੇ ਕੋਆਰਡੀਨੇਟਰ ਡਾ. ਰਾਜਿੰਦਰ ਪਾਲ ਕੌਰ ਨਾਲ ਮਿਲ ਕੇ ਮੁੱਖ ਮਹਿਮਾਨ ਵਜੋਂ ਆਈ. ਕੇ. ਜੀ. ਪੀ. ਟੀ. ਯੂ., ਜਲੰਧਰ ਤੋਂ ਪੁੱਜੇ ਪ੍ਰੋ: ਆਸ਼ੀਸ਼ ਅਰੋੜਾ ਨੂੰ ਪੌਦਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਡਾ. ਕਾਹਲੋਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਹੋਰਨਾਂ ਵਿੱਦਿਅਕ ਸਰਗਰਮੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਉਕਤ ਪ੍ਰੋਗਰਾਮ ਸਬੰਧੀ ਡਾ. ਰਾਜਿੰਦਰਪਾਲ ਕੌਰ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਵਿਕਾਸ ਲਈ ਸਹਾਈ ਸਿੱਧ ਹੁੰਦੇ ਹਨ, ਜੋ ਕਿ ਉਨ੍ਹਾਂ ਦੇ ਗਿਆਨ ਅਤੇ ਹੁਨਰ ’ਚ ਨਿਖਾਰ ਲਿਆਂਦੇ ਹਨ।
ਇਸ ਪ੍ਰੋਗਰਾਮ ਮੌਕੇ ਪ੍ਰੋ: ਅਰੋੜਾ ਨੇ ਬੱਚਿਆਂ ਨੂੰ ਜੀਵਨ ’ਚ ਕਾਮਯਾਬੀ ਪ੍ਰਾਪਤ ਕਰਨ ਲਈ ਗੁਰ ਦੱਸਦੇ ਹੋਏ ਆਪਣੇ ਮਿੱਥੇ ਟੀਚੇ ਨੂੰ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਅਤੇ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਦੀਆਂ ਹਰੇਕ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਰਾਜਿੰਦਰਪਾਲ ਕੌਰ ਨੇ ਪ੍ਰਿੰ: ਡਾ. ਕਾਹਲੋਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਲਈ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਆਏ ਮਹਿਮਾਨਾਂ ਅਤੇ ਸਮੂਹ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਉਕਤ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਵਧਾਈ ਦਿੰਦੇ ਹੋਏ ਹੋਰ ਉਤਸੁਕਤਾ ਨਾਲ ਅਗਾਂਹ ਆਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪ੍ਰੋ: ਅਰੋੜਾ ਨੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਡਾ. ਰਾਜਿੰਦਰਪਾਲ ਕੌਰ ਨਾਲ ਮਿਲ ਕੇ ਮੁਕਾਬਲੇ ’ਚ ਜੇਤੂ ਆਏ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ: ਪਵਨਪ੍ਰੀਤ ਕੌਰ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਪ੍ਰੋ: ਅਰੋੜਾ ਨੂੰ ਡਾ. ਭਾਟੀਆ ਅਤੇ ਡਾ. ਰਜਿੰਦਰਪਾਲ ਕੌਰ ਨਾਲ ਮਿਲ ਕੇ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ। ਇਸ ਮੌਕੇ ਆਰਗੇਨਾਈਜ਼ਿੰਗ ਸਕੱਤਰ ਡਾ. ਗਗਨਦੀਪ ਸਿੰਘ, ਡਾ. ਹਰਵਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।