ਅੰਮ੍ਰਿਤਸਰ – ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਵਿਦਿਆਰਥੀ ਦੀ ਦਸਤਾਰ ਖ਼ਾਲਸਾ ਕਾਲਜ ਵਿਚ ਵੀ ਸੁਰੱਖਿਅਤ ਨਹੀਂ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਸਿੱਖਾਂ ਦੇ ਕਕਾਰਾਂ ਸਬੰਧੀ ਦਿੱਤਾ ਬਿਆਨ ਸਹੀ ਹੈ। ਉਹਨਾਂ ਅਗੇ ਕਿਹਾ ਕਿ ਇਸ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਦਿੱਲੀ ਦੀਆਂ ਸਿੱਖ ਸੰਸਥਾਵਾਂ ਦੇ ਆਗੂ ਇਸ ਮਾਮਲੇ ਤੇ ਚੁਪ ਹਨ। ਅੱਜ ਗੁਰਦਵਾਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਇਸ ਗੰਭੀਰ ਮੁੱਦੇ ਤੇ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਸੀ ਕਿ ਆਖਿਰ ਉਹ ਕੌਣ ਲੋਕ ਸਨ ਜਿਨਾਂ ਸ਼ਰੇਆਮ ਇਕ ਸਿੱਖ ਵਿਦਿਆਰਥੀ ਦੀ ਦਸਤਾਰ ਲਾਹੀ ਤੇ ਸਿੱਖ ਬੱਚੀਆਂ ਨਾਲ ਬਦਤਮੀਜ਼ੀ ਕੀਤੀ। ਦਿੱਲੀ ਕਮੇਟੀ ਦੀ ਚੁੱਪ ਵੀ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਲਗਦੀ ਹੈ। ਜਥੇਦਾਰ ਨੇ ਅਗੇ ਕਿਹਾ ਕਿ ਜੇ ਖ਼ਾਲਸਾ ਕਾਲਜ ਵਿਚ ਹੀ ਸਾਡੇ ਬੱਚੇ ਸੁਰਖਿਅਤ ਨਹੀਂ ਹਨ ਤਾਂ ਕਿਥੇ ਸੁਰਖਿਅਤ ਹੋਣਗੇ। ਜਥੇਦਾਰ ਨੇ ਕਿਹਾ ਕਿ ਇਹ ਘਟਨਾ ਦਸਦੀ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਿੱਖਾਂ ਦੇ ਕਕਾਰਾਂ ਬਾਰੇ ਜੋ ਬਿਆਨ ਦਿੱਤਾ ਸੀ ਉਹ ਬਿਲਕੁਲ ਸਹੀ ਹੈ। ਉਹਨਾਂ ਦਿੱਲੀ ਦੇ ਸਿੱਖ ਆਗੂਆਂ ਨੂੰ ਪੁੱਛਿਆ ਕਿ ਉਹ ਦਸਣ ਕਿ ਇਨੀ ਵਡੀ ਘਟਨਾ ਵਾਪਰ ਗਈ ਤੇ ਇਹ ਆਗੂ ਚੁਪ ਕਿਉਂ ਹਨ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸ ਭਗਵੰਤਪਾਲ ਸਿੰਘ ਸੱਚਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੀ ਹਾਜ਼ਰ ਸਨ।