International

ਰੂਸ ਦੀ ਪੇਸ਼ਕਸ਼ ‘ਤੇ ਯੂਕਰੇਨ ਦੀ ਦੋ ਟੁੱਕ, ਸਮਰਪਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

ਲਵੀਵ – ਯੂਕਰੇਨ ਨੇ ਆਪਣੇ ਤੱਟੀ ਸ਼ਹਿਰ ਮਾਰੀਪੋਲ ‘ਚ ਫ਼ੌਜ ਦੇ ਸਮਰਪਣ ਸਬੰਧੀ ਰੂਸ ਦਾ ਮਤਾ ਠੁਕਰਾ ਦਿੱਤਾ। ਰੂਸ ਨੇ ਕਿਹਾ ਸੀ ਕਿ ਜੇਕਰ ਯੂਕਰੇਨੀ ਫ਼ੌਜ ਸਮਰਪਣ ਕਰ ਦੇਵੇਗੀ, ਤਾਂ ਉਹ ਮਾਰੀਪੋਲ ਤੋਂ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਮਨੁੱਖੀ ਗਲਿਆਰਾ ਦੇ ਸਕਦਾ ਹੈ। ਮਾਰੀਪੋਲ ‘ਚ ਯੂਕਰੇਨੀ ਫ਼ੌਜ ‘ਤੇ ਦਬਾਅ ਬਣਾਉਣ ਲਈ ਰੂਸ ਨੇ ਬੰਬਾਰੀ ਤੇਜ਼ ਕਰ ਦਿੱਤੀ ਹੈ। ਰਾਜਧਾਨੀ ਕੀਵ ‘ਚ ਰੂਸੀ ਬੰਬਾਰੀ ‘ਚ ਇਕ ਸ਼ਾਪਿੰਗ ਸੈਂਟਰ ਤਬਾਹ ਹੋ ਗਿਆ ਤੇ ਘੱਟੋ-ਘੱਟ ਅੱਠ ਲੋਕ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਉੱਤਰੀ ਯੂਕਰੇਨ ਦੇ ਇਕ ਕੈਮੀਕਲ ਪਲਾਂਟ ‘ਤੇ ਬੰਬਾਰੀ ਕੀਤੀ, ਜਿਸ ਕਾਰਨ ਉੱਥੋਂ ਖ਼ਤਰਨਾਕ ਅਮੋਨੀਆ ਗੈਸ ਦਾ ਰਿਸਾਅ ਹੋਣ ਲੱਗਿਆ ਤੇ ਲੋਕ ਦਹਿਸ਼ਤ ‘ਚ ਆ ਗਏ। ਰੂਸ ਨੇ ਰੀਵਨੇ ਸਥਿਤ ਫ਼ੌਜੀ ਸਿਖਲਾਈ ਕੇਂਦਰ ‘ਤੇ ਕਰੂਜ਼ ਮਿਜ਼ਾਈਲ ਨਾਲ ਹਮਲੇ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ‘ਚ 80 ਤੋਂ ਵੱਧ ਵਿਦੇਸ਼ੀ ਤੇ ਯੂਕਰੇਨੀ ਫ਼ੌਜੀ ਮਾਰੇ ਗਏ। ਕ੍ਰੀਮੀਆ ਦੇ ਸੇਵਾਸਤੋਪੋਲ ਸ਼ਹਿਰ ਦੇ ਗਵਰਨਰ ਨੇ ਦੱਸਿਆ ਕਿ ਮਾਰੀਪੋਲ ‘ਚ ਜੰਗ ਦੌਰਾਨ ਕਾਲਾ ਸਾਗਰ ਸਥਿਤ ਰੂਸੀ ਨੇਵੀ ਫ਼ੌਜ ਦੇ ਬੇੜੇ ਦੇ ਉਪ ਕਮਾਂਡਰ ਆਂਦਰੇਈ ਪਾਲੀ ਮਾਰੇ ਗਏ। ਇਸ ਦੌਰਾਨ ਯੂਕਰੇਨ ਤੇ ਰੂਸ ਦੇ ਅਧਿਕਾਰੀਆਂ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਫਿਰ ਤੋਂ ਬਹਾਲ ਹੋ ਗਈ ਹੈ। ਅਜੋਵ ਸਾਗਰ ਨੇੜੇ ਸਥਿਤ ਦੱਖਣੀ ਸ਼ਹਿਰ ਮਾਰੀਪੋਲ ਤਿੰਨ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਰੂਸੀ ਫ਼ੌਜ ਨਾਲ ਿਘਰਿਆ ਹੋਇਆ ਹੈ ਤੇ ਉਸ ਦੇ ਜ਼ਬਰਦਸਤ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਯੂਕਰੇਨੀ ਅਧਿਕਾਰੀਆਂ ਮੁਤਾਬਕ ਰੂਸੀ ਫ਼ੌਜ ਨੇ ਬੀਤੇ ਦਿਨੀਂ ਇਕ ਆਰਟ ਸਕੂਲ ‘ਤੇ ਬੰਬਾਰੀ ਦੇ ਕੁਝ ਘੰਟਿਆਂ ਬਾਅਦ ਗਲਿਆਰਾ ਖੋਲ੍ਹਣ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਠੁਕਰਾ ਦਿੱਤਾ ਗਿਆ। ਉਪ ਪ੍ਰਧਾਨ ਮੰਤਰੀ ਇਰਿਨਾ ਵੇਰੇਸਚੁਕ ਨੇ ਨਿਊਜ਼ ਅਦਾਰੇ ਯੂਕਰੇਨੀਅਨ ਪ੍ਰਵਦਾ ਨੂੰ ਕਿਹਾ ਕਿ ਆਤਮ ਸਮਰਪਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਸੀਂ ਰੂਸ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਮਾਰੀਪੋਲ ‘ਚ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਉੱਥੇ ਮਨੁੱਖੀ ਸਹਾਇਤਾ ਵੀ ਨਹੀਂ ਪਹੁੰਚ ਪਾ ਰਹੀ।

ਰੂਸੀ ਕਰਨਲ ਜਨਰਲ ਮਿਖਾਈਲ ਮਿਜਿੰਤਸੇਵ ਨੇ ਕਿਹਾ ਸੀ ਕਿ ਉਹ ਮਾਰੀਪੋਲ ਤੋਂ ਨਿਕਾਸੀ ਲਈ ਦੋ ਗਲਿਆਰੇ ਬਣਾਉਣ ਦੀ ਇਜਾਜ਼ਤ ਦੇਣਗੇ। ਇਨ੍ਹਾਂ ‘ਚੋਂ ਇਕ ਪੂਰਬ ‘ਚ ਰੂਸ ਵੱਲ ਤੇ ਦੂਜਾ ਪੱਛਮ ‘ਚ ਯੂਕਰੇਨ ਦੇ ਹੋਰ ਹਿੱਸਿਆਂ ਵੱਲ ਜਾਵੇਗਾ। ਮਾਰੀਪੋਲ ਦੇ ਅਧਿਕਾਰੀਆਂ ਨੂੰ ਪੇਸ਼ਕਸ਼ ‘ਤੇ ਜਵਾਬ ਦੇਣ ਲਈ ਸੋਮਵਾਰ ਸਵੇਰ ਪੰਜ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਨਾ ਮੰਨਿਆ, ਤਾਂ ਮਾਰੀਪੋਲ ਦੇ ਅਧਿਕਾਰੀਆਂ ਨੂੰ ਫ਼ੌਜੀ ਟਿ੍ਬਿਊਨਲ ਦਾ ਸਾਹਮਣਾ ਕਰਨਾ ਪੈ ਸਦਾ ਹੈ। ਮਾਰੀਪੋਲ ‘ਤੇ ਕਬਜ਼ੇ ਨਾਲ ਦੱਖਣੀ ਤੇ ਪੂਰਬੀ ਯੂਕਰੇਨ ‘ਚ ਰੂਸੀ ਫ਼ੌਜ ਨੂੰ ਇਕਜੁੱਟ ਹੋਣ ‘ਚ ਮਦਦ ਮਿਲੇਗੀ। ਓਧਰ ਪੋਲੈਂਡ ‘ਚ ਪਨਾਹ ਲੈਣ ਵਾਲੇ ਯੂਕਰੇਨੀਆਂ ਦੀ ਉੱਥੋਂ ਦੇ ਨੈਸ਼ਨਲ ਸਟੇਡੀਅਮ ‘ਚ ਵਰਕ ਪਰਮਿਟ ਲਈ ਲੰਬੀਆਂ ਲਾਈਨਾਂ ਲੱਗੀਆਂ ਹਨ। ਪੋਲੈਂਡ ‘ਚ ਸਭ ਤੋਂ ਵੱਧ ਕਰੀਬ 21 ਲੱਖ ਯੂਕਰੇਨੀਆਂ ਨੇ ਪਨਾਹ ਲਈ ਹੋਈ ਹੈ।

ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਕਿ ਯੂਕਰੇਨ ਦੇ ਬਦਲੇ ਦਾ ਨਤੀਜਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤਾਕਤਵਰ ਫ਼ੌਜ ਅੱਗੇ ਨਹੀਂ ਵਧ ਪਾ ਰਹੀ। ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨੀ ਫ਼ੌਜ ਨੇ ਰੂਸੀ ਫ਼ੌਜੀ ਬਲ ਨੂੰ ਕੀਵ ਤੋਂ 25 ਕਿਲੋਮੀਟਰ ਦੂਰ ਰੋਕੀ ਰੱਖਿਆ ਹੈ। ਯੂਰਪੀ ਸੰਘ ਦੇ ਵਿਦੇਸ਼ ਨੀਤੀ ਦੇ ਮੁਖੀ ਜੋਸਫ ਬੋਰੇਲ ਨੇ ਕਿਹਾ, ‘ਮਾਰੀਪੋਲ ‘ਚ ਜੋ ਹੋ ਰਿਹਾ ਹੈ, ਉਹ ਜੰਗੀ ਅਪਰਾਧ ਹੈ। ਈਯੂ ਰੂਸ ਖ਼ਿਲਾਫ਼ ਤੇਲ ਤੇ ਗੈਸ ਨਾਲ ਸਬੰਧਤ ਪਾਬੰਦੀਆਂ ਲਈ ਬੈਠਕ ਕਰਨ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਫਰਾਂਸ, ਜਰਮਨੀ, ਇਟਲੀ ਤੇ ਬਿ੍ਟੇਨ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਵਾਲੇ ਹਨ। ਬਾਇਡਨ ਇਸੇ ਹਫ਼ਤੇ ਯੂਰਪ ਜਾਣ ਵਾਲੇ ਹਨ ਤੇ ਉਹ ਜੰਗ ਪ੍ਰਭਾਵਿਤ ਯੂਕਰੇਨ ਦੇ ਗੁਆਂਢੀ ਦੇਸ਼ ਪੋਲੈਂਡ ‘ਚ ਵੀ ਰੁਕਣਗੇ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਯੂਕਰੇਨ ਜੰਗ ਖ਼ਤਮ ਹੋਣ ਦੀ ਫ਼ੌਰੀ ਕੋਈ ਸੰਭਾਵਨਾ ਨਹੀਂ ਦਿਖਾਈ ਦਿੰਦੀ।

ਯੂਕਰੇਨ ਦੇ ਬੁਨਿਆਦੀ ਢਾਂਚਾ ਮੰਤਰਾਲੇ ਨੇ ਦੱਸਿਆ ਕਿ ਕਾਲਾ ਸਾਗਰ ਤੇ ਅਜੋਵ ਸਾਗਰ ਸਥਿਤ ਉਸ ਦੀਆਂ ਸਾਰੀਆਂ ਬੰਦਰਗਾਹਾਂ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ ਹਨ। ਬੰਦਰਗਾਹਾਂ ‘ਚ ਬੇੜਿਆਂ ਦੇ ਦਾਖ਼ਲੇ ਤੇ ਨਿਕਾਸੀ ‘ਤੇ ਰੋਕ ਲਗਾ ਦਿੱਤੀ ਗਈ ਹੈ।

ਯੂਕਰੇਨ ਦੇ ਮੁਖ ਖ਼ੁਫ਼ੀਆ ਡਾਇਰੈਕਰ ਜਨਰਲ ਨੇ ਇਕ ਫੇਸਬੁੱਕ ਪੋਸਟ ‘ਚ ਕਿਹਾ, ਰੂਸ ਨੇ ਯੂਕਰੇਨ ਦੇ ਸਿਖਰਲੀ ਫ਼ੌਜੀ ਤੇ ਸਿਆਸੀ ਲੀਡਰਸ਼ਿੱਪ ਦੀ ਹੱਤਿਆ ਲਈ ਇਕ ਹੋਰ ਅੱਤਵਾਦੀ ਗੈਂਗ ਨੂੰ ਸੁਪਾਰੀ ਦਿੱਤੀ ਹੈ। ਉਸ ਦਾ ਮੁੱਖ ਨਿਸ਼ਾਨਾ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ, ਉਨ੍ਹਾਂ ਦੇ ਪ੍ਰਸ਼ਾਸਨ ਦੇ ਪ੍ਰਮੁੱਖ ਤੇ ਪ੍ਰਧਾਨ ਮੰਤਰੀ ਹਨ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin