ਸਿਓਲ – ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਉੱਤਰੀ ਕੋਰੀਆ ਨੇ ਰੂਸ ਦਾ ਸਮਰਥਨ ਕਰਨ ਲਈ ਹੋਰ ਤੋਪਖਾਨੇ ਭੇਜੇ ਹਨ ਅਤੇ ਰੂਸ ਵਿੱਚ ਮੌਜੂਦ ਉੱਤਰੀ ਕੋਰੀਆ ਦੇ ਹਜ਼ਾਰਾਂ ਫੌਜੀਆਂ ਵਿੱਚੋਂ ਕੁਝ ਨੇ ਜੰਗ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਬੁੱਧਵਾਰ ਨੂੰ ਦੇਸ਼ ਦੇ ਸੰਸਦ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਕੋਰੀਆ ਦਾ ਇਹ ਮੁਲਾਂਕਣ ਰੂਸ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਉਸ ਚਿਤਾਵਨੀ ਤੋਂ ਬਾਅਦ ਆਇਆ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਦਿੱਤੀਆਂ ਗਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਰੂਸ ਦੇ ਅੰਦਰ ਨਿਸ਼ਾਨੇ ‘ਤੇ ਹਮਲਾ ਕਰਨ ਦੀ ਜੋਅ ਬਾਈਡੇਨ ਦੀ ਇਜਾਜ਼ਤ ਜੰਗ ਨੂੰ ਭੜਕਾਏਗੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਬਾਈਡੇਨ ਨੇ ਇਹ ਫ਼ੈਸਲਾ ਉੱਤਰੀ ਕੋਰੀਆ ਦੇ ਯੁੱਧ ਵਿੱਚ ਲਗਭਗ ਪੂਰੀ ਤਰ੍ਹਾਂ ਨਾਲ ਭਾਗ ਲੈਣ ਕਾਰਨ ਲਿਆ ਹੈ। ਮੀਟਿੰਗ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਲੀ ਸੇਓਂਗ ਕਵੇਨ ਨੇ ਕਿਹਾ ਕਿ ਸੰਸਦ ਵਿੱਚ ਇੱਕ ਬੰਦ ਦਰਵਾਜ਼ੇ ਦੀ ਮੀਟਿੰਗ ਵਿੱਚ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰੂਸ ਨੂੰ 170 ਐਮਐਮ ਸਵੈ-ਚਾਲਿਤ ਬੰਦੂਕਾਂ ਅਤੇ 240 ਐਮਐਮ ਮਲਟੀਪਲ ਰਾਕੇਟ ਲਾਂਚ ਪ੍ਰਣਾਲੀਆਂ ਦਾ ਨਿਰਯਾਤ ਕੀਤਾ ਹੈ।