ਅੰਮ੍ਰਿਤਸਰ – ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਜਥੇਦਾਰ ਅਕਾਲ ਤਖਤ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੇ ਪਿੰਡ ਵੜੈਚ ਦੇ ਇਸ ਗੁਰਦੁਆਰੇ ਨੂੰ ਨੇਸਤੋਨਬੂਦ ਹੋਣ ਤੋਂ ਬਚਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ।
ਭਾਈ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਗਾਇਆ ਹੈ ਕਿ, ‘ਡੇਰਾ ਰਾਧਾ ਸੁਆਮੀ ਬਿਆਸ ਵਲੋਂ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਹਜ਼ਾਰਾ ਏਕੜ ਜ਼ਮੀਨ ਬੁਰਦ ਏ ਦਰਿਆ ਕਰ ਦਿੱਤੀ ਗਈ ਹੈ।’ ਉਹਨਾਂ ਦੱਸਿਆ ਕਿ ਪਿਛਲੇ 15-16 ਸਾਲਾਂ ਤੋਂ ਲਗਾਤਾਰ ਲ਼ਿਖਤੀ ਪੱਤਰ, ਪ੍ਰਿੰਟ ਤੇ ਇਲੈਕਟਰੋਨਿਕ ਮੀਡੀਆਂ ਰਾਹੀ ਦੁਹਾਈ ਦੇਣ ਦੇ ਨਾਲ ਨਾਲ ਹਾਈਕੋਰਟ ਦਾ ਵੀ ਦਰਵਾਜਾ ਖੜਕਾਇਆ ਜਾ ਚੁੱਕਾ ਹੈ ਪਰ ਕੋਈ ਇਨਸਾਫ ਨਹੀਂ ਮਿਲ ਰਿਹਾ। ਸਾਰੇ ਪ੍ਰਸ਼ਾਸ਼ਿਕ ਅਧਿਕਾਰੀ ਤੇ ਸਰਕਾਰੀ ਤੰਤਰ ਡੇਰੇ ਦੇ ਦਬਾਅ ਹੇਠ ਹਨ ਤੇ ਕੋਈ ਵੀ ਕਾਰਵਾਈ ਕਰਨ ਦੇ ਸਮੱਰਥ ਨਹੀਂ ਹੈ। ਗੁਰਦੁਆਰਾ ਬਾਰੇ ਆਰ ਆਈ ਟੀ ਤਹਿਤ ਮੰਗੀ ਗਈ ਜਾਣਕਾਰੀ ਵੀ ਗਲਤ ਦਿੱਤੀ ਜਾਂਦੀ ਹੈ। ਇਸ ਗੁਰਦੁਆਰੇ ਨੂੰ ਹਟਾਉਣ ‘ਤੇ ਢਾਹੁਣ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਵੀ ਹੈ ਪਰ ਫਿਰ ਵੀ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਪੱਬਾਂ ਭਾਰ ਹੈ ਪਰ ਮਸਲੇ ਦਾ ਕੋਈ ਹੱਲ ਨਹੀ ਕੀਤਾ ਜਾ ਰਿਹਾ ਹੈ। ਸਮੇਂ ਸਮੇਂ ਗੁਰਦੁਆਰਾ ਸਾਹਿਬ ਨੂੰ ਹਟਾਉਣ ਲਈ ਯਤਨ ਕੀਤੇ ਜਾਂਦੇ ਰਹੇ ਹਨ ਪਰ ਸੰਗਤਾਂ ਦੇ ਵਿਰੋਧ ਕਾਰਨ ਗੁਰਦੁਆਰਾ ਸਾਹਿਬ ਦਾ ਬਚਾਅ ਹੋ ਜਾਂਦਾ ਰਿਹਾ ਹੈ।
ਭਾਈ ਬਲਦੇਵ ਸਿੰਘ ਸਿਰਸਾ ਨੇ ਜਥੇਦਾਰ ਅਕਾਲ ਤਖਤ ਨੂੰ ਸੁਚੇਤ ਕਰਦਿਆਂ ਬੇਨਤੀ ਹੈ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਵਰਸੋਏ ਬਾਬਾ ਜੀਵਨ ਸਿੰਘ ਦੇ ਨਾਲ ਸਬੰਧਤ ਪਿੰਡ ਵੜੈਚ ਦੇ ਇਸ ਇਤਿਹਾਸਕ ਗੁਰਦੂਆਰੇ ਨੂੰ ਨੇਸਤੋਨਬੂਦ ਹੋਣ ਤੋਂ ਬਚਾਇਆ ਜਾਵੇ ਅਤੇ ਇਸ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾਣ।