Articles

ਰੱਬ ਨਾਲ ਦੋ ਕੁ ਗੱਲਾਂ  . . . !

ਲੇਖਕ: ਅੰਮ੍ਰਿਤ ਕੌਰ ਬਡਰੁੱਖਾਂ
ਸੰਗਰੂਰ।

ਜਦੋਂ ਵੀ ਕਿਸੇ ਗੱਲੋਂ ਔਖੀ ਸੌਖੀ ਹੁੰਦੀ ਉਹ ਮਨੋ ਮਨੀ ਰੱਬ ਨਾਲ ਗੱਲਾਂ ਕਰਦੀ। ਕਦੇ ਚਿਹਰੇ ਤੇ ਚਮਕ ਹੁੰਦੀ ਕਦੇ ਉਦਾਸੀ। ਅੱਜ ਵੀ ਉਹ ਰੱਬ ਨਾਲ ਗੱਲਬਾਤ ਕਰਨ ਲਈ ਬਾਹਰ ਵਿਹੜੇ ਵਿੱਚ ਆਈ ਤੇ ਹੋ ਗਈ ਸ਼ੁਰੂ….

” ਰੱਬ ਜੀ! ਸੱਚੀ ਮੇਰੀ ਜਾਨ ਬਹੁਤ ਔਖੀ ਐ…. ਬਿਨਾਂ ਸਿਰ ਪੈਰ ਦੀਆਂ ਗੱਲਾਂ ਤੋਂ ਹੁੰਦੇ ਕਲੇਸ਼ ਤੋਂ। ਕਲੇਸ਼ ਵੀ ਕੋਈ ਬਾਹਰਲਾ ਕਲੇਸ਼ ਥੋੜ੍ਹੀ ਐ ਅੰਦਰਲਾ ਕਲੇਸ਼ । ਇਹ ਵੀ ਨੀ ਕਿ ਕੋਈ ਬਾਹਵਾਂ ਕੱਢ ਕੇ ਲੜਦਾ । ਪਰ ਇਹ ਵੀ ਨਹੀਂ ਕਿ ਸਭ ਸ਼ਾਂਤ ਐ। ਬੰਦਾ ਕਰੇ ਤਾਂ ਕੀ ਕਰੇ। ਜੇ ਮੇਰੇ ਵਿੱਚ ਕੋਈ ਔਗੁਣ ਐ ਫਿਰ ਤੁਸੀਂ ਕਾਹਦੇ ਲਈ ਓ। ਜਦੋਂ ਮੈਂ ਰੋਜ਼ ਆਖਦੀ ਆਂ, ”  ਰੱਬ ਜੀ ਮੈਂ ਹਰ ਫਰਜ਼ ਇਮਾਨਦਾਰੀ ਨਾਲ ਨਿਭਾਉਣਾ ਚਾਹੁੰਦੀ ਹਾਂ, ਫਿਰ ਇਸ਼ਾਰਾ ਕਰ ਦਿਆ ਕਰੋ। ਮੈਨੂੰ ਕੀ ਕਰਨਾ ਚਾਹੀਦਾ ਐ। ਸਭ ਨੂੰ ਖੁਸ਼ ਕਰਨ ਲਈ। ਦੇਖੋ ਰੱਬ ਜੀ, ਤੁਹਾਡੇ ਕੋਲੋਂ ਤਾਂ ਕੁਝ ਨਹੀਂ ਲੁਕਿਆ ਹੋਇਆ। ਜਦੋਂ ਕੋਈ ਕੰਮ ਕਰਦੀ ਆਂ… ਹਰ ਕੰਮ ਵਿੱਚ ਤੁਹਾਨੂੰ ਸ਼ਾਮਲ ਕਰਦੀ ਹਾਂ। ਜਦੋਂ ਤੁਸੀਂ ਹਾਜ਼ਰ ਨਾਜ਼ਰ ਹੁੰਦੇ ਓ ਫਿਰ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਹੁਣ ਇੱਕ ਗੱਲ ਐ …..ਤੁਸੀਂ ਤਾਂ ਜਾਣੀ ਜਾਣ ਓ। ਊਂ ਤਾਂ ਹਰ ਬੰਦਾ ਇਹੀ ਸਮਝਦੈ ਕਿ ਉਸੇ ਦੀ ਭਾਵਨਾ ਬਾਕੀਆਂ ਨਾਲੋਂ ਉੱਤਮ ਐ। ਮੇਰੀ ਭਾਵਨਾ ਵੀ ਕਦੇ ਮਾੜੀ ਨਹੀਂ ਹੁੰਦੀ। ਇਹ ਤੁਸੀਂ ਵੀ ਜਾਣਦੇ ਓ। ਫਿਰ ਮੇਰੀ ਸੱਚੀ ਸੁੱਚੀ ਭਾਵਨਾ ਨੂੰ ਸਾਰੇ ਸਮਝਦੇ ਕਿਉਂ ਨਹੀਂ ? ਚਲੋ ਸਾਰਿਆਂ ਨੂੰ ਛੱਡੋ ਘੱਟੋ-ਘੱਟ ਮੇਰੀ ਧਰਮ ਦੀ ਮਾਂ ਦੇ ਮਨ ਵਿੱਚ ਮੇਰੇ ਲਈ ਭੋਰਾ ਕੁ ਪਿਆਰ ਜਗਾ ਦਿਓ ਤਾਂ ਕਿ ਰਹਿੰਦੀ ਜ਼ਿੰਦਗੀ ਚੈਨ ਨਾਲ ਕੱਟ ਜਾਵੇ। ਮੇਰੀ ਵੀ ਉਹਨਾਂ ਦੀ ਵੀ ਅਤੇ ਸਾਡੇ ਵਿੱਚ ਵਿਚਾਲੇ ਪਿਸਦੇ ਉਸ ਬੰਦੇ ਦੀ ਵੀ  । ਹੁਣ ਰੱਬ ਜੀ ਤੁਸੀਂ ਸੋਚਦੇ ਹੋਵੋਗੇ ਕਿ ਦੁਨੀਆਂ ਤਾਂ ਪਤੀ ਦਾ ਪਿਆਰ ਮੰਗਦੀ ਐ, ਮੈਂ ਸੱਸ ਦਾ ਪਿਆਰ ਮੰਗ ਰਹੀ ਆਂ। ਜੇ ਤੁਸੀਂ ਧਰਤੀ ਤੇ ਆ ਕੇ ਰਹੋ ਨਾ…. ਨੂੰਹ ਬਣਕੇ….. ਫਿਰ ਤੁਹਾਨੂੰ ਪਤਾ ਲੱਗੇ ਕਿ ਸਾਡੇ ਵਰਗੇ ਮੱਧਵਰਗੀ ਪਰਿਵਾਰਾਂ ਵਿੱਚ ਤਾਂ ਸੱਸ ਅਤੇ ਨੂੰਹ ਪਤੀ ਪਤਨੀ ਤੋਂ ਵੀ ਵੱਧ ਸਮਾਂ ‘ਕੱਠੀਆਂ ਰਹਿੰਦੀਆਂ ਨੇ। ਊਂ ਸਾਡੇ ਰਿਵਾਜ਼ ਤਾਂ ਨਹੀਂ ਜਨਮ ਕੁੰਡਲੀਆਂ ਮਿਲਾਉਣ ਦਾ….. ਪਰ ਮੈਨੂੰ ਲੱਗਦਾ ਲੋਕ ਸਹੀ ਕਹਿੰਦੇ ਨੇ ਜਿਹੜੇ ਘਰਾਂ ਵਿੱਚ ਸੱਸ ਨੂੰਹ  ਨੇ ‘ਕੱਠਿਆਂ ਰਹਿਣਾ ਹੁੰਦੈ ਯਾਨੀ ਕਿ ਅੱਡ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਉੱਥੇ ਪਰਿਵਾਰ ਵਿਚਲੇ ਮਰਦਾਂ ਦੇ ਭਲੇ ਲਈ …..ਸੱਸ ਨੂੰਹ ਦੀਆਂ ਜਨਮ ਕੁੰਡਲੀਆਂ ਜ਼ਰੂਰ ਮਿਲਾ ਲੈਣੀਆਂ ਚਾਹੀਦੀਆਂ ਨੇ। ਨਹੀਂ ਤਾਂ ਕੰਮ ਤੋਂ ਘਰ ਪਰਤਿਆ ਥੱਕਿਆ ਹਾਰਿਆ ਮਰਦ ਵਿਚਾਰਾ ਸਭ ਤੋਂ ਪਹਿਲਾਂ ਪਤਨੀ ਅਤੇ ਮਾਂ ਦੇ ਮੂੰਹ ਵੱਲ ਦੇਖਦਾ ਐ ਕਿ ਕਿਵੇਂ ਦੀਆਂ ਤਰੰਗਾਂ ਛੱਡਦੀਆਂ ਨੇ। ਨਜ਼ਰਾਂ ਤੋਂ ਹੀ ਪਤਾ ਚੱਲ ਜਾਂਦਾ। ਪਤਨੀ ਦੀਆਂ ਨਜ਼ਰਾਂ ਉਲ੍ਹਾਮਾ ਦਿੰਦੀਆਂ ਲੱਗਦੀਆਂ ਨੇ। ਮੂੰਹ ਦਾ ਮਰੋੜਨਾ ਦੱਸ ਦਿੰਦਾ ਐ ਕਿ ਪਿੱਛੋਂ ਕੋਈ ਨਾ ਕੋਈ ਭਾਣਾ ਵਾਪਰਿਆ ਹੋਊ ਜ਼ਰੂਰ। ਜਾਂ ਫਿਰ ਮਾਤਾ ਜੀ ਗਰਮੀ ਦੇ ਮੌਸਮ ਵਿੱਚ ਵੀ ਚਾਦਰ ਵਿੱਚ ਲਿਪਟ ਕੇ ਪਏ ਹੋਣਗੇ ਤੇ ਪੁੱਤਰ ਨੂੰ ਦੇਖ ਕੇ…. ਹੂੰਗਰ…. ਮਾਰਨ ਲੱਗ ਪੈਣਗੇ ਜਿਵੇਂ ਬੁਖ਼ਾਰ ਚੜ੍ਹਿਆ ਹੋਵੇ। ਬੁਖ਼ਾਰ ਤਾਂ ਭਾਵੇਂ ਨਾ ਚੜ੍ਹਿਆ ਹੋਵੇ ਪਰ ਬਲੱਡ ਪ੍ਰੈਸ਼ਰ ਜ਼ਰੂਰ ਉੱਪਰ ਹੇਠਾਂ ਹੋਇਆ ਹੁੰਦੈ। ਪਤਨੀ ਦੀ ਸ਼ਿਕਾਇਤ, ” ਤੇਰੀ ਮਾਂ ਨੇ ਮੈਨੂੰ ਆਹ ਕਿਹਾ ਅਹੁ ਕਿਹਾ ।”… ਅੱਲਮ ਗੱਲਮ ਗੱਲਾਂ ਦਾ ਨਾ ਕੋਈ ਸਿਰ ਨਾ ਪੈਰ।” ਮਾਂ ਦੀ ਸ਼ਿਕਾਇਤ, “ਤੂੰ ਨੀ ਝਿੜਕਦਾ ਏਹਨੂੰ…. ਸਿਰ ਚੜ੍ਹਾ ਰੱਖੀ ਐ।”… ਲਟਰਮ ਪਟਰਮ….. ਗੱਲਾਂ ਦਾ ਮੂੰਹ ਨਾ ਮੱਥਾ । ਪਤੀ ਦੇਵ ਜੀ ਜੇ ਤਾਂ ਸਿਆਣੇ ਹੁੰਦੇ ਨੇ ਫਿਰ ਤਾਂ ਦੋਵਾਂ ਨੂੰ ਟਿਕਿਆ ਲੈਂਦੇ ਨੇ… ਹਾਂ ਹੂੰ….. ਕਰ ਛੱਡਦੇ ਨੇ। ਜੇ ਡਰੋਕਲ ਹੋਣ ਤਾਂ ਆਉਣ ਸਾਰ ਚਾਹ ਦੀ ਘੁੱਟ ਪੀ ਕੇ ਸੌਂ ਜਾਂਦੇ ਨੇ ਜਾਂ ਫਿਰ ਸੌਣ ਦਾ ਬਹਾਨਾ ਕਰਦੇ ਨੇ। ਸ਼ਾਇਦ ਵਿੱਚ ਵਿੱਚ ਦੀ ਇੱਕ ਅੱਖ ਖੋਲ੍ਹ ਕੇ ਵੇਖ ਵੀ ਲੈੰਦੇ ਨੇ … ਮਾਂ ਤੇ ਪਤਨੀ ਦੇ ਸੁੱਜੇ ਮੂੰਹਾਂ ਨੂੰ। ਜਾਂ ਫਿਰ ਸਮਾਨ ਦੀ ਲਿਸਟ ਚੁੱਕੀ…. ਮਾਰ ਕੇ ਮੋਟਰਸਾਈਕਲ ‘ਤੇ ਕਿੱਕ ਸਮਾਨ ਲੈਣ ਤੁਰ ਪਏ। ਸ਼ਾਮ ਨੂੰ ਵਾਪਸੀ, ਫਿਰ ਸਮੇਂ ਨਾਲ ਰੋਟੀ ਖਾਧੀ ਤੇ ਸੌਂ ਗਏ। ਅਗਲੇ ਨੂੰ ਵੀ ਪਤਾ ਹੁੰਦੈ ਕਿ ਕਾਹਦੇ ਲਈ ਟੈਂਸ਼ਨ ਲੈਣੀ ਐ ਇਹਨਾਂ ਦੀ। ਇਹ ਤਾਂ ਜਦੋਂ ਕਿਸੇ ਸਾਂਝੇ ਵਿਰੋਧੀ ਦੀ ਨਿੰਦਿਆ ਚੁਗਲੀ ਕਰਨੀ ਹੋਵੇ ਮਿੰਟੋ ਮਿੰਟੀ ਇੱਕ ਹੋ ਜਾਣਗੀਆਂ।  ਆਹ ਦੇਖ ਲਵੋ ਵੱਡੇ ਲਾਣੇ ਵਾਲੀ ਬੇਬੇ ਨੇ ਆਪਣੇ ਲਈ ਨੂੰਹ ਛਾਂਟ ਕੇ ਲਈ ਐ ਸੁਹਣੀ ਸੁਨੱਖੀ ਪਰੀਆਂ ਵਰਗੀ ਜੇ ਕਿਤੇ ਸੱਸ ਨੂੰਹ ਦਾ ਤਿਲ ਫੁੱਲ ਜਿੰਨਾ ਝਗੜਾ ਹੋ ਜਾਂਦਾ ਤਾਂ ਮੁੰਡਾ ਆਖਦੈ, ” ਤੁਸੀਂ ਆਪੇ ਲਈ ਐ ਛਾਂਟ ਕੇ……ਅਖੇ ਸੁਹਣੀ ਲੈਣੀ ਐ, ਗੁਣ ਵੀ ਦੇਖ ਲੈਣੇ ਸੀ।” ਬੇਬੇ ਨੂੰ ਲੱਗਦੈ ਗੱਲ ਤਾਂ ਪੁੱਠੀ ਮੇਰੇ ‘ਤੇ ਹੀ ਆ ਪਈ। ਬਚਣ ਦਾ ਹੀਲਾ ਵੀ ਮਿੰਟਾਂ ਸਕਿੰਟਾਂ ਵਿੱਚ ਲੱਭ ਲੈਂਦੀ ਐ। ” ਚਲ ਕੋਈ ਨਾ ਪੁੱਤ, ਊਂ ਤਾਂ ਬਥੇਰੀ ਸਹੁਨਰੀ ਐ ਬੱਸ ਆਪਣੇ ਘਰ ਦਾ ਭੇਤ ਨੀ ਆਇਆ ਅਜੇ… … ਨਾਲੇ ਗੁਣਾਂ ਦਾ ਕਿਹੜਾ ਕੋਈ ਮੀਟਰ ਹੁੰਦੈ ਬਈ ਬੰਦਾ ਲਾ ਕੇ ਵੇਖ ਲਵੂ। … ਚਲ ਕੋਈ ਨਾ….ਇਹ ਤਾਂ ਮੂੰਹ ਮਰੋੜਦੀ ਵੀ ਸੁਹਣੀ ਲੱਗਦੀ ਐ। ਜੇ ਸੁਹਣੀ ਵੀ ਨਾ ਹੁੰਦੀ ਮੂੰਹ ਵੀ ਮਰੋੜਦੀ ਫਿਰ ਬਾਹਲ਼ਾ ਔਖਾ ਹੋ ਜਾਂਦਾ ਦੇਖਣਾ। “
ਓ ਹੋ ਰੱਬ ਜੀ!  ਮੈਂ ਵੀ ਕਿੰਨੀ ਕਮਲ਼ੀ ਆਂ ਗੱਲ ਕਿੱਧਰ ਦੀ ਕਿੱਧਰ ਲੈ ਗਈ। ਮੈਨੂੰ ਦੂਜੀਆਂ ਔਰਤਾਂ ਦਾ ਤਾਂ ਪਤਾ ਨਹੀਂ ਪਰ ਮੈਂ ਸ਼ਾਂਤੀ ਨਾਲ ਰਹਿਣਾ ਚਾਹੁੰਦੀ ਹਾਂ। ਕੋਈ ਰਾਹ ਵਿਖਾਓ, ਕੋਈ ਇਸ਼ਾਰਾ ਦਿਉ। ਫਰਜ਼ ਤਾਂ ਇਮਾਨਦਾਰੀ ਨਾਲ ਨਿਭਾਈ ਦੇ ਐ। ਪਰ ਨਿਭਾਏ ਫਰਜ਼ ਰਾਸ ਆ ਜਾਣ…. ਬਸ ਐਨੀ ਕੁ ਮਿਹਰ ਕਰ ਦਿਉ। ਰੱਬ ਜੀ! ਊਂ ਤਾਂ ਤੁਸੀਂ ਸਾਰੀਆਂ ਗੱਲਾਂ ਜਾਣਦੇ ਓ। ਪਰ ਦੇਖੋ …..ਹੁਣ ਜਿਵੇਂ ਮਾਤਾ ਜੀ ਬਿਮਾਰ ਨੇ ਉਹਨਾਂ ਦਾ ਢਿੱਡ ਦੁਖਦਾ, ਉਹ ਵੀ ਦਵਾਈ ਆ ਗਈ, ਢਿੱਡ ਨੂੰ ਅਫ਼ਾਰਾ, ਉਹ ਵੀ ਦਵਾਈ ਆ ਗਈ, ਗੋਡੇ ਮੋਢੇ ਦੁੱਖਦੇ ਨੇ, ਉਹ ਵੀ ਦਵਾਈ ਲੈ ਆਏ… ਕਾਲਜਾ ਖੁੱਸਦਾ…. ਚਿੱਤ ਘਾਊਂ ਮਾਊਂ ਹੁੰਦਾ… ਆਮ ਡਾਕਟਰਾਂ ਦੇ ਤਾਂ ਸਮਝ ਵਿੱਚ ਨਹੀਂ ਆਉਂਦਾ…. ਪਰ ਫਿਰ ਵੀ ਕਈ ਤੇਰਾ ਹੀ ਰੂਪ ਡਾਕਟਰ ਹੁੰਦੇ ਨੇ ਜੋ ਇਸ ਅਵੱਲੀ ਬਿਮਾਰੀ ਦੀ ਵੀ ਦਵਾਈ ਦੇ ਦਿੰਦੇ ਨੇ। ਪਰ ਹੁਣ ਇੱਕ ਸ਼ਿਕਾਇਤ  ਇਹ ਐ ਬਈ…. ਜੀਅ ਨਾ ਲੱਗਣ… ਦੀ ਦਵਾਈ ਵੀ ਕੋਈ ਹੁੰਦੀ ਐ ਭਲਾਂ ਜੀ। ਜੇ ਹੁੰਦੀ ਐ ਤਾਂ ਕੋਈ ਇਸ਼ਾਰਾ।’ ਗੱਲ ਅਜੇ ਚੱਲ ਹੀ ਰਹੀ  ਸੀ ਥੋੜ੍ਹਾ ਹਵਾ ਦਾ ਬੁੱਲਾ ਆਇਆ ਹਾਰ ਸ਼ਿੰਗਾਰ ਦੇ ਫੁੱਲ ਬਰਸਣ ਲੱਗੇ। ਰੱਬ ਦਾ ਧੰਨਵਾਦ ਕੀਤਾ ਕਿ ਜੀਅ ਲਵਾਉਣ ਦੀ ਦਵਾਈ ਵੀ ਦੱਸ ਦਿੱਤੀ। ਅੰਦਰ ਜਾ ਆਪਣੀ ਧਰਮ ਦੀ ਮਾਂ ਨੂੰ ਬਾਹਰ ਆ ਕੇ ਬੈਠਣ ਲਈ ਆਖਿਆ। ਮਾਤਾ ਜੀ ਪੰਜ ਸੱਤ ਵਾਰ ਕਹਿਣ ਤੇ ਮਸਾਂ ਬਾਹਰ ਆਏ। ਰੁੱਖਾਂ ਦੇ ਪੱਤੇ ਕੁੱਝ ਵਿਹੜੇ ਵਿੱਚ ਖਿਲਰੇ ਹੋਏ ਸਨ।
” ਤੁਸੀਂ ਆਲੇ ਦੁਆਲੇ ਦੇਖੋ ਕਿੰਨਾ ਜੀਅ ਲੱਗਦਾ… ਮਨ ਖੁਸ਼ ਹੋਊ ਥੋਡਾ ਵੀ। ” ਨੂੰਹ ਨੇ ਕਿਹਾ।
” ਮੈਂ ਕਿੰਨੀ ਵਾਰੀ ਕਿਹਾ ਐ ਕਿ ਦਰੱਖਤਾਂ ਦੀਆਂ ਟਾਹਣੀਆਂ ਵੱਢ ਦਿਉ… ਆਪਣੇ ਵਿਹੜੇ ‘ਚ ਕਿੰਨਾ ਗੰਦ ਪਾਉਂਦੀਆਂ ਨੇ। ਮੇਰਾ ਤਾਂ ਵਸ ਨੀ ਚੱਲਦਾ ਨਹੀਂ ਤਾਂ ਹੁਣ ਵੱਢ ਕੇ ਅਹੁ ਮਾਰਦੀ।” ਮਾਤਾ ਨੂੰ ਕਚੀਚੀ ਚੜ੍ਹ ਰਹੀ ਸੀ ਰੁੱਖਾਂ ਦੀਆਂ ਟਾਹਣੀਆਂ ‘ਤੇ । ਹੁਣ ਇਹ ਨਹੀਂ ਕੋਈ ਮੀਟਰ ਬਣਿਆ ਹੋਇਆ ਬਈ ਬੰਦਾ ਲਾ ਕੇ ਵੇਖ ਲਵੇ ਕਿ ਕਚੀਚੀ ਅਸਲ ਵਿੱਚ ਕਿਸ ਤੇ ਚੜ੍ਹੀ।
” ਰੱਬ ਜੀ! ਤੁਹਾਡਾ ਇਹ ਇਸ਼ਾਰਾ ਤਾਂ ਫੇਲ੍ਹ ਹੋ ਗਿਆ । ਇੱਕ ਗੱਲ ਜ਼ਰੂਰ ਮੰਨਣ ਵਾਲੀ ਐ ਕਿ ਜੇ ਅਸੀਂ ਕੁਦਰਤ ਦੀ ਖੂਬਸੂਰਤੀ ਨੂੰ ਮਾਣਦੇ ਆਂ ਤਾਂ ਹੋ ਹੀ ਨਹੀਂ ਸਕਦਾ ਕਿ ਮਨ ਨੂੰ ਖੁਸ਼ੀ ਤੇ ਸਕੂਨ ਨਾ ਮਿਲੇ। ਧੰਨਵਾਦ ਰੱਬ ਜੀ ! ਥੋਡੇ ਦਿੱਤੇ ਇਸ਼ਾਰੇ ਨਾਲ ਘੱਟੋ-ਘੱਟ ਮੇਰਾ ਤਾਂ ਜੀਅ ਖੁਸ਼ ਹੋ ਗਿਆ। ਬਾਕੀ ਤੇਰੀਆਂ ਤੂੰ ਹੀ ਜਾਣੇ। ਸਾਡੇ ਮਨਾਂ ਨੇ ਤਾਂ ਰੌਲ਼ਾ ਪਾਉਂਦੇ ਈ ਰਹਿਣਾ। ਇੱਕ ਗੱਲ ਹੋਰ ਰੱਬ ਜੀ…. ਮੈਨੂੰ ਆਪਣਾ ਆਪ ਕਦੇ ਗਲਤ ਕਿਉਂ ਨਹੀਂ ਲੱਗਦਾ? ਮੈਨੂੰ ਲੱਗਦਾ ਸਾਰਿਆਂ ਨੂੰ ਆਪਣਾ ਆਪ ਕਦੇ ਗਲਤ ਨਹੀਂ ਲੱਗਦਾ… ਦੂਜੇ ਹੀ ਗਲਤ ਲੱਗਦੇ ਨੇ ਸਭ ਨੂੰ। ਕਿਤੇ ਇਹੀ ਤਾਂ ਨਹੀਂ ਸਾਰੇ ਦੁੱਖਾਂ ਕਲੇਸ਼ਾਂ ਦਾ ਕਾਰਨ ? ਊਂ ਗੱਲ ਹੈ ਤਾਂ ਸੋਚਣ ਵਾਲੀ ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin