ਲਹਿਰਾ/ਮੂਨਕ/ਸੰਗਰੂਰ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਲਹਿਰਾ ਤੋਂ ਵਿਧਾਇਕ ਬਰਿੰਦਰ ਗੋਇਲ ਵੱਲੋਂ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 84.36 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਪਿੰਡ ਕੜੈਲ ਦੇ ਸਰਕਾਰੀ ਮਿਡਲ ਸਕੂਲ ਵਿੱਚ ਮਾਨ ਸਰਕਾਰ ਵੱਲੋਂ 33.03 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਵਾਧੂ ਕਮਰੇ, ਚਾਰਦਿਵਾਰੀ ਅਤੇ ਪਖਾਨਿਆਂ ਵਾਲੇ ਬਲਾਕ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਮੰਤਰੀ ਗੋਇਲ ਵੱਲੋਂ ਸਰਕਾਰੀ ਮਿਡਲ ਸਕੂਲ ਆਲਮਪੁਰ ਵਿਖੇ 23.90 ਲੱਖ ਰੁਪਏ ਦੀ ਲਾਗਤ ਨਾਲ ਵਾਧੂ ਕਮਰਿਆਂ ਤੇ ਚਾਰਦਿਵਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿਖੇ 19.73 ਲੱਖ ਰੁਪਏ ਦੀ ਲਾਗਤ ਨਾਲ ਸਪੋਰਟ ਟਰੈਕ, ਚਾਰਦਿਵਾਰੀ ਅਤੇ ਲੜਕੇ-ਲੜਕੀਆਂ ਲਈ ਵੱਖੋ-ਵੱਖਰੇ ਪਖਾਨਿਆਂ ਦੇ ਬਲਾਕਾਂ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਸਰਕਾਰੀ ਹਾਈ ਸਕੂਲ ਅਲੀਸ਼ੇਰ ਵਿਖੇ 7.70 ਲੱਖ ਰੁਪਏ ਦੀ ਲਾਗਤ ਨਾਲ ਮੁੜ ਉਸਾਰੀ ਚਾਰਦਿਵਾਰੀ ਅਤੇ ਪਖਾਨਿਆਂ ਵਾਲੇ ਬਲਾਕ ਦਾ ਉਦਘਾਟਨ ਕੀਤਾ। ਇਨ੍ਹਾਂ ਸਮਾਗਮਾਂ ਦੌਰਾਨ ਕੈਬਨਿਟ ਮੰਤਰੀ ਗੋਇਲ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਨੂੰ ਤਰਜੀਹੀ ਖੇਤਰਾਂ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੂਰੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚੇ ਪੱਖੋਂ ਨੁਹਾਰ ਬਦਲਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਭਵਿੱਖ ਵਿੱਚ ਬਹੁਤ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ ਕਿਉਂਕਿ ਇਸ ਸਾਲ ਸਰਕਾਰੀ ਸਕੂਲਾਂ ਦੇ ਲਗਭਗ 200 ਵਿਦਿਆਰਥੀਆਂ ਨੇ ਜੇ.ਈ.ਈ. ਦਾ ਟੈਸਟ ਪਾਸ ਕਰਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਸਕੂਲਾਂ ਵਿੱਚ ਪੂਰੇ ਪਾਰਦਰਸ਼ੀ ਢੰਗ ਨਾਲ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੀ ਵਾਹ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਜੋ ਪੱਛੜ ਗਏ ਸਨ ਹੁਣ ਮੁੜ ਆਧੁਨਿਕਤਾ ਦੀ ਲੀਹ ਤੇ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਤੋਂ ਅਧਿਆਪਕਾਂ ਦੀ ਪੱਕੀ ਭਰਤੀ ਕਰਨੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਹੀ ਅੱਜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਸਹੂਲਤਾਂ ਉਪਲਬਧ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ, ਡੀ.ਐਸ.ਪੀ. ਗੁਰਿੰਦਰ ਸਿੰਘ ਬੱਲ, ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਬਲਾਕ ਨੋਡਲ ਅਫ਼ਸਰ ਮੂਨਕ ਅਰੁਣ ਗਰਗ, ਬਲਾਕ ਨੋਡਲ ਅਫ਼ਸਰ ਦਿਲਦੀਪ ਕੌਰ, ਪ੍ਰਿੰਸੀਪਲ ਅਨਿਲ ਜੈਨ, ਰਾਕੇਸ਼ ਕੁਮਾਰ ਸਰਕਾਰੀ ਹਾਈ ਸਕੂਲ ਅਲੀਸ਼ੇਰ, ਕਿਰਨਦੀਪ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ, ਅਵਤਾਰ ਸਿੰਘ ਸਕੂਲ ਮੁਖੀ ਸਰਕਾਰੀ ਮਿਡਲ ਸਕੂਲ ਆਲਮਪੁਰ, ਅਮਨ ਸਿੰਘ ਸਕੂਲ ਮੁਖੀ ਸਰਕਾਰੀ ਮਿਡਲ ਸਕੂਲ ਕੜੈਲ, ਸੰਦੀਪ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ, ਪੀ.ਏ. ਰਾਕੇਸ਼ ਗੁਪਤਾ, ਬੂਟਾ ਸਿੰਘ ਆਲਮਪੁਰ, ਮਨਜੀਤ ਸਿੰਘ, ਗੁਰਲਾਲ ਸਿੰਘ ਸਰਪੰਚ ਬਖੋਰਾ ਕਲਾਂ ਬਹਾਦਰ ਸਿੰਘ ਬਖੋਰਾ, ਮਨਜੀਤ ਸਿੰਘ ਸਰਪੰਚ ਅਲੀਸ਼ੇਰ, ਕਾਕਾ ਸਿੰਘ ਅਲੀਸ਼ੇਰ, ਸਾਰਜ ਸਿੰਘ ਸਰਪੰਚ ਕੜੈਲ, ਰਿੰਕੂ ਸਿੰਘ ਕੁਦਨੀ, ਨੱਛਤਰ ਰਾਊ ਐਮ ਸੀ ਮੂਨਕ, ਬਲਵੀਰ ਸੈਣੀ, ਰਾਜਵੀਰ ਸਿੰਘ ਸਰਪੰਚ ਸੁਰਜਨ ਭੈਣੀ, ਗੁਰਲਾਲ ਸਿੰਘ ਸਾਬਕਾ ਵਾਈਸ ਪਧਾਨ ਨਗਰ ਕੌਂਸਲ ਲਹਿਰਾ, ਸਕੂਲਾਂ ਦਾ ਸਟਾਫ਼, ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਹਾਜ਼ਰ ਸਨ।