Punjab

‘ਲਿਬਾਸ-ਦ-ਡਿਜ਼ਾਈਨਰਜ਼ ਕਰਿਏਸ਼ਨ-2025’ ਪ੍ਰਦਰਸ਼ਨੀ ਲਗਾਈ ਗਈ

ਖ਼ਾਲਸਾ ਕਾਲਜ ਵਿਖੇ ਲਗਾਈ ਪ੍ਰਦਰਸ਼ਨੀ ਦੌਰਾਨ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੂੰ ਪੌਦਾ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ ਸ੍ਰੀਮਤੀ ਜਸਮੀਤ ਕੌਰ ਅਤੇ ਨਾਲ ਹੋਰ ਸਟਾਫ਼।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ‘ਲਿਬਾਸ-ਦ-ਡਿਜ਼ਾਈਨਰਜ਼ ਕਰਿਏਸ਼ਨ-2025’ ਪ੍ਰਦਰਸ਼ਨੀ ਲਗਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਹੇਠ ਉਕਤ ਪ੍ਰਦਰਸ਼ਨੀ ਦਾ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ। ਇਸ ਪ੍ਰਦਰਸ਼ਨੀ ’ਚ ਵਿਸਾਖੀ ਦੇ ਤਿਉਹਾਰ ਨਾਲ ਸਬੰਧਿਤ ਵਿਦਿਆਰਥੀਆਂ ਦੁਆਰਾ ਕੀਤੇ ਗਏ ਲਹਿੰਗੇ, ਫੁਲਕਾਰੀਆਂ, ਸੂਟ-ਦੁੱਪਟੇ, ਗੋਟੇ, ਪਰਾਂਦੇ, ਪੱਖੀਆਂ ਆਦਿ ਨੂੰ ਲਗਾਇਆ ਗਿਆ।

ਇਸ ਮੌਕੇ ਡਾ. ਮਹਿਲ ਸਿੰਘ ਨੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਵਿਦਿਆਰਥੀਆਂ ਨੂੰ ਜਿੱਥੇ ਉਕਤ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ, ਉੱਥੇ ਉਨ੍ਹਾਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਨਸਾਨ ਦਾ ਸਭ ਤੋਂ ਅਹਿਮ ਤੇ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਸੱਭਿਅਤਾ ਅਤੇ ਵਿਰਸੇ ਦੀ ਰਾਖੀ ’ਤੇ ਪਹਿਰਾ ਦੇਵੇ ਅਤੇ ਆਪਣੀ ਲੋਕਚਾਰੀ ਅਤੇ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਰਹੇ। ਕਿਉਂਕਿ ਅੱਜ ਦੇ ਅਤਿ-ਆਧੁਨਿਕ ਯੁੱਗ ’ਤੇ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿਸ ਨੂੰ ਅਜੋਕੇ ਸਮੇਂ ’ਚ ਆਪਣੇ ਵਿਰਸੇ ਅਤੇ ਸੱਭਿਅਤਾ ਨਾਲ ਜੋੜ੍ਹਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀ ਆਪਣੀ ਵਿਰਾਸਤ ਤੋਂ ਪੱਛੜ ਗਏ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਆ ਜਾਵੇਗੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੀਆਂ ਕਲਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੇ ਕੰਮ ’ਚ ਹੋਰ ਅਗਾਂਹ ਵੱਧਣ ਲਈ ਉਤਸ਼ਾਹਿਤ ਕੀਤਾ।

ਇਸ ਤੋਂ ਪਹਿਲਾਂ ਡਾ. ਰੰਧਾਵਾ ਅਤੇ ਵਿਭਾਗ ਮੁੱਖੀ ਸ੍ਰੀਮਤੀ ਜਸਮੀਤ ਕੌਰ ਨੇ ਡਾ. ਮਹਿਲ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਪ੍ਰਦਰਸ਼ਨੀ ’ਚ ਬਲਾਕ ਪ੍ਰਿੰਟਿੰਗ ਤਕਨੀਕਾਂ, ਛੱਝ, ਕਣਕ ਦੀਆਂ ਪੋਸ਼ਾਕਾਂ, ਛਿੱਕੂ, ਕਢਾਈਆਂ, ਲਹਿੰਗੇ, ਫੁਲਕਾਰੀਆਂ, ਸੂਟ-ਦੁੱਪਟੇ, ਗੋਟੇ, ਪੱਖੀਆਂ, ਹੈਂਡ-ਪੇਂਟ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।

ਇਸ ਮੌਕੇ ਡਾ. ਰੰਧਾਵਾ ਨੇ ਕਲਗੀਧਰ ਪਿਤਾ ਜੀ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਮੇਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ ਦੀ ਗੌਰਵ ਗਾਥਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀ ਵਿਰਸੇ ਦੀ ਹੋਂਦ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਅਜੋਕੇ ਸਮੇਂ ਦੀ ਰਫ਼ਤਾਰ ਨੇ ਇਨ੍ਹਾਂ ਮੇਲਿਆਂ ਨੂੰ ਸਿਰਫ਼ ਪੁਸਤਕਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ, ਜਿਸ ਦੇ ਅੱਖੀਂ ਡਿੱਠੇ ਨਜ਼ਾਰਿਆਂ ਤੋਂ ਨੌਜਵਾਨ ਪੀੜ੍ਹੀ ਬਿਲਕੁਲ ਵੀ ਵਾਕਿਫ਼ ਨਹੀਂ ਹੈ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਣ ਰੱਖਣ ਲਈ ਸਮੇਂ-ਸਮੇਂ ’ਤੇ ਅਜਿਹੇ ਤਿਉਹਾਰ ਤੇ ਮੇਲੇ ਜਰੂਰ ਮਨਾਉਣੇ ਚਾਹੀਦੇ ਹਨ।

ਇਸ ਮੌਕੇ ਡਾ. ਰੰਧਾਵਾ ਨਾਲ ਮਿਲ ਕੇ ਸ੍ਰੀਮਤੀ ਜਸਮੀਤ ਕੌਰ ਨੇ ਡਾ. ਮਹਿਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕਰਨ ਉਪਰੰਤ ਸਮੂੰਹ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਸਬੰਧਿਤ ਵਿਭਾਗੀ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਸਫ਼ਲ ਹੋ ਸਕਿਆ ਹੈ।

Related posts

ਗਮਾਡਾ ਵਲੋਂ ਲੈਂਡ-ਪੂਲਿੰਗ ਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 30 ਸਤੰਬਰ !

admin

ਸ਼੍ਰੋਮਣੀ ਕਮੇਟੀ ਵਲੋਂ ਏਆਈ ਟੂਲਸ ਰਾਹੀਂ ਗੁਰਬਾਣੀ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ !

admin

ਪੁਲਿਸ ਦੀ ਮੁਅੱਤਲ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਭਗੌੜੀ ਕਰਾਰ !

admin